ਮਨੀ ਟਰਾਂਸਫਰ ਦਫਤਰ ''ਚ ਲੁੱਟ ਦਾ ਮਾਮਲਾ, ਮੁਲਜ਼ਮਾਂ ਨੂੰ ਫੜਨ ਲਈ ਜਨਤਾ ਤੋਂ ਮਦਦ ਮੰਗੀ

Monday, Apr 02, 2018 - 07:51 AM (IST)

ਮਨੀ ਟਰਾਂਸਫਰ ਦਫਤਰ ''ਚ ਲੁੱਟ ਦਾ ਮਾਮਲਾ, ਮੁਲਜ਼ਮਾਂ ਨੂੰ ਫੜਨ ਲਈ ਜਨਤਾ ਤੋਂ ਮਦਦ ਮੰਗੀ

ਮੋਹਾਲੀ/ਖਰੜ (ਕੁਲਦੀਪ, ਅਮਰਦੀਪ) - ਦੋ ਦਿਨ ਪਹਿਲਾਂ ਖਰੜ ਵਿਚ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੇ ਦਫਤਰ ਵਿਚ ਪਿਸਤੌਲ ਦੀ ਨੋਕ 'ਤੇ ਲੁੱਟ ਕਰਨ ਵਾਲੇ ਮੁਲਜ਼ਮ ਫਿਲਹਾਲ ਪੁਲਸ ਦੇ ਹੱਥ ਨਹੀਂ ਆਏ ਹਨ । ਪੁਲਸ ਨੇ ਮੁਲਜ਼ਮਾਂ ਨੂੰ ਫੜਨ ਲਈ ਜਨਤਾ ਤੋਂ ਸਹਿਯੋਗ ਮੰਗਿਆ ਹੈ, ਜਿਸ ਲਈ ਪੁਲਸ ਨੇ ਨੇੜੇ-ਤੇੜੇ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕੱਢ ਕੇ ਵਟਸਐਪ ਗਰੁੱਪਾਂ 'ਚ ਅਪਲੋਡ ਕੀਤੀ ਹੈ ।
ਡੀ. ਐੱਸ. ਪੀ. ਖਰੜ ਦੀਪ ਕਮਲ ਵਲੋਂ ਮੀਡੀਆ ਦੇ ਇਕ ਵਟਸਐਪ ਗਰੁੱਪ 'ਤੇ ਸ਼ੱਕੀ ਲੋਕਾਂ ਦੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀਆਂ 6 ਫੋਟੋਆਂ ਅਪਲੋਡ ਕੀਤੀਆਂ ਗਈਆਂ ਹਨ । ਇਨ੍ਹਾਂ ਫੋਟੋਆਂ ਵਿਚ ਸੀ. ਸੀ. ਟੀ. ਵੀ. ਦੀ ਫੁਟੇਜ ਮੁਤਾਬਕ ਇਕ ਨੌਜਵਾਨ ਨੇ ਟੋਪੀ ਅਤੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ । ਇਕ ਨੌਜਵਾਨ ਨੇ ਮੂੰਹ 'ਤੇ ਰੁਮਾਲ ਬੰਨ੍ਹਿਆ ਹੋਇਆ ਸੀ ਤੇ ਦੋ ਨੇ ਹੈਲਮੇਟ ਪਾਏ ਹੋਏ ਸਨ । ਹੈਲਮੇਟ ਪਾਈ ਦੋ ਨੌਜਵਾਨ ਇਕ ਮੋਟਰਸਾਈਕਲ 'ਤੇ ਸਨ, ਜਿਨ੍ਹਾਂ ਵਿਚੋਂ ਪਿੱਛੇ ਬੈਠੇ ਨੌਜਵਾਨ ਕੋਲ ਇਕ ਪਿੱਠੂ ਬੈਗ ਵੀ ਹੈ ।  
ਇਸ ਨੰਬਰ 'ਤੇ ਮੰਗੀ ਜਾਣਕਾਰੀ
ਡੀ. ਐੱਸ. ਪੀ. ਵਲੋਂ ਵਟਸਐਪ ਗਰੁੱਪਾਂ 'ਤੇ ਫੁਟੇਜ ਦੇ ਨਾਲ-ਨਾਲ ਇਕ ਮੋਬਾਇਲ ਫੋਨ ਨੰਬਰ '8558833110' ਵੀ ਅਪਲੋਡ ਕੀਤਾ ਹੈ । ਉਨ੍ਹਾਂ ਅੱਜ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਸ ਮੋਬਾਇਲ ਫੋਨ ਨੰਬਰ 'ਤੇ ਪੁਲਸ ਨੂੰ ਲੁਟੇਰਿਆਂ ਬਾਰੇ ਜਾਣਕਾਰੀ ਦੇ ਕੇ ਪੁਲਸ ਦੀ ਮਦਦ ਕੀਤੀ ਜਾਵੇ, ਤਾਂ ਕਿ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ । ਉਨ੍ਹਾਂ ਇਸ ਫੁਟੇਜ ਨੂੰ ਹੋਰ ਵਟਸਐਪ ਗਰੁੱਪਾਂ ਤੇ ਫੇਸਬੁੱਕ ਆਦਿ 'ਤੇ ਵੀ ਅਪਲੋਡ ਕਰਨ ਲਈ ਕਿਹਾ ਹੈ ।
ਪਿਸਤੌਲ ਦੀ ਨੋਕ 'ਤੇ ਹੋਈ ਸੀ ਲੁੱਟ
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪੁਰਾਣੀ ਸੰਨੀ ਇਨਕਲੇਵ ਖਰੜ-ਚੰਡੀਗੜ੍ਹ ਮੁੱਖ ਰਸਤੇ ਦੇ ਨੇੜੇ ਮੇਨ ਮਾਰਕੀਟ ਵਿਚ ਦੋ ਮੋਟਰਸਾਈਕਲਾਂ 'ਤੇ ਆਏ ਚਾਰ ਨੌਜਵਾਨ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੇ ਦਫਤਰ ਵਿਚ ਦਾਖਲ ਹੋਏ ਤੇ ਪਿਸਤੌਲ ਦੀ ਨੋਕ 'ਤੇ 4.72 ਲੱਖ ਰੁਪਏ ਤੇ 10 ਹਜ਼ਾਰ ਡਾਲਰ ਲੁੱਟ ਕੇ ਫਰਾਰ ਹੋ ਗਏ । ਲੁਟੇਰੇ ਦਫਤਰ ਵਿਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਨਾਲ ਲੈ ਗਏ ਸਨ ।


Related News