ਘਰ ਦੇ ਵਿਹੜੇ ’ਚ ਅੱਗ ਸੇਕ ਰਹੇ ਪਿਓ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ
Tuesday, Jan 03, 2023 - 09:17 PM (IST)
ਸਮਾਣਾ (ਦਰਦ, ਅਸ਼ੋਕ) : ਮੰਗਲਵਾਰ ਤੜਕੇ-ਸਵੇਰੇ ਸ਼ਹਿਰ ਦੀ ਮਲਕਾਨਾ ਪੱਤੀ ਦੇ ਇਕ ਘਰ ਦੇ ਵਿਹੜੇ ’ਚ ਅੱਗ ਸੇਕਦੇ ਸਮੇਂ ਪਾਏ ਗਏ ਪੈਟਰੋਲ ਕਾਰਨ ਭੜਕੀ ਅੱਗ ’ਚ ਪਿਤਾ-ਪੁੱਤਰ ਦੇ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : PM ਮੋਦੀ ਨੇ ਬ੍ਰਿਟੇਨ ਦੇ ਰਾਜਾ ਚਾਰਲਸ III ਨਾਲ ਫੋਨ 'ਤੇ ਕੀਤੀ ਗੱਲ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਝੁਲਸੇ ਵਿਅਕਤੀਆਂ ’ਚ ਸ਼ੰਕਰ ਰਾਮ ਅਤੇ ਉਸ ਦਾ ਪੁੱਤਰ ਤਿਲਕ ਰਾਮ ਨਿਵਾਸੀ ਮਲਕਾਨਾ ਪੱਤੀ ਸ਼ਾਮਲ ਹੈ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਦੀ ਕਾਰਨ ਸ਼ੰਕਰ ਰਾਮ ਆਪਣੇ ਪੁੱਤਰ ਤਿਲਕ ਰਾਮ ਨਾਲ ਹੱਥ ਸੇਕਣ ਲਈ ਘਰ ’ਚ ਅੱਗ ਬਾਲਣ ਦੀ ਕੋਸ਼ਿਸ਼ ਕਰ ਰਹੇ ਸਨ। ਸਹੀ ਤਰੀਕੇ ਨਾਲ ਅੱਗ ਨਾ ਚੱਲਣ ਕਾਰਨ ਪੁੱਤਰ ਨੇ ਘਰ ’ਚ ਰੱਖੀ ਪੈਟਰੋਲ ਦੀ ਬੋਤਲ ਨੂੰ ਮਿੱਟੀ ਦਾ ਤੇਲ ਸਮਝ ਕੇ ਅੱਗ ’ਚ ਪਾ ਦਿੱਤਾ, ਜਿਸ ਨਾਲ ਅੱਗ ਇਕਦਮ ਭੜਕ ਗਈ। ਭੜਕੀ ਅੱਗ ਨੇ ਤਿਲਕ ਰਾਮ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਉਹ ਝੁਲਸ ਗਿਆ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਸੇਵਾ ਕੇਂਦਰ ਦਾ ਸੀਨੀਅਰ ਮੁਲਾਜ਼ਮ ਰੰਗੇ ਹੱਥੀਂ ਕਾਬੂ
ਆਪਣੇ ਪੁੱਤਰ ਨੂੰ ਝੁਲਸਿਆ ਦੇਖ ਸ਼ੰਕਰ ਰਾਮ ਨੇ ਅੱਗ ਬਝਾਉਣ ਲਈ ਬਲਦੀਆਂ ਲੱਕੜਾਂ ’ਤੇ ਜਦੋਂ ਲੱਤ ਮਾਰੀ ਤਾਂ ਅੱਗ ਹੋਰ ਭੜਕ ਗਈ। ਉਸ ਨੂੰ ਵੀ ਅੱਗ ਨੇ ਆਪਣੀ ਲਪੇਟ ’ਚ ਲੈ ਲਿਆ। ਪਰਿਵਾਰਕ ਮੈਂਬਰਾਂ ਨੇ ਪਿਤਾ-ਪੁੱਤਰ ਨੂੰ ਲੱਗੀ ਅੱਗ ਨੂੰ ਬੁਝਾਇਆ ਅਤੇ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ਦੇ ਮੈਡੀਕਲ ਅਫਸਰ ਅਨੁਸਾਰ ਪੁੱਤਰ 50 ਫੀਸਦੀ ਅਤੇ ਪਿਤਾ 30 ਫੀਸਦੀ ਤੋਂ ਵਧ ਝੁਲਸ ਗਏ ਹਨ।