ਡਰਾਈਵਰ ਨਾਲ ਕੁੱਟਮਾਰ ਕਰਨ ''ਤੇ ਰੋਸ ਪ੍ਰਦਰਸ਼ਨ
Wednesday, Dec 27, 2017 - 07:22 AM (IST)
ਅੰਮ੍ਰਿਤਸਰ, (ਛੀਨਾ)- ਮਾਝਾ ਟਰਾਂਸਪੋਰਟ ਦੇ ਡਰਾਈਵਰ ਨਾਲ ਕੁੱਟਮਾਰ ਹੋਣ ਦੇ ਰੋਸ ਵਜੋਂ ਅੱਜ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਵੱਲੋਂ ਸਥਾਨਕ ਬੱਸ ਸਟੈਂਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮਾਝਾ ਟਰਾਂਸਪੋਰਟ ਦੇ ਡਰਾਈਵਰ ਪਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਵਾਂ ਤਾਰਾ ਜ਼ਿਲਾ ਤਰਨਤਾਰਨ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਤੋਂ ਬੱਸ ਲੈ ਕੇ ਉਹ ਜਦੋਂ ਬੋਹੜੂ ਪੁਲ 'ਤੇ ਪੁੱਜਾ ਤਾਂ ਉਥੇ ਪਹਿਲਾਂ ਤੋਂ ਮੌਜੂਦ ਭੋਲਾ ਸਿੰਘ ਸ਼ਕਰੀ ਤੇ ਉਸ ਦੇ 70-80 ਦੇ ਕਰੀਬ ਸਾਥੀਆਂ ਨੇ ਸੜਕ ਵਿਚਕਾਰ ਟਰਾਲੀ ਲਾ ਕੇ ਰਸਤਾ ਬੰਦ ਕਰ ਦਿੱਤਾ ਅਤੇ ਉਸ ਨੂੰ ਜਬਰੀ ਬੱਸ 'ਚੋਂ ਧੂਹ ਕੇ ਥੱਲੇ ਸੁੱਟ ਲਿਆ। ਡਰਾਈਵਰ ਪਿੰਦਰ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਵਿਅਕਤੀਆਂ ਨੇ ਉਸ ਨਾਲ ਭਾਰੀ ਕੁੱਟਮਾਰ ਕੀਤੀ, ਜਿਨ੍ਹਾਂ ਦੇ ਚੁੰਗਲ 'ਚੋਂ ਬੱਸ ਦੀਆਂ ਸਵਾਰੀਆਂ ਨੇ ਮੈਨੂੰ ਬੜੀ ਮੁਸ਼ਕਲ ਨਾਲ ਬਚਾਇਆ।
ਡਰਾਈਵਰ ਪਿੰਦਰ ਸਿੰਘ ਨੇ ਕਿਹਾ ਕਿ ਕੱਲ ਜਦੋਂ ਮੈਂ ਚਾਟੀਵਿੰਡ ਚੌਕ ਦੇ ਨੇੜਿਓਂ ਬੱਸ ਸਟੈਂਡ ਨੂੰ ਬੱਸ ਲੈ ਕੇ ਆ ਰਿਹਾ ਸੀ ਤਾਂ ਮੇਰੀ ਬੱਸ ਨੂੰ ਓਵਰਟੇਕ ਕਰਨ ਲੱਗਿਆਂ ਭੋਲਾ ਸਿੰਘ ਦੀ ਇਨੋਵਾ ਗੱਡੀ ਬੱਸ ਦੇ ਅਗਲੇ ਹਿੱਸੇ ਨਾਲ ਲੱਗ ਗਈ, ਜਿਸ ਵਿਚ ਇਨੋਵਾ ਚਾਲਕ ਦੀ ਹੀ ਗਲਤੀ ਸੀ, ਉਨ੍ਹਾਂ ਕੱਲ ਤਾਂ ਕੋਈ ਗੱਲ ਨਹੀਂ ਕੀਤੀ ਪਰ ਉਸ ਦਾ ਗੁੱਸਾ ਅੱਜ ਕੱਢਿਆ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਆਗੂ ਤਰਸੇਮ ਸਿੰਘ ਭਿੱਖੀਵਿੰਡ, ਲੱਖਾ ਸਿੰਘ ਸਰਾਂ, ਕੰਵਲਪ੍ਰੀਤ ਸਿੰਘ ਕੰਵਲ, ਜਤਿੰਦਰ ਸਿੰਘ ਨਾਗ, ਲਖਬੀਰ ਸਿੰਘ, ਸੁਖਦੇਵ ਸਿੰਘ ਭੂਰਾ, ਦਲਜੀਤ ਸਿੰਘ, ਗੁਰਮੇਲ ਸਿੰਘ, ਨਰਿੰਦਰ ਸਿੰਘ ਤੇ ਗੁਰਚਰਨ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਡਰਾਈਵਰ ਪਿੰਦਰ ਸਿੰਘ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਜਲਦ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਭੋਲਾ ਸਿੰਘ ਸ਼ਕਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਡਰਾਈਵਰ ਪਿੰਦਰ ਸਿੰਘ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਮਾਮਲਾ ਕੀ ਹੈ ਤੇ ਡਰਾਈਵਰ ਨਾਲ ਕੁੱਟਮਾਰ ਕਿਉਂ ਤੇ ਕਿਸ ਨੇ ਕੀਤੀ, ਬਾਰੇ ਉਹ ਬਿਲਕੁਲ ਨਹੀਂ ਜਾਣਦੇ, ਉਨ੍ਹਾਂ ਨੂੰ ਇਸ ਮਾਮਲੇ 'ਚ ਜਾਣਬੁੱਝ ਕੇ ਸ਼ਾਮਲ ਕੀਤਾ ਜਾ ਰਿਹਾ ਹੈ।
