ਪਰਿਵਾਰ ਦੇ 3 ਮੈਂਬਰਾਂ ਨੂੰ ਮਾਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਡਾਕਟਰ ਨੂੰ ਕੀਤਾ ਜਾਵੇਗਾ ਜੇਲ੍ਹ ਤੋਂ ਰਿਹਾਅ

Sunday, Jun 23, 2024 - 04:11 PM (IST)

ਪਰਿਵਾਰ ਦੇ 3 ਮੈਂਬਰਾਂ ਨੂੰ ਮਾਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਡਾਕਟਰ ਨੂੰ ਕੀਤਾ ਜਾਵੇਗਾ ਜੇਲ੍ਹ ਤੋਂ ਰਿਹਾਅ

ਨਿਊਯਾਰਕ (ਰਾਜ ਗੋਗਨਾ) - ਕੈਲੀਫੋਰਨੀਆ ਦੇ  ਇਕ ਗੁਜਰਾਤੀ ਡਾਕਟਰ ਜੋ ਜਨਵਰੀ 2023 ਤੋਂ ਜੇਲ ਚ’ਹੈ। ਜਿਸ ਦਾ ਨਾਂ  ਡਾ: ਧਰਮੇਸ਼ ਪਟੇਲ ਹੈ। ਡਾ. ਪਟੇਲ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਹੱਤਿਆ ਦੇ ਦੋਸ਼ਾਂ ਦਾ ਉਹ ਸਾਹਮਣਾ ਕਰ ਰਿਹਾ ਹੈ। ਹੁਣ ਡਾ: ਧਰਮੇਸ਼ ਪਟੇਲ ਜੇਲ੍ਹ ਤੋਂ ਬਾਹਰ ਆਉਣਗੇ। ਜ਼ਿਕਰਯੋਗ ਹੈ ਕਿ ਜੇਲ੍ਹ ’ਚ ਬੰਦ ਡਾ: ਧਰਮੇਸ਼ ਪਟੇਲ ਜਦੋਂ ਆਪਣੀ ਟੇਸਲਾ ਕਾਰ ਵਿਚ ਆਪਣੇ ਪਰਿਵਾਰ ਸਫ਼ਰ ਕਰ ਰਿਹਾ ਸੀ ਤਾਂ ਉਸ ਨੇ ਸਾਰੇ ਸਵਾਰਾਂ ਨੂੰ ਮਾਰਨ ਦੇ ਇਰਾਦੇ ਨਾਲ ਇੱਕ ਪਹਾੜੀ ਸੜਕ ਤੋਂ 330 ਫੁੱਟ ਹੇਠਾਂ ਕਾਰ ਸੁੱਟ ਦਿੱਤੀ ਸੀ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਧਰਮੇਸ਼ ਪਟੇਲ ਦੀ ਕਾਰ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ ਸੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੈਲੀਕਾਪਟਰ ਰਾਹੀਂ ਬਚਾ ਲਿਆ ਗਿਆ ਸੀ। ਹਾਲਾਂਕਿ ਖੁਸ਼ਕਿਸਮਤੀ ਨਾਲ ਧਰਮੇਸ਼ ਪਟੇਲ ਦੀ ਬੇਟੀ ਅਤੇ ਪਤਨੀ ਨੂੰ ਛੱਡ ਕੇ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਸੀ  ਪਰ ਫਿਰ ਡਾ: ਧਰਮੇਸ਼ ਪਟੇਲ ਦੀ ਪਤਨੀ ਨੇਹਾ ਪਟੇਲ ਨੇ ਦਾਅਵਾ ਕੀਤਾ ਕਿ ਉਸ ਦਾ ਪਤੀ ਮਾਨਸਿਕ ਤੌਰ 'ਤੇ ਅਸਥਿਰ ਸੀ ਅਤੇ ਉਸ ਨੇ ਜਾਣਬੁੱਝ ਕੇ ਇਹ ਹਾਦਸਾ ਕੀਤਾ ਹੈ। ਦੂਜੇ ਪਾਸੇ ਧਰਮੇਸ਼ ਪਟੇਲ ਨੇ ਦਾਅਵਾ ਕੀਤਾ ਕਿ ਹਾਦਸਾ ਕਾਰ ਦੇ ਟਾਇਰਾਂ 'ਚ ਖਰਾਬੀ ਕਾਰਨ ਹੋਇਆ ਪਰ ਬਾਅਦ 'ਚ ਅਦਾਲਤ ਨੂੰ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਹ ਡਿਪਰੈਸ਼ਨ 'ਚੋਂ ਗੁਜ਼ਰ ਰਿਹਾ ਸੀ ਅਤੇ ਡਰਦਾ ਸੀ ਕਿ ਉਸ ਦੇ ਬੱਚਿਆਂ ਦੇ  ਨਾਲ ਕੁਝ ਬੁਰਾ ਨਾ ਹੋ ਜਾਵੇ।

ਕੈਲੀਫੋਰਨੀਆ ਦੇ ਕਾਨੂੰਨ ਦੇ ਤਹਿਤ, ਜੇਕਰ ਦੋਸ਼ੀ ਅਪਰਾਧ ਦੇ ਸਮੇਂ ਮਾਨਸਿਕ ਤੌਰ 'ਤੇ ਠੀਕ ਨਹੀਂ ਸਾਬਤ ਹੁੰਦਾ ਹੈ, ਤਾਂ ਅਦਾਲਤ ਉਸ ਨੂੰ ਸਜ਼ਾ ਦੇਣ ਦੀ ਬਜਾਏ, ਉਸ ਨੂੰ ਇਲਾਜ ਲਈ ਦੋ ਸਾਲਾਂ ਦੇ ਮਨੋਵਿਗਿਆਨਕ ਪ੍ਰੋਗਰਾਮ ਲਈ ਭੇਜਦੀ ਹੈ, ਅਤੇ ਜੇਕਰ ਦੋਸ਼ੀ ਇਸ ਇਲਾਜ ਦੌਰਾਨ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ, ਤਾਂ ਉਸ ਵਿਰੁੱਧ ਦੋਸ਼ ਮੁਕਤ ਕੀਤੇ ਜਾਦੇ ਹਨ। ਡਾ: ਧਰਮੇਸ਼ ਪਟੇਲ ਨੇ ਆਪਣੇ ਆਪ ਨੂੰ ਮਾਨਸਿਕ ਰੋਗ ਦੇ ਇਲਾਜ ਲਈ ਫਿੱਟ ਸਮਝਦੇ ਹੋਏ ਅਦਾਲਤ ਨੂੰ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰਨ ਦੀ ਅਦਾਲਤ ਨੂੰ ਅਪੀਲ ਕੀਤੀ ਸੀ। ਬਚਾਅ ਪੱਖ ਲਈ ਇਸ ਮਾਮਲੇ ਵਿੱਚ ਮਾਨਸਿਕ ਰੋਗਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਵੀ ਅਦਾਲਤ ਵਿੱਚ ਗਵਾਹੀ ਦੇਣ ਲਈ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਧਰਮੇਸ਼ ਪਟੇਲ ਦਾ ਹਾਦਸਾ ਹੋਇਆ ਤਾਂ ਉਸ ਦੀ ਕੀ ਹਾਲਤ ਸੀ ਅਤੇ ਉਸ ਦਾ ਇਲਾਜ ਕਰਨਾ ਕਿਉਂ ਜ਼ਰੂਰੀ ਹੈ।

ਧਰਮੇਸ਼ ਪਟੇਲ ਦੀ ਪਤਨੀ ਨੇਹਾ ਨੇ ਵੀ ਅਦਾਲਤ ਨੂੰ ਦੱਸਿਆ ਕਿ ਉਹ ਚਾਹੁੰਦੀ ਹੈ ਕਿ ਧਰਮੇਸ਼ ਪਟੇਲ ਜਲਦੀ ਘਰ ਆਵੇ ਕਿਉਂਕਿ ਉਸ ਤੋਂ ਬਿਨਾਂ ਉਸ ਦਾ ਪਰਿਵਾਰ ਅਧੂਰਾ ਹੈ। ਸ਼ੁਰੂ ਵਿਚ ਇਸਤਗਾਸਾ ਪੱਖ ਯਾਨੀ ਸਰਕਾਰ ਨੇ ਧਰਮੇਸ਼ ਦੀ ਅਪੀਲ 'ਤੇ ਸਖ਼ਤ ਇਤਰਾਜ਼ ਜਤਾਇਆ ਸੀ ਪਰ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਧਰਮੇਸ਼ ਪਟੇਲ ਨੂੰ ਮਾਨਸਿਕ ਸਿਹਤ ਡਾਇਵਰਸ਼ਨ ਪ੍ਰੋਗਰਾਮ ਲਈ ਫਿੱਟ ਪਾਇਆ। ਕੈਲੀਫੋਰਨੀਆ ਦੀ ਇੱਕ ਸੈਨ ਮਾਟੇਓ ਅਦਾਲਤ ਨੇ 20 ਜੂਨ ਨੂੰ ਧਰਮੇਸ਼ ਪਟੇਲ ਨੂੰ ਮਾਨਸਿਕ ਸਿਹਤ ਡਾਇਵਰਸ਼ਨ ਪ੍ਰੋਗਰਾਮ ਲਈ ਫਿੱਟ ਪਾਇਆ, ਜਿਸ ਤੋਂ ਬਾਅਦ ਧਰਮੇਸ਼ ਪਟੇਲ ਨੂੰ ਅਗਲੇ ਕੁਝ ਦਿਨਾਂ ਵਿੱਚ ਜੇਲ੍ਹ ਤੋਂ ਰਿਹਾ ਕੀਤਾ ਜਾ ਸਕਦਾ ਹੈ।

ਹਾਲਾਂਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਧਰਮੇਸ਼ ਪਟੇਲ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਨਹੀ ਮਿਲ ਸਕਦਾ,  ਅਤੇ ਨਾ ਹੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ । ਦੋ ਸਾਲਾਂ ਦੇ ਇਲਾਜ ਦੌਰਾਨ, ਧਰਮੇਸ਼ ਪਟੇਲ ਆਪਣੇ ਮਾਤਾ-ਪਿਤਾ ਕੋਲ ਰਹੇਗਾ ਅਤੇ ਸਟੈਨਫੋਰਡ ਯੂਨੀਵਰਸਿਟੀ ਦੀ ਫੋਰੈਂਸਿਕ ਮਨੋਵਿਗਿਆਨ ਫੈਲੋਸ਼ਿਪ ਦੇ ਮੁਖੀ ਦੁਆਰਾ ਉਸ ਦੇ ਇਲਾਜ ਦੀ ਨਿਗਰਾਨੀ ਕੀਤੀ ਜਾਵੇਗੀ। ਇਲਾਜ ਪੂਰਾ ਹੋਣ ਤੋਂ ਬਾਅਦ ਧਰਮੇਸ਼ ਪਟੇਲ ਦੀ ਜਾਂਚ ਕੀਤੀ ਜਾਵੇਗੀ ਕਿ ਉਸ ਨੂੰ ਕੋਈ ਮਾਨਸਿਕ ਸਮੱਸਿਆ ਹੈ ਜਾਂ ਨਹੀਂ ਅਤੇ ਫਿਰ ਉਸ 'ਤੇ ਲੱਗੇ ਦੋਸ਼ ਹਟਾ ਦਿੱਤੇ ਜਾਣਗੇ। ਧਰਮੇਸ਼ ਪਟੇਲ ਵਰਤਮਾਨ ਵਿੱਚ ਕਤਲ ਦੀ ਕੋਸ਼ਿਸ਼ ਦੇ ਤਿੰਨ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਬਹੁਤ ਲੰਬੀ ਕੈਦ ਦੀ ਸਜ਼ਾ ਹੋ ਸਕਦੀ ਹੈ, ਪਰ ਮਾਨਸਿਕ ਸਿਹਤ ਡਾਇਵਰਸ਼ਨ ਪ੍ਰੋਗਰਾਮ ਦੇ ਕਾਰਨ ਉਸਨੂੰ ਸਜ਼ਾ ਨਹੀਂ ਕੱਟਣੀ ਪੈ ਸਕਦੀ ਹੈ।

ਧਰਮੇਸ਼ ਪਟੇਲ ਨੂੰ ਮਨੋਵਿਗਿਆਨਕ ਇਲਾਜ ਕਰਵਾਉਣ ਦੀ ਆਗਿਆ ਦਿੰਦੇ ਹੋਏ, ਸੈਨ ਮਾਟੇਓ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਸੁਜ਼ਨ ਜੈਕੂਬੋਵਸਕੀ ਨੇ ਕਿਹਾ ਕਿ ਧਰਮੇਸ਼ ਪਟੇਲ ਇੱਕ ਉਦਾਰ ਅਤੇ ਪਿਆਰ ਕਰਨ ਵਾਲਾ ਵਿਅਕਤੀ ਹੈ ਜਿਸ ਦੀ ਕੈਦ ਦੀ ਬਜਾਏ ਘਰ ਵਿੱਚ ਬਿਹਤਰ ਸੇਵਾ ਕੀਤੀ ਜਾਵੇਗੀ। ਕੇਸ ਦੀ ਅਗਲੀ ਸੁਣਵਾਈ ਪਹਿਲੀ ਜੁਲਾਈ ਨੂੰ ਹੋਣੀ ਹੈ ਜਦੋਂ ਧਰਮੇਸ਼ ਪਟੇਲ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਉਸ ਤੋਂ ਬਾਅਦ ਹੀ ਉਸ ਦੀ ਰਿਹਾਈ ਦਾ ਹੁਕਮ ਜਾਰੀ ਕੀਤਾ ਜਾ ਸਕਦਾ ਹੈ।

ਜੇਲ ਤੋਂ ਬਾਹਰ ਆਉਣ ਤੋਂ ਪਹਿਲਾਂ ਧਰਮੇਸ਼ ਪਟੇਲ ਨੂੰ ਤਿੰਨ ਹਫਤਿਆਂ ਦਾ ਬ੍ਰਿਜ ਪ੍ਰੋਗਰਾਮ ਤੋਂ ਗੁਜ਼ਰਨਾ ਹੋਵੇਗਾ ਅਤੇ ਨਿਯਮਿਤ ਇਲਾਜ ਵੀ ਕਰਵਾਉਣਾ ਹੋਵੇਗਾ, ਤਾਂ ਜੋ ਉਨ੍ਹਾਂ ਦੇ ਮੌਜੂਦਾ ਇਲਾਜ 'ਚ ਕੋਈ ਦਿੱਕਤ ਨਾ ਆਵੇ। ਅਦਾਲਤ ਦੁਆਰਾ ਲਗਾਈਆਂ ਗਈਆਂ ਸ਼ਰਤਾਂ ਅਨੁਸਾਰ, ਧਰਮੇਸ਼  ਪਟੇਲ ਨੂੰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਇੱਕ ਜੀਪੀਐਸ GPS o ਡਿਵਾਈਸ ਪਹਿਨਣੀ ਪਵੇਗੀ, ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਗੱਲ ਨਹੀਂ ਕਰ ਸਕਦਾ ਹੈ ਅਤੇ ਇਲਾਜ ਤੋਂ ਇਲਾਵਾ ਸੈਨ ਮਾਟੇਓ ਕਾਉਂਟੀ ਨਹੀਂ ਛੱਡ ਸਕਦਾ ਹੈ। ਧਰਮੇਸ਼ ਪਟੇਲ ਪੇਸ਼ੇ ਤੋਂ ਇੱਕ ਰੇਡੀਓਲੋਜਿਸਟ ਹੈ, ਪਰ ਉਹ ਉਦੋਂ ਤੱਕ ਖੁਦ ਅਭਿਆਸ ਨਹੀਂ ਕਰ ਸਕਦਾ ਜਦੋਂ ਤੱਕ ਉਸਦਾ ਆਪਣਾ ਇਲਾਜ ਪੂਰਾ ਨਹੀਂ ਹੋ ਜਾਂਦਾ।


author

Harinder Kaur

Content Editor

Related News