ਮਾਸਕ ਤੇ ਹੈਂਡ ਸੈਨੇਟਾਈਜ਼ਰ ਜ਼ਰੂਰੀ ਵਸਤਾਂ ਦੀ ਸੂਚੀ ’ਚ ਸ਼ਾਮਲ

03/22/2020 12:11:46 AM

ਚੰਡੀਗਡ਼੍ਹ, (ਸ਼ਰਮਾ)- ਨੋਵਲ ਕਰੋਨਾ ਵਾਇਰਸ (ਕੋਵਿਡ-19) ਫੈਲਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਸ਼ਨੀਵਾਰ ਨੂੰ ਮਾਸਕ (2 ਪਲਾਈ ਤੇ 3 ਪਲਾਈ ਸਰਜੀਕਲ ਮਾਸਕ, ਐਨ 95 ਮਾਸਕ) ਤੇ ਹੈਂਡ ਸੈਨੇਟਾਈਜ਼ਰ ਨੂੰ ਜ਼ਰੂਰੀ ਵਸਤਾਂ ਦੀ ਸੂਚੀ ’ਚ ਸ਼ਾਮਲ ਕੀਤਾ ਹੈ, ਜਿਸ ਤਹਿਤ ਦੁਕਾਨਦਾਰਾਂ ਵਲੋਂ ਖਪਤਕਾਰਾਂ ਕੋਲੋਂ ਇਨ੍ਹਾਂ ਦੀ ਨਿਰਧਾਰਤ ਕੀਮਤ ਹੀ ਵਸੂਲੀ ਜਾ ਸਕੇਗੀ। ਇਸ ਦਾ ਖੁਲਾਸਾ ਕਰਦਿਆਂ ਅੱਜ ਇਥੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਫੈਸਲਾ ਕੋਵਿਡ-19 ਦੇ ਫੈਲਣ ਦੌਰਾਨ ਦੁਕਾਨਦਾਰਾਂ, ਸਟਾਕਿਸਟਾਂ, ਡੀਲਰਾਂ ਵਲੋਂ ਮਾਸਕ ਤੇ ਹੈਂਡ ਸੈਨੇਟਾਈਜ਼ਰ ਅਤੇ ਹੋਰ ਅਜਿਹੀਆਂ ਵਸਤਾਂ ਦੀ ਜਮ੍ਹਾਖੋਰੀ ਕੀਤੇ ਜਾਣ ਦੀਆਂ ਰਿਪੋਰਟਾਂ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਲਿਆ ਗਿਆ ਹੈ। ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਕਮੋਡੀਟੀਜ਼ ਪ੍ਰਾਈਸ ਮਾਰਕਿੰਗ ਐਂਡ ਡਿਸਪਲੇ ਕੰਟਰੋਲ ਆਰਡਰ, 1992, ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਸਕ (2 ਪਲਾਈ ਤੇ 3 ਪਲਾਈ ਸਰਜੀਕਲ ਮਾਸਕ, ਐਨ 95 ਮਾਸਕ) ਤੇ ਹੈਂਡ ਸੈਨੇਟਾਈਜ਼ਰ ਨੂੰ ਜ਼ਰੂਰੀ ਵਸਤਾਂ ਦੀ ਸੂਚੀ ’ਚ ਸ਼ਾਮਲ ਕੀਤਾ ਹੈ। ਸਬੰਧਤ ਜ਼ਿਲਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਵੈਂਡਰਾਂ, ਸਟਾਕਿਸਟਾਂ ਤੇ ਡੀਲਰਾਂ ਨੂੰ ਇਹ ਹੁਕਮ ਜਾਰੀ ਕਰਨਗੇ ਕਿ ਉਹ ਇਨ੍ਹਾਂ ਵਸਤਾਂ ਅਤੇ ਹੋਰ ਜ਼ਰੂਰੀ ਵਸਤਾਂ ਨੂੰ ਆਪਣੇ ਵਪਾਰਕ ਅਦਾਰੇ ਦੇ ਨੇਡ਼ੇ ਆਪਣੇ ਕੰਮ ਦੇ ਸਮੇਂ ਦੌਰਾਨ ਪ੍ਰਦਰਸ਼ਤ ਕਰਨਗੇ ਅਤੇ ਇਨ੍ਹਾਂ ਦੀ ਨਿਰਧਾਰਤ ਕੀਮਤ ਸੂਚੀ ਵੀ ਗੁਰਮੁਖੀ ਅੱਖਰਾਂ ’ਚ ਲਿਖ ਕੇ ਲਗਾਉਣੀ ਯਕੀਨੀ ਬਣਾਉਣਗੇ।


Bharat Thapa

Content Editor

Related News