ਅੰਮ੍ਰਿਤਸਰ ਤੋਂ ਬਠਿੰਡਾ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਲੁੱਟੀ

Saturday, Jan 20, 2024 - 06:43 PM (IST)

ਅੰਮ੍ਰਿਤਸਰ ਤੋਂ ਬਠਿੰਡਾ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਲੁੱਟੀ

ਗੋਨਿਆਣਾ ਮੰਡੀ (ਗੋਰਾ ਲਾਲ) : ਗੋਨਿਆਣਾ ਮੰਡੀ ਨੇੜੇ ਲੁਟੇਰਿਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਲੁੱਟ ਲਈ। ਚਾਰ ਲੁਟੇਰੇ ਤੇਜ਼ਧਾਤਰ ਹਥਿਆਰਾਂ ਦੀ ਨੋਕ ’ਤੇ ਕੰਡੈਕਟਰ ਤੋਂ ਨਕਦੀ ਵਾਲਾ ਬੈਗ ਅਤੇ ਟਿਕਟਾਂ ਕੱਟਣ ਵਾਲੀ ਮਸ਼ੀਨ ਖੋਹ ਕੇ ਲੈ ਗਏ। ਥਾਣਾ ਨੇਹੀਆਂ ਵਾਲਾ ਦੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਕਰੀਬ 12 ਵਜੇ ਬਠਿੰਡਾ ਡਿਪੂ ਦੀ ਬੱਸ ਜਦੋਂ ਸ੍ਰੀ ਅੰਮ੍ਰਿਤਸਰ ਤੋਂ ਬਠਿੰਡਾ ਵਾਪਸ ਆ ਰਹੀ ਸੀ ਤਾਂ ਗੋਨਿਆਣਾ ਮੰਡੀ ਨੇੜੇ ਬੱਸ ’ਚ ਸਵਾਰ ਚਾਰ ਅਣਪਛਾਤੇ ਲੁਟੇਰਿਆਂ ਨੇ ਬੱਸ ਦੇ ਕੰਡਕਟਰ ਅਤੇ ਡਰਾਈਵਰ ਨੂੰ ਚਾਕੂ ਦਿਖਾ ਕੇ ਰੋਕ ਲਿਆ ਅਤੇ ਪੈਸਿਆਂ ਵਾਲਾ ਬੈਗ ਖੋਹ ਲਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਨੇਹੀਆਂਵਾਲਾ ਪੁਲਸ ਨੇ ਪੀੜਤ ਬੱਸ ਕੰਡਕਟਰ ਅਤੇ ਡਰਾਈਵਰ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਠੰਡ ਨੇ ਤੋੜੇ ਰਿਕਾਰਡ, ਮੌਸਮ ਵਿਭਾਗ ਨੇ ਸੂਬੇ ਭਰ ਲਈ ਜਾਰੀ ਕੀਤਾ ਰੈੱਡ ਅਲਰਟ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਰਾਇਵਰ ਧਰਮਵੀਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਸਿਵੀਆ (ਸ੍ਰੀ ਮੁਕਤਸਰ ਸਾਹਿਬ) ਅਤੇ ਕੰਡੈਕਟਰ ਜਗਦੇਵ ਸਿੰਘ ਪੁੱਤਰ ਬਾਘਾ ਸਿੰਘ ਵਾਸੀ ਰੋੜੀ (ਸਿਰਸਾ) ਨੇ ਦੱਸਿਆ ਕਿ ਉਹ ਬੱਸ ਨੂੰ ਸ੍ਰੀ ਅੰਮ੍ਰਿਤਸਰ ਤੋਂ ਬਠਿੰਡਾ ਰੂਟ ’ਤੇ ਰੋਜ਼ਾਨਾ ਦੀ ਤਰ੍ਹਾਂ ਲੈ ਕੇ ਆ ਰਹੇ ਸਨ। ਇਹ ਬੱਸ ਵੀਰਵਾਰ ਰਾਤ 8 ਵਜੇ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋਈ। ਬੱਸ ਦੇ ਕੰਡਕਟਰ ਅਨੁਸਾਰ ਲੁਟੇਰੇ ਨੌਜਵਾਨ ਅੰਮ੍ਰਿਤਸਰ ਤੋਂ ਹੋਰ ਸਵਾਰੀਆਂ ਸਮੇਤ ਬੱਸ ’ਚ ਸਵਾਰ ਹੋ ਕੇ ਬਠਿੰਡਾ ਲਈ ਬੈਠੇ ਸਨ। ਰਾਤ ਕਰੀਬ 12.45 ਵਜੇ ਜਦੋਂ ਅਸੀਂ ਗੋਨਿਆਣਾ ਮੰਡੀ ਪਹੁੰਚੇ ਤਾਂ ਬੱਸ ’ਚ ਸਿਰਫ਼ 7 ਤੋਂ 8 ਸਵਾਰੀਆਂ ਹੀ ਬੈਠੀਆਂ ਸਨ। ਇਸ ਦਾ ਫਾਇਦਾ ਉਠਾਉਂਦੇ ਹੋਏ ਲੁਟੇਰੇ ਨੌਜਵਾਨਾਂ ਨੇ ਖੜ੍ਹੇ ਹੋ ਕੇ ਬੱਸ ਚਾਲਕ ਨੂੰ ਚਾਕੂ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸੁੰਨਸਾਨ ਅਤੇ ਹਨੇਰੇ ਵਾਲੀ ਥਾਂ ’ਤੇ ਬੱਸ ਨੂੰ ਰੋਕ ਕੇ ਉਨ੍ਹਾਂ ਨੇ ਪੈਸਿਆਂ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਬੈਗ ’ਚ ਤਕਰੀਬਨ 12000 ਰੁਪਏ ਦੀ ਨਕਦੀ ਅਤੇ ਟਿਕਟਾਂ ਕੱਟਣ ਵਾਲੀ ਮਸ਼ੀਨ ਸੀ। ਇਸ ਸਬੰਧੀ ਜਦੋਂ ਵਾਰ-ਵਾਰ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੱਕਿਆ। 

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ

ਇਸ ਘਟਨਾ ਦੀ ਪੁਸ਼ਟੀ ਬਠਿੰਡਾ ਪੀ. ਆਰ. ਟੀ. ਸੀ. ਦੇ ਜਨਰਲ ਮੈਨੇਜਰ ਬਲਵਿੰਦਰ ਸਿੰਘ ਨੇ ਕੀਤੀ ਹੈ। ਦੂਜੇ ਪਾਸੇ ਡੀ. ਐੱਸ. ਪੀ. ਰਛਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਸ਼ੱਕੀ ਲੱਗਦਾ ਹੈ ਪਹਿਲੀ ਨਜ਼ਰੇ ਇਹ ਲੁੱਟ ਦੀ ਕਹਾਣੀ ਨਹੀਂ ਸਗੋਂ ਆਪਸੀ ਦੁਸ਼ਮਣੀ ਦਾ ਮਾਮਲਾ ਲੱਗਦਾ ਹੈ। ਪੁਲਸ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ’ਚੋਂ ਇਕ ਪਹਿਲਾਂ ਪੀ. ਆਰ. ਟੀ. ਸੀ. ਬੱਸ ਕੰਡਕਟਰ ਸੀ ਅਤੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ, ਜਿਸ ਕਾਰਨ ਪੁਲਸ ਵੱਲੋਂ ਲੁੱਟ ਦੀ ਇਸ ਵਾਰਦਾਤ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਲਾਕੇ ’ਚ ਸ਼ਰੇਆਮ ਲੁੱਟਾਂ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਅਪਰਾਧੀ ਸ਼ਰੇਆਮ ਘਟਨਾ ਨੂੰ ਅੰਜਾਮ ਦਿੰਦੇ ਹਨ ਤੇ ਫਰਾਰ ਹੋ ਜਾਂਦੇ ਹਨ ਇਸ ਨੂੰ ਅਪਰਾਧੀਆਂ ਦੀ ਹੁਸ਼ਿਆਰੀ ਕਿਹਾ ਜਾਵੇ ਜਾਂ ਪ੍ਰਸ਼ਾਸਨ ਦੀ ਨਾਕਾਮੀ।

ਇਹ ਵੀ ਪੜ੍ਹੋ : ਕੈਨੇਡਾ ਰਹਿੰਦੇ ਰਿਸ਼ਤੇਦਾਰ ਨੂੰ ਭੇਜਿਆ ਸਾਮਾਨ, ਜਦੋਂ ਕੋਰੀਅਰ ਕੰਪਨੀ ਨੇ ਕੀਤੀ ਸਕੈਨਿੰਗ ਤਾਂ ਉੱਡ ਗਏ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News