ਕਰਿਆਨੇ ਦੇ ਸਮਾਨ ਨਾਲ ਭਰੀ ਪਿੱਕਅੱਪ ਗੱਡੀ ਨਹਿਰ ’ਚ ਡਿੱਗੀ, ਚਾਲਕ ਨੂੰ ਸ਼ੀਸ਼ਾ ਤੋੜ ਕੇ ਬਚਾਇਆ

03/19/2024 6:28:44 PM

ਭਵਾਨੀਗੜ੍ਹ (ਵਿਕਾਸ ਮਿੱਤਲ) : ਪਿੰਡ ਨਦਾਮਪੁਰ ਨੇੜੇ ਮੰਗਲਵਾਰ ਸਵੇਰੇ ਇਕ ਪਿੱਕਅੱਪ ਗੱਡੀ ਅਚਾਨਕ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ। ਘਟਨਾ ਸਮੇਂ ਪਿੱਕਅੱਪ ’ਚ ਇਕੱਲਾ ਡਰਾਈਵਰ ਮੌਜੂਦ ਸੀ, ਜਿਸਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੇ ਪਾਣੀ ’ਚੋਂ ਬਾਹਰ ਕੱਢਿਆ। ਗੱਡੀ ’ਚ ਲੱਦਿਆ ਕਰਿਆਨੇ ਦਾ ਸਮਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਘਟਨਾ ਸਬੰਧੀ ਪਿਕਅੱਪ ਗੱਡੀ ਦੇ ਚਾਲਕ ਗੁਰਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਗੁੱਜਰਾਂ (ਦਿੜ੍ਹਬਾ) ਨੇ ਦੱਸਿਆ ਕਿ ਉਹ ਪਿੱਕਅੱਪ ਗੱਡੀ ਰਾਹੀਂ ਮਾਲ ਦੀ ਢੋਆ-ਢੁਆਈ ਦਾ ਕੰਮ ਕਰਦਾ ਹੈ ਅਤੇ ਉਹ ਸੰਗਰੂਰ ਤੋਂ ਕਰਿਆਨੇ ਦਾ ਸਮਾਨ ਆਪਣੀ ਗੱਡੀ ’ਚ ਲੋਡ ਕਰਕੇ ਅੱਜ ਸਵੇਰੇ ਆਪਣੇ ਪਿੰਡ ਤੋਂ ਰਾਏਪੁਰ ਰਾਣੀ ਲਈ ਚੱਲਿਆ ਸੀ। ਗੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਥੰਮਣ ਸਿੰਘ ਵਾਲਾ ਤੋਂ ਪਿੰਡ ਨਦਾਮਪੁਰ ਵੱਲ ਨੂੰ ਨਹਿਰ ਦੇ ਨਾਲ-ਨਾਲ ਲਿੰਕ ਸੜਕ ਰਾਹੀਂ ਜਾ ਰਿਹਾ ਸੀ ਤਾਂ ਇਸ ਦੌਰਾਨ ਪਿੱਛੋਂ ਆ ਰਹੇ ਇਕ ਮੋਟਰਸਾਈਕਲ ਨੂੰ ਪਾਸ ਦਿੰਦੇ ਸਮੇਂ ਉਹ ਗੱਡੀ ਤੋਂ ਆਪਣਾ ਸੰਤੁਲਨ ਖੋਹ ਬੈਠਾ, ਜਿਸ ਕਾਰਨ ਉਹ ਗੱਡੀ ਸਮੇਤ ਨਹਿਰ ’ਚ ਜਾ ਡਿੱਗਾ।

PunjabKesari

ਗੁਰਿੰਦਰ ਸਿੰਘ ਨੇ ਦੱਸਿਆ ਕਿ ਰੌਲਾ ਪਾਉਣ ’ਤੇ ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਉਸਨੂੰ ਗੱਡੀ ਦਾ ਅਗਲਾ ਸ਼ੀਸ਼ਾ ਤੋੜ ਕੇ ਰੱਸੀ ਦੀ ਮਦਦ ਨਾਲ ਪਾਣੀ ’ਚੋਂ ਬਾਹਰ ਕੱਢਿਆ। ਇਸ ਦੌਰਾਨ ਉਸ ਦੇ ਸਿਰ ਤੇ ਮੱਥੇ ’ਤੇ ਸੱਟਾਂ ਲੱਗੀਆਂ।

ਇਹ ਵੀ ਪੜ੍ਹੋ : ਹੋਲੀ ਦਾ ਤਿਉਹਾਰ : ਰੇਲ ਗੱਡੀਆਂ ’ਚ ਤਤਕਾਲ ਟਿਕਟਾਂ ਲਈ ਭੱਜ-ਦੋੜ ਸ਼ੁਰੂ\

PunjabKesari

ਬਾਅਦ ’ਚ ਹਾਈਡਰਾ ਮਸ਼ੀਨ ਦੀ ਮਦਦ ਨਾਲ ਪਿੱਕਅੱਪ ਗੱਡੀ ਨੂੰ ਵੀ ਮੁਸ਼ਕਲ ਨਾਲ ਪਾਣੀ ’ਚੋਂ ਬਾਹਰ ਕੱਢਿਆ ਗਿਆ। ਚਾਲਕ ਨੇ ਦੱਸਿਆ ਕਿ ਘਟਨਾ ’ਚ ਗੱਡੀ ਦਾ ਨੁਕਸਾਨ ਹੋਣ ਕਾਰਨ ਉਸਦਾ ਅੰਦਾਜਨ ਇੱਕ ਤੋਂ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਦਕਿ ਕਰਿਆਨੇ ਦਾ ਜ਼ਿਆਦਾਤਰ ਸਾਮਾਨ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਿਆ।

PunjabKesari

ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਰਾਹਤ ਕਾਰਜਾਂ ’ਚ ਲੱਗੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਦਿੜ੍ਹਬਾ ਦੇ ਪ੍ਰਧਾਨ ਲਖਬੀਰ ਸਿੰਘ ਗੁੱਜਰਾਂ ਨੇ ਕਿਹਾ ਕਿ ਨਹਿਰ ਦੇ ਕੰਢੇ ਸਬੰਧਤ ਵਿਭਾਗ ਵੱਲੋਂ ਰੇਲਿੰਗ ਨਹੀਂ ਲਗਾਈ ਗਈ, ਜੇਕਰ ਰੇਲਿੰਗ ਲੱਗੀ ਹੁੰਦੀ ਤਾਂ ਅੱਜ ਇੱਕ ਗਰੀਬ ਮਜਦੂਰ ਚਾਲਕ ਦਾ ਇੰਨੇ ਵੱਡੇ ਪੱਧਰ ’ਤੇ ਨੁਕਸਾਨ ਹੋਣ ਤੋਂ ਬਚ ਸਕਦਾ ਸੀ। ਉਨ੍ਹਾਂ ਹਾਦਸਿਆਂ ਤੋਂ ਬਚਾਅ ਲਈ ਪ੍ਰਸ਼ਾਸਨ ਤੋਂ ਨਹਿਰ ਕੰਢੇ ਲੋਹੇ ਦੀ ਗ੍ਰਿਲ ਜਾਂ ਰੇਲਿੰਗ ਲਗਾਉਣ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਅਧਿਕਾਰੀਆਂ ਨੂੰ ਦਿੱਤੇ ਇਹ ਦਿਸ਼ਾ-ਨਿਰਦੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e
 


Anuradha

Content Editor

Related News