ਹਥਿਆਰਾਂ ਦੀ ਨੋਕ ''ਤੇ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਬੇਪਰਦ; 1 ਕਾਬੂ, 3 ਫਰਾਰ
Thursday, Apr 05, 2018 - 04:52 AM (IST)

ਅੰਮ੍ਰਿਤਸਰ, (ਸੰਜੀਵ)- ਦਿਹਾਤੀ ਪੁਲਸ ਤੇ ਸਮੱਗਲਰਾਂ 'ਚ ਹੋਏ ਮੁਕਾਬਲੇ ਦਾ ਇਕ ਪਹਿਲੂ ਇਹ ਵੀ ਸਾਹਮਣੇ ਆਇਆ, ਜਿਸ ਵਿਚ ਜ਼ਿਲਾ ਪੁਲਸ ਨੇ ਪਿਛਲੀ ਦੁਪਹਿਰ ਹਥਿਆਰਾਂ ਦੇ ਜ਼ੋਰ 'ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਗਿਰੋਹ ਦੇ ਇਕ ਮੈਂਬਰ ਜੋਬਨਪ੍ਰੀਤ ਸਿੰਘ ਉਰਫ ਜੋਬਨ ਨਿਵਾਸੀ ਨੰਗਲੀ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਕਬਜ਼ੇ 'ਚੋਂ 32 ਬੋਰ ਦਾ ਇਕ ਪਿਸਟਲ, 2 ਜ਼ਿੰਦਾ ਕਾਰਤੂਸ, ਇਕ ਮੋਟਰਸਾਈਕਲ ਅਤੇ ਇਕ ਕਾਰ ਬਰਾਮਦ ਹੋਈ। ਗ੍ਰਿਫਤਾਰ ਕੀਤੇ ਗਏ ਜੋਬਨਪ੍ਰੀਤ ਦੀ ਨਿਸ਼ਾਨਦੇਹੀ 'ਤੇ ਉਸ ਦੇ ਸਾਥੀ ਸਿਕੰਦਰ ਸਿੰਘ, ਅਜਮੇਰ ਸਿੰਘ ਤੇ ਢੀਲੂ ਨਿਵਾਸੀ ਫਤਿਹਗੜ੍ਹ ਚੂੜੀਆਂ ਰੋਡ 'ਤੇ ਵੀ ਪਰਚਾ ਦਰਜ ਕੀਤਾ ਗਿਆ ਹੈ।
ਥਾਣਾ ਸਦਰ ਦੀ ਪੁਲਸ ਜੋਬਨਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਰਿਮਾਂਡ 'ਤੇ ਲੈ ਕੇ ਆਈ, ਜਦੋਂ ਕਿ ਦੂਜੀ ਦੇਰ ਰਾਤ ਜੋਬਨਪ੍ਰੀਤ ਦੇ ਸਾਥੀ ਸਿਕੰਦਰ ਸਿੰਘ ਦਾ ਦਿਹਾਤੀ ਪੁਲਸ ਨਾਲ ਮੁਕਾਬਲਾ ਹੋ ਗਿਆ, ਜਿਸ ਵਿਚ ਦੋਵੇਂ ਪਾਸਿਓਂ ਦਰਜਨਾਂ ਰਾਊਂਡ ਫਾਇਰ ਕੀਤੇ ਗਏ। ਮੁਕਾਬਲੇ ਦੌਰਾਨ ਸਿਕੰਦਰ ਮੌਕੇ ਤੋਂ ਭੱਜ ਨਿਕਲਿਆ। ਦਿਹਾਤੀ ਅਤੇ ਅੰਮ੍ਰਿਤਸਰ ਪੁਲਸ ਆਪਣਾ ਆਪ੍ਰੇਸ਼ਨ ਚਲਾ ਰਹੀ ਸੀ, ਜਿਸ ਵਿਚ ਥਾਣਾ ਸਦਰ ਦੀ ਪੁਲਸ ਦੇ ਹੱਥ ਜੋਬਨਪ੍ਰੀਤ ਤਾਂ ਲੱਗ ਗਿਆ ਪਰ ਸਿਕੰਦਰ ਦਿਹਾਤੀ ਪੁਲਸ ਨੂੰ ਚਕਮਾ ਦੇ ਫਰਾਰ ਹੋ ਗਿਆ।
ਇਸ ਸਬੰਧੀ ਏ. ਡੀ. ਸੀ. ਪੀ. ਲਖਬੀਰ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਦੇ ਆਧਾਰ 'ਤੇ ਜੋਬਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 32 ਬੋਰ ਦਾ ਇਕ ਪਿਸਟਲ, 2 ਜ਼ਿੰਦਾ ਕਾਰਤੂਸ, ਇਕ ਮੋਟਰਸਾਈਕਲ ਤੇ ਇਕ ਕਾਰ ਬਰਾਮਦ ਕੀਤੀ ਗਈ ਹੈ। ਪੁਲਸ ਨੇ ਜੋਬਨਪ੍ਰੀਤ ਦੀ ਨਿਸ਼ਾਨਦੇਹੀ 'ਤੇ ਉਸ ਦੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਸੀ, ਜਦੋਂ ਕਿ ਦੇਰ ਰਾਤ ਜੋਬਨ ਦੇ ਸਾਥੀ ਸਿਕੰਦਰ ਦਾ ਦਿਹਾਤੀ ਪੁਲਸ ਨਾਲ ਆਹਮੋ-ਸਾਹਮਣਾ ਹੋਇਆ। ਇਸ ਦੌਰਾਨ ਦੋਵੇਂ ਪਾਸਿਓਂ ਫਾਇਰਿੰਗ ਹੋਈ ਸੀ।