ਸੰਤ ਮੱਖਣ ਸਿੰਘ ਦੀ ਮੌਤ ’ਤੇ ਨਵਾਂ ਵਿਵਾਦ, ਡੇਰਾ ਮੁਖੀ ਨੇ ਜਤਾਇਆ ਕਤਲ ਦਾ ਸ਼ੱਕ

Saturday, Feb 04, 2023 - 08:51 PM (IST)

ਸੰਤ ਮੱਖਣ ਸਿੰਘ ਦੀ ਮੌਤ ’ਤੇ ਨਵਾਂ ਵਿਵਾਦ, ਡੇਰਾ ਮੁਖੀ ਨੇ ਜਤਾਇਆ ਕਤਲ ਦਾ ਸ਼ੱਕ

ਅੰਮ੍ਰਿਤਸਰ (ਛੀਨਾ) : ਸ਼ਹੀਦ ਭਾਈ ਮਨੀ ਸਿੰਘ ਟਕਸਾਲ ਦੇ ਮੁਖੀ ਸੰਤ ਮੱਖਣ ਸਿੰਘ ਸੇਵਾ ਪੰਥੀ ਡੇਰਾ ਅਮੀਰ ਸਿੰਘ ਵਾਲਿਆਂ ਦੀ ਮੌਤ ’ਤੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਸੰਤ ਮੱਖਣ ਸਿੰਘ ਵੱਲੋਂ 23 ਮਈ 2018 ਨੂੰ ਸੇਵਾ ਪੰਥੀ ਡੇਰਾ ਅਮੀਰ ਸਿੰਘ ਦੇ ਥਾਪੇ ਗਏ ਮੁਖੀ ਬਾਬਾ ਹਰਵਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸੰਤ ਮੱਖਣ ਸਿੰਘ ਦੀ ਮੌਤ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਸੰਤ ਮੱਖਣ ਸਿੰਘ ਨੂੰ ਜ਼ਹਿਰ ਦੇ ਕੇ ਕਤਲ ਕੀਤਾ ਗਿਆ ਹੈ ਜਿਸ ਸਦਕਾ ਉਨ੍ਹਾਂ ਦੀ ਮੌਤ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਬੋਰਡਾਂ ਤੇ ਕਾਰਪੋਰੇਸ਼ਨਾਂ 'ਚ 13 ਚੇਅਰਮੈਨਾਂ ਦੀਆਂ ਨਿਯੁਕਤੀਆਂ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਬਾਬਾ ਹਰਵਿੰਦਰ ਸਿੰਘ ਨੇ ਕਿਹਾ ਕਿ ਸੰਤ ਮੱਖਣ ਸਿੰਘ ਜੀ ਨੇ 2018 ’ਚ ਸੰਤਾਂ ਮਹਾਪੁਰਸ਼ਾਂ, ਵੱਖ-ਵੱਖ ਸੰਪ੍ਰਦਾਵਾਂ ਦੇ ਮੁਖੀਆਂ ਤੇ ਵੱਡੀ ਗਿਣਤੀ ’ਚ ਸੰਗਤਾਂ ਦੀ ਮੌਜੂਦਗੀ ਵਿੱਚ ਮੈਨੂੰ ਡੇਰੇ ਦਾ ਮੁਖੀ ਥਾਪ ਕੇ ਸਾਰੀ ਜ਼ਿਮੇਵਾਰੀ ਸੌਂਪੀ ਸੀ, ਜਿਸ ਕਾਰਨ ਮੈਨੂੰ ਕਈ ਵਾਰ ਲੰਮਾ ਸਮਾਂ ਪੰਜਾਬ ਤੋਂ ਬਾਹਰਲੇ ਡੇਰਿਆਂ ਦਾ ਕੰਮ ਕਾਜ ਦੇਖਣ ਲਈ ਜਾਣਾ ਪੈਂਦਾ ਸੀ ਤੇ ਹੁਣ ਵੀ ਮੈਂ ਯੂ.ਪੀ.ਦੇ ਡੇਰੇ ਵਿੱਚ ਸੀ ਜਿਥੇ ਸੰਤ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਅੱਜ ਹੀ ਸਵੇਰੇ ਅੰਮ੍ਰਿਤਸਰ ਪੁੱਜਾ ਹਾਂ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੇ ਹੱਕ 'ਚ ਨਿੱਤਰੀਆਂ ਜਲੰਧਰ ਦੀਆਂ ਸਿੰਘ ਸਭਾਵਾਂ, ਕੀਤਾ ਇਹ ਫ਼ੈਸਲਾ

ਬਾਬਾ ਹਰਵਿੰਦਰ ਸਿੰਘ ਨੇ ਕਿਹਾ ਕਿ ਸੰਤ ਮੱਖਣ ਸਿੰਘ ਨੂੰ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਉਣ ਦੇ ਬਾਰੇ ’ਚ ਮੈਨੂੰ ਪਤਾ ਸੀ ਪਰ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਹੈ ਇਸ ਦੇ ਬਾਰੇ ’ਚ ਉਨ੍ਹਾਂ ਦੇ ਪੁੱਤਰ ਅਮਨਦੀਪ ਸਿੰਘ ਜਿਸ ਦਾ ਡੇਰੇ ਨਾਲ ਕੋਈ ਤਲਕ ਵਾਸਤਾ ਨਹੀਂ ਸੀ ਪਰ ਹੁਣ ਉਹ ਡੇਰੇ ਦਾ ਮੁਖੀ ਬਣਨਾ ਚਾਹੁੰਦਾ ਹੈ, ਨੇ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਕਾਰਨ ਸੰਤ ਜੀ ਦੀ ਮੌਤ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਬਾਬਾ ਹਰਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੇ ਪੁਲਸ ਦੇ ਉੱਚ ਅਧਿਕਾਰੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਤ ਅਮੀਰ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਰੀ ਸੱਚਾਈ ਸੰਗਤ ਦੇ ਸਾਹਮਣੇ ਲਿਆਂਦੀ ਜਾਵੇ। 

ਸੇਵਾ ਪੰਥੀ ਦੇ ਮਾਮਲੇ ’ਚ ਬਾਹਰਲਿਆਂ ਦੀ ਦਖ਼ਲਅੰਦਾਜੀ ਬਰਦਾਸ਼ਤ ਨਹੀ ਕਰਾਂਗੇ : ਮਹੰਤ ਕਰਮਜੀਤ ਸਿੰਘ 
ਇਸ ਮੌਕੇ ’ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਪ੍ਰਧਾਨ ਸੇਵਾ ਪੰਥੀ ਅਡਨਸ਼ਾਹੀ ਸਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਦਮਦਮੀ ਟਕਸਾਲ ਵੱਲੋਂ ਸੰਤ ਮੱਖਣ ਸਿੰਘ ਦੇ ਸਪੁੱਤਰ ਅਮਨਦੀਪ ਸਿੰਘ ਨੂੰ ਨਵੇਂ ਡੇਰਾ ਮੁਖੀ ਦੀ ਦਸਤਾਰ ਸਜਾਈ ਗਈ ਹੈ ਕਿ ਜੋ ਕਿ ਠੀਕ ਗੱਲ ਨਹੀਂ, ਇਹ ਸੇਵਾ ਪੰਥੀ ਦਾ ਮਸਲਾ ਹੈ ਜਿਸ ਵਿਚ ਅਸੀਂ ਬਾਹਰਲਿਆਂ ਦੀ ਦਖ਼ਲਅੰਦਾਜੀ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸੰਤ ਮੱਖਣ ਸਿੰਘ ਦੇ ਦੁਸਹਿਰੇ ਤੋਂ ਇਕ ਦਿਨ ਪਹਿਲਾਂ ਅਸੀਂ ਮੀਟਿੰਗ ਕਰਕੇ ਸੰਗਤ ਦੀ ਸਹਿਮਤੀ ਨਾਲ ਨਵੇਂ ਮੁਖੀ ਦੇ ਬਾਰੇ ’ਚ ਫੈਸਲਾ ਲਵਾਂਗੇ, ਕਿਸੇ ਦੇ ਦਬਾਅ ਹੇਠ ਕੋਈ ਫੈਸਲਾ ਲਾਗੂ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਘਰਾਂ 'ਚ ਪਵਾਏ ਵੈਣ, ਦੋ ਪਰਿਵਾਰਾਂ ਦੇ ਇਕਲੌਤੇ ਨੌਜਵਾਨਾਂ ਦੀ ਹੋਈ ਮੌਤ

ਮੌਤ ਦੀ ਜਾਂਚ ਹੋਵੇ ਸਾਨੂੰ ਕੋਈ ਇਤਰਾਜ ਨਹੀਂ : ਅਮਨਦੀਪ ਸਿੰਘ 
ਇਸ ਸਬੰਧ ’ਚ ਜਦੋਂ ਸੰਤ ਮੱਖਣ ਸਿੰਘ ਦੇ ਸਪੁੱਤਰ ਭਾਈ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੰਤ ਮੱਖਣ ਸਿੰਘ ਸਿਹਤ ਠੀਕ ਨਾ ਹੋਣ ਕਾਰਨ ਸੱਚਖੰਡ ਪਿਆਨਾ ਕਰ ਗਏ ਹਨ ਉਨ੍ਹਾਂ ਦੀ ਮੌਤ ਦੇ ਬਾਰੇ ’ਚ ਜੇਕਰ ਕੋਈ ਜਾਂਚ ਕਰਵਾਉਣੀ ਚਾਹੁੰਦਾ ਹੈ ਤਾਂ ਸਾਨੂੰ ਕੋਈ ਇਤਰਾਜ ਨਹੀਂ। 


author

Mandeep Singh

Content Editor

Related News