2 ਸਾਲਾ ਬੱਚੇ ਦੀ ਮੌਤ ਦਾ ਮਾਮਲਾ: ਪੋਸਟਮਾਰਟਮ ਦੀ ਮੁੱਢਲੀ ਰਿਪੋਰਟ ’ਚ ਹੋਇਆ ਵੱਡਾ ਖੁਲਾਸਾ
Saturday, Jun 10, 2023 - 06:35 PM (IST)
ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਬਾਲ ਵਿਭਾਗ ਵਿਚ 2 ਸਾਲ ਦੇ ਬੱਚੇ ਦੀ ਮੌਤ ਦੇ ਮਾਮਲੇ ਵਿਚ ਪੋਸਟਮਾਰਟਮ ਰਿਪੋਰਟ ਵਿਚ ਨਵਾਂ ਖੁਲਾਸਾ ਹੋਇਆ ਹੈ। ਬੀਤੇ ਦਿਨ ਹਸਪਤਾਲ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਸਟਾਫ਼ ਨਰਸ ਸਮੇਤ ਬੱਚਾ ਵਿਭਾਗ ਦੇ 8 ਡਾਕਟਰਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ ਜਦਕਿ ਮਾਪਿਆਂ ਨੇ ਟੀਮ ਅੱਗੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਬੱਚੇ ਦੀ ਮ੍ਰਿਤਕ ਦੇਹ ਦੇ ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰਾਂ ਵੱਲੋਂ ਕੀਤੇ ਮੁੱਢਲੇ ਪੋਸਟਮਾਰਟਮ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੇ ਦੀ ਮੌਤ ਟੀਕਾ ਰਿਐਕਸ਼ਨ ਕਾਰਨ ਹੋਈ ਹੈ। ਇਹ ਟੀਕਾ ਕਿਹੜਾ ਸੀ, ਇਹ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ- ਫਰੀਦਕੋਟ ਦੀ ਹਰਪ੍ਰੀਤ ਕੌਰ ਨੇ ਕੈਨੇਡਾ 'ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਮਾਂ-ਪਿਓ ਨੂੰ ਮਿਲ ਰਹੀਆਂ ਵਧਾਈਆਂ
ਫਿਲਹਾਲ ਬੱਚੇ ਦੇ ਵਿਸਰਾ ਤੇ ਸਰੀਰ ਦੇ ਹੋਰ ਅੰਗ ਲੈ ਕੇ ਜਾਂਚ ਲਈ ਖਰੜ ਦੀ ਸਰਕਾਰੀ ਲੈਬਾਰਟਰੀ ਭੇਜ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਲੈਬਾਰਟਰੀ ਤੋਂ ਸਮਰੀ ਰਿਪੋਰਟ ਆਉਣ ਵਿਚ ਘੱਟੋ-ਘੱਟ ਇਕ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ਸ਼ੁੱਕਰਵਾਰ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਗਠਿਤ ਕਮੇਟੀ ਵੱਲੋਂ ਸਟਾਫ਼ ਨਰਸ ਸਮੇਤ ਅੱਠ ਡਾਕਟਰਾਂ ਦੇ ਬਿਆਨ ਕਲਮਬੰਦ ਕੀਤੇ ਗਏ। ਸਟਾਫ਼ ਨਰਸ ਨੇ ਆਪਣੇ ਬਿਆਨ ਵਿਚ ਕਮੇਟੀ ਨੂੰ ਦੱਸਿਆ ਹੈ ਕਿ ਉਸ ਨੇ ਕੋਈ ਗਲਤ ਟੀਕਾ ਨਹੀਂ ਲਾਇਆ ਹੈ, ਨਿਯਮਾਂ ਅਨੁਸਾਰ ਹੀ ਟੀਕਾ ਲਾਇਆ ਗਿਆ ਹੈ। ਇਲਾਜ ਲਈ ਡਾਕਟਰਾਂ ਵੱਲੋਂ ਦਿੱਤੀ ਸਲਾਹ ਦੀ ਪਾਲਣਾ ਕੀਤੀ ਜਾਂਦੀ ਹੈ। ਦੂਜੇ ਪਾਸੇ ਡਾਕਟਰਾਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਬੱਚੇ ਦਾ ਇਲਾਜ ਠੀਕ ਚੱਲ ਰਿਹਾ ਸੀ ਪਰ ਅਚਾਨਕ ਉਸ ਦੀ ਹਾਲਤ ਵਿਗੜ ਗਈ। ਉਨ੍ਹਾਂ ਨੇ ਬੱਚੇ ਦੀ ਕੀਮਤੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ।
ਹਸਪਤਾਲ ਦੇ ਬਾਲ ਰੋਗ ਵਿਭਾਗ ਦੇ ਸੀਨੀਅਰ ਡਾਕਟਰ ਨੇ ਵੀ ਕਿਹਾ ਕਿ ਉਹ ਆਪਣੀ ਟੀਮ ਦਾ ਮਾਰਗਦਰਸ਼ਨ ਕਰ ਰਹੇ ਹਨ ਤੇ ਉਨ੍ਹਾਂ ਨਾਲ ਪੂਰੀ ਤਰ੍ਹਾਂ ਸੰਪਰਕ ਵਿਚ ਹਨ। ਟੀਮ ਨੇ ਬੱਚੇ ਦੀ ਜਾਨ ਬਚਾਉਣ ਦੀ ਆਪਣੀ ਜ਼ਿੰਮੇਵਾਰੀ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਈ ਹੈ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਵਲੋਂ ਬੱਚੇ ਦੇ ਮਾਪਿਆਂ ਦੇ ਬਿਆਨ ਲੈਣ ਲਈ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਕਮੇਟੀ ਵੱਲੋਂ ਸ਼ਨੀਵਾਰ ਨੂੰ ਸੰਖੇਪ ਰਿਪੋਰਟ ਤਿਆਰ ਕਰ ਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਪੈਨਸ਼ਨਧਾਰਕਾਂ ਨੂੰ ਮਿਲੇਗੀ ਵੱਡੀ ਰਾਹਤ, ਪੰਜਾਬ ਸਰਕਾਰ ਲੈਣ ਜਾ ਰਹੀ ਇਹ ਫ਼ੈਸਲਾ
ਬਾਲ ਵਿਭਾਗ ਦੀ ਮੁੱਖੀ ਨੇ ਮੀਡੀਆ ਤੋਂ ਬਣਾਈ ਦੂਰੀ, ਪੱਤਰਕਾਰਾਂ ਦੇ ਫੋਨ ਨੂੰ ਕਰਦੀ ਹੈ ਨਜ਼ਰਅੰਦਾਜ਼
ਇਸ ਮਾਮਲੇ ਦੀ ਜਾਂਚ ਲਈ ਹਸਪਤਾਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਵਿਭਾਗ ਦੀ ਮੁਖੀ ਡਾ. ਮਨਮੀਤ ਕੌਰ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਉਹ ਅਜਿਹੀ ਅਧਿਕਾਰੀ ਹੈ, ਜੋ ਨਾ ਤਾਂ ਆਮ ਲੋਕਾਂ ਦਾ ਫੋਨ ਚੁੱਕਦੀ ਹੈ ਤੇ ਨਾ ਹੀ ਮੀਡੀਆ ਕਰਮਚਾਰੀਆਂ ਦਾ। ਮਰੀਜ਼ਾਂ ਅਤੇ ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜੇਕਰ ਕੋਈ ਉਨ੍ਹਾਂ ਨਾਲ ਸੰਪਰਕ ਕਰਦਾ ਹੈ ਤਾਂ ਵੀ ਇਹ ਅਧਿਕਾਰੀ ਉਨ੍ਹਾਂ ਦਾ ਫ਼ੋਨ ਨਹੀਂ ਚੁੱਕਦੀ। ਇਕ ਪਾਸੇ ਸਰਕਾਰ ਅਧਿਕਾਰੀਆਂ ਨੂੰ ਲੋਕਾਂ ਦੀ ਸੇਵਾ ਕਰਨ ਦੇ ਨਿਰਦੇਸ਼ ਦਿੰਦੀ ਹੈ ਪਰ ਡਾ. ਮਨਮੀਤ ਮਰੀਜ਼ਾਂ ਦਾ ਦੁੱਖ ਸਮਝਣ ਤੋਂ ਬੇਵੱਸ ਜਾਪਦੀ ਹੈ। ਜਦੋਂ ਬੱਚੇ ਦੀ ਮੌਤ ਸਬੰਧੀ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨੂੰ ਅਣਦੇਖਾ ਕਰ ਦਿੱਤਾ ਅਤੇ ਬਾਅਦ ਵਿਚ ਜਦੋਂ ਉਨ੍ਹਾਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਵੀ ਡਾ. ਮਨਮੀਤ ਕੌਰ ਮੀਡੀਆ ਦਾ ਫ਼ੋਨ ਨਹੀਂ ਚੁੱਕਦੇ।
ਇਹ ਵੀ ਪੜ੍ਹੋ- ਲਾਵਾਰਿਸ ਪਸ਼ੂਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਪੰਜਾਬ ਕੈਬਨਿਟ ਦਾ ਅਹਿਮ ਫ਼ੈਸਲਾ
ਪੋਸਟਮਾਰਟਮ ਦੀ ਮੁੱਢਲੀ ਜਾਂਚ ਵਿਚ ਟੀਕੇ ਦਾ ਰਿਐਕਸ਼ਨ ਆਇਆ ਹੈ ਸਾਹਮਣੇ :ਡਾ. ਕੁਲਦੀਪ
ਸਰਕਾਰੀ ਮੈਡੀਕਲ ਕਾਲਜ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਡਾ. ਕੁਲਦੀਪ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਟਰ ਦੀ ਜਾਂਚ ਵਿੱਚ ਟੀਕੇ ਦਾ ਰਿਐਕਸ਼ਨ ਸਾਹਮਣੇ ਆਇਆ ਹੈ, ਜੋ ਜਾਂਚ ਦਾ ਵਿਸ਼ਾ ਹੈ, ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ ਅਤੇ ਫੋਰੈਂਸਿਕ ਵਿਭਾਗ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦਾ ਵਿਸੇਰਾ ਸਰਕਾਰੀ ਸੰਸਥਾ ਖਰੜ ਵਿਖੇ ਜਾਂਚ ਲਈ ਭੇਜਿਆ ਗਿਆ ਹੈ।
ਮਾਪੇ ਜਿਸ ਟੀਕੇ ਦੀ ਗੱਲ ਕਰ ਰਹੇ ਹਨ, ਉਹ ਹਸਪਤਾਲ ਵਿਚ ਨਹੀਂ ਹੈ ਉਪਲਬਧ : ਮੈਡੀਕਲ ਸੁਪਰਡੈਂਟ
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕਰਮਜੀਤ ਸਿੰਘ ਨੇ ਦੱਸਿਆ ਕਿ ਜਿਸ ਟੀਕੇ ਨਾਲ ਬੱਚੇ ਦੀ ਮੌਤ ਦਾ ਮੁੱਖ ਕਾਰਨ ਮਾਪਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਉਹ ਟੀਕਾ ਹਸਪਤਾਲ ਵਿਚ ਵਰਤਿਆ ਨਹੀਂ ਜਾਂਦਾ, ਇੱਥੋਂ ਤੱਕ ਕਿ ਹਸਪਤਾਲ ਦੇ ਬਾਹਰ ਮੌਜੂਦ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਵੀ ਇਹ ਟੀਕਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਦੀ ਜਾਂਚ ਦਾ ਵਿਸ਼ਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਬੱਚੇ ਦੇ ਮਾਪਿਆਂ ਨੂੰ ਬਿਆਨ ਲੈਣ ਲਈ ਬੁਲਾਇਆ ਗਿਆ ਸੀ ਪਰ ਉਹ ਕਿਸੇ ਕੰਮ ਕਾਰਨ ਨਹੀਂ ਆ ਸਕੇ। ਉਨ੍ਹਾਂ ਦੇ ਸ਼ਨੀਵਾਰ ਨੂੰ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਇਮਾਨਦਾਰੀ ਨਾਲ ਕੀਤੀ ਜਾ ਰਹੀ ਹੈ, ਜਾਂਚ ਵਿਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦੇ ਹਨ।
ਇਹ ਵੀ ਪੜ੍ਹੋ- ਆਸਾਮ 'ਚ ਡਿਊਟੀ ਕਰ ਰਹੇ ਪੰਜਾਬ ਦੇ ਫ਼ੌਜੀ ਜਵਾਨ ਨਾਲ ਵਾਪਰਿਆ ਭਾਣਾ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਪੋਸਟਮਾਰਟਮ ਦੀ ਸੰਖੇਪ ਰਿਪੋਰਟ ਲਈ ਇਕ ਮਾਪਿਆਂ ਤੋਂ ਵੱਧ ਮਾਪਿਆਂ ਨੂੰ ਕਰਨੀ ਪਵੇਗੀ ਇਨਸਾਫ਼ ਲਈ ਉਡੀਕ
ਪੰਜਾਬ ਅਜਿਹੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਰਕਾਰੀ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਯਤਨਸ਼ੀਲ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਦੀ ਰਿਪੋਰਟ ਖਰੜ ਦੀ ਸਰਕਾਰੀ ਲੈਬਾਰਟਰੀ ਵਿਚੋਂ ਕਈ-ਕਈ ਮਹੀਨਿਆਂ ਤੱਕ ਨਹੀ ਆਉਦੀ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਬਾਲ ਰੋਗ ਵਿਭਾਗ ਵਿਚ 2 ਸਾਲਾ ਬੱਚੇ ਦੀ ਮੌਤ ਹੋਣ ਦੇ ਮਾਮਲੇ ਵਿਚ ਬੱਚੇ ਦੇ ਵਿਸੇਰਾ ਅਤੇ ਹੋਰ ਅੰਗਾਂ ਨੂੰ ਖਰੜ ਦੀ ਸਰਕਾਰੀ ਲੈਬਾਰਟਰੀ ਵਿਚ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਆਵੇਗੀ, ਇਸ ਦੌਰਾਨ ਮਾਪਿਆਂ ਨੂੰ ਇਨਸਾਫ਼ ਲਈ ਲੰਮਾ ਸਮਾਂ ਉਡੀਕ ਕਰਨੀ ਪਵੇਗੀ। ਸਰਕਾਰ ਨੂੰ ਪੋਸਟਮਾਰਟਮ ਦੀ ਰਿਪੋਰਟ ਸਮੇਂ ਸਿਰ ਦਿਵਾਉਣ ਲਈ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਪੀੜਤਾਂ ਨੂੰ ਸਮੇਂ ਸਿਰ ਨਿਆਂ ਮਿਲ ਸਕੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।