ਸਾਰਿਆਂ ਨੂੰ ''ਖੁਸ਼'' ਕਰਨ ਦੇ ਚੱਕਰ ''ਚ ਲਟਕ ਰਿਹਾ ''ਆਪ'' ਦਾ ਨਵਾਂ ਢਾਂਚਾ
Wednesday, Jul 05, 2017 - 10:30 AM (IST)
ਚੰਡੀਗੜ੍ਹ - ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਬਣੇ ਕਰੀਬ ਦੋ ਮਹੀਨੇ ਹੋਣ ਨੂੰ ਆਏ ਹਨ ਪਰ ਅਜੇ ਤੱਕ ਪੰਜਾਬ 'ਚ ਪਾਰਟੀ ਦੇ ਹੋਰ ਅਹੁਦੇਦਾਰਾਂ ਤੇ ਢਾਂਚੇ ਦਾ ਐਲਾਨ ਨਹੀਂ ਹੋ ਸਕਿਆ ਹੈ। ਹਾਲਾਂਕਿ ਪਾਰਟੀ ਨੇਤਾਵਾਂ ਵਲੋਂ ਸਮੇਂ-ਸਮੇਂ 'ਤੇ ਥੋੜ੍ਹੇ ਹੀ ਦਿਨਾਂ ਵਿਚ ਢਾਂਚਾ ਐਲਾਨ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਅਜਿਹਾ ਨਹੀਂ ਹੋ ਸਕਿਆ ਹੈ।
ਪਤਾ ਲੱਗਾ ਹੈ ਕਿ ਪਾਰਟੀ ਦੀ ਪੰਜਾਬ ਲੀਡਰਸ਼ਿਪ ਵਲੋਂ ਤੈਅ ਕੀਤੇ ਜਾ ਰਹੇ ਅਹੁਦੇਦਾਰਾਂ ਦੇ ਨਾਵਾਂ 'ਤੇ ਇਤਰਾਜ਼ ਲਗਾਏ ਜਾਣ ਦੇ ਕਾਰਨ ਹੀ ਲਿਸਟ ਫਾਈਨਲ ਨਹੀਂ ਹੋ ਸਕੀ ਹੈ। ਪਾਰਟੀ ਦੀ ਟਾਪ ਲੀਡਰਸ਼ਿਪ ਦਾ ਨਿਰਦੇਸ਼ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਪਾਰਟੀ ਦੀ ਲੀਡਰਸ਼ਿਪ ਵਲੋਂ 9 ਮਈ ਨੂੰ ਪਾਰਟੀ ਦੇ ਢਾਂਚੇ 'ਚ ਬਦਲਾਅ ਕਰਦਿਆਂ ਕਨਵੀਨਰ ਦੀ ਪੋਸਟ ਖਤਮ ਕਰ ਦਿੱਤੀ ਗਈ ਸੀ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਪਾਰਟੀ ਦਾ ਪੰਜਾਬ ਪ੍ਰਧਾਨ ਐਲਾਨ ਦਿੱਤਾ ਗਿਆ ਸੀ। ਉਨ੍ਹਾਂ ਨਾਲ ਹੀ ਅਮਨ ਅਰੋੜਾ ਨੂੰ ਸਹਿ ਪ੍ਰਧਾਨ ਬਣਾਉਂਦਿਆਂ ਪਾਰਟੀ ਦਾ ਢਾਂਚਾ ਬਣਾਉਣ ਲਈ ਕਿਹਾ ਗਿਆ ਸੀ। ਇਸ ਐਲਾਨ ਤੋਂ ਬਾਅਦ ਭਗਵੰਤ ਮਾਨ ਵਿਦੇਸ਼ ਚਲੇ ਗਏ ਤੇ ਅਮਨ ਅਰੋੜਾ ਸੂਬੇ ਦੇ ਹਰ ਜ਼ਿਲੇ 'ਚ ਜਾ ਕੇ ਫੀਡਬੈਕ ਲੈਣ 'ਚ ਜੁਟੇ ਰਹੇ। ਪਾਰਟੀ ਸੂਤਰਾਂ ਮੁਤਾਬਿਕ ਢਾਂਚੇ ਦਾ ਐਲਾਨ ਇਸ ਲਈ ਲਟਕ ਰਿਹਾ ਹੈ, ਕਿਉਂਕਿ ਕੌਮੀ ਲੀਡਰਸ਼ਿਪ ਇਹ ਨਹੀਂ ਚਾਹੁੰਦੀ ਕਿ ਐਲਾਨ ਹੋਣ ਵਾਲੇ ਢਾਂਚੇ ਵਿਚ ਭਗਵੰਤ ਮਾਨ ਦੇ ਸਮਰਥਕ ਹੀ ਅੱਗੇ ਰਹਿਣ, ਬਲਕਿ ਐੱਚ. ਐੱਸ. ਫੂਲਕਾ, ਸੁਖਪਾਲ ਸਿੰਘ ਖਹਿਰਾ ਵਰਗੇ ਨੇਤਾਵਾਂ ਦੇ ਸਮਰਥਕ ਤੇ ਦਿੱਲੀ ਤੋਂ ਸਿੱਧੇ ਜੁੜੇ ਰਹੇ ਪਾਰਟੀ ਵਰਕਰਾਂ ਨੂੰ ਵੀ ਸਨਮਾਨ ਹਾਸਲ ਹੋਵੇ। ਇਹੀ ਕਾਰਨ ਹੈ ਕਿ ਹਰ ਜ਼ਿਲੇ ਤੇ ਰਾਜ ਪੱਧਰ 'ਤੇ ਵਾਰ-ਵਾਰ ਬਦਲਾਅ ਕਰਨ ਦੀ ਲੋੜ ਪੈ ਰਹੀ ਹੈ ਤਾਂ ਕਿ 'ਬੈਲੈਂਸ' ਬਣਿਆ ਰਹੇ।
ਉਧਰ ਇਕ ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਕੋਲ ਆਪਣਾ ਸਥਾਈ ਦਫਤਰ ਵੀ ਮੁਹੱਈਆ ਨਹੀਂ ਹੋ ਪਾ ਰਿਹਾ ਹੈ। ਪਿਛਲੇ ਕਾਫੀ ਸਮੇਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਲਈ ਵਿਰੋਧੀ ਧਿਰ ਨੇਤਾ ਹਰਵਿੰਦਰ ਸਿੰਘ ਫੂਲਕਾ ਨੂੰ ਸੈਕਟਰ-16 ਵਿਚ ਹੀ ਅਲਾਟ ਹੋਈ ਸਰਕਾਰੀ ਕੋਠੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪਾਰਟੀ ਵਰਕਰਾਂ 'ਚ ਇਹ ਵੀ ਚਰਚਾ ਹੈ ਕਿ ਨਵੇਂ ਢਾਂਚੇ ਦਾ ਐਲਾਨ ਹੋਣ ਤੋਂ ਬਾਅਦ ਅਹੁਦੇਦਾਰ ਬੈਠਣਗੇ ਕਿੱਥੇ ਤੇ ਰਾਜਭਰ ਤੋਂ ਆਉਣ ਵਾਲੇ ਵਰਕਰ ਉਨ੍ਹਾਂ ਨੂੰ ਮਿਲਣਗੇ ਕਿੱਥੇ?
