ਸ਼ਹਿਰ ’ਚ ਪੁੱਜੀ ਹਥਿਆਰਾਂ ਦੀ ਵੱਡੀ ਖੇਪ, ਫੜੇ ਜਾਣ ਤੋਂ ਬਾਅਦ ਹੀ ਹੋਵੇਗਾ ਖੁਲਾਸਾ

Thursday, Apr 06, 2023 - 02:34 PM (IST)

ਸ਼ਹਿਰ ’ਚ ਪੁੱਜੀ ਹਥਿਆਰਾਂ ਦੀ ਵੱਡੀ ਖੇਪ, ਫੜੇ ਜਾਣ ਤੋਂ ਬਾਅਦ ਹੀ ਹੋਵੇਗਾ ਖੁਲਾਸਾ

ਫਿਲੌਰ (ਭਾਖੜੀ) : ਸ਼ਹਿਰ ’ਚ ਹਥਿਆਰਾਂ ਦੀ ਵੱਡੀ ਖੇਪ ਪੁੱਜੀ ਹੋਈ ਸੀ। ਗੁਆਂਢੀ ਦੇ ਨਾਲ ਮਾਮੂਲੀ ਬਹਿਸਬਾਜ਼ੀ ਕਾਰਨ ਚੱਲੀਆਂ ਗੋਲੀਆਂ ਤੋਂ ਬਾਅਦ ਇਹ ਰਹੱਸ ਖੁੱਲਿਆ। ਕੱਚੇ ਘਰਾਂ ਅਤੇ ਝੁੱਗੀਆਂ-ਝੌਂਪੜੀਆਂ ’ਚ ਰਹਿਣ ਵਾਲੇ ਇਹ ਲੜਕੇ ਕਿਸੇ ਵੱਡੇ ਗਿਰੋਹ ਨੂੰ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ ਜਾਂ ਫਿਰ ਖੁਦ ਦਾ ਗਿਰੋਹ ਚਲਾ ਰਹੇ ਸਨ। ਉਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਹੀ ਇਸ ਰਹੱਸ ਤੋਂ ਪਰਦਾ ਉੱਠੇਗਾ। ਅੱਜ-ਕੱਲ ਨਾਜਾਇਜ਼ ਹਥਿਆਰ, ਰਿਵਾਲਵਰ ਜਾਂ ਫਿਰ ਪਿਸਤੌਲ ਰੱਖਣਾ ਨੌਜਵਾਨਾਂ ਦਾ ਫੈਸ਼ਨ ਬਣ ਚੁੱਕਾ ਹੈ। ਦੂਜਾ ਕੁਝ ਗਿਰੋਹਾਂ ਦੇ ਮੈਂਬਰ ਆਸਾਨੀ ਨਾਲ ਮਿਲਣ ਵਾਲੇ ਇਨ੍ਹਾਂ ਹਥਿਆਰਾਂ ਨੂੰ ਖਰੀਦ ਕੇ ਕੁਝ ਹੀ ਦਿਨਾਂ ਵਿਚ ਆਪਣਾ ਇਕ ਵੱਡਾ ਗਿਰੋਹ ਬਣਾ ਲੈਂਦੇ ਹਨ । ਨਾਜਾਇਜ਼ ਹਥਿਆਰਾਂ ਦੀ ਵਰਤੋਂ ਆਪਣੇ ਦੁਸ਼ਮਣ ਗੈਂਗ ਤੋਂ ਬਦਲਾ ਲੈਣ ਜਾਂ ਫਿਰ ਵੱਡੇ ਕਾਰੋਬਾਰੀਆਂ ਨੂੰ ਫੋਨ ’ਤੇ ਧਮਕਾ ਕੇ ਉਨ੍ਹਾਂ ਤੋਂ ਫਿਰੌਤੀ ਮੰਗਣ ਲਈ ਇਸ ਦੀ ਵਰਤੋਂ ਕਰਨ ਲਗ ਪਏ ਹਨ। ਇਸੇ ਹੀ ਤਰ੍ਹਾਂ ਦੇ ਖਤਰਨਾਕ ਗਿਰੋਹ ਦਾ ਪਤਾ ਬੀਤੇ ਦਿਨ ਸਥਾਨਕ ਪੁਲਸ ਨੂੰ ਲੱਗਾ। ਗਿਰੋਹ ਦੇ ਇਹ ਲੋਕ ਸ਼ਹਿਰ ਦੇ ਬਾਹਰ ਕਿਸੇ ਕਿਰਾਏ ਦੇ ਕੱਚੇ ਘਰਾਂ ਵਿਚ ਅਤੇ ਕੁਝ ਝੁੱਗੀਆਂ ਪਾ ਕੇ ਰਹਿ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਵੱਡੇ ਨੇਤਾਵਾਂ ਦਾ ਭਵਿੱਖ ਤੈਅ ਕਰੇਗੀ ‘ਜਲੰਧਰ’ ਸੀਟ! ਹੋਵੇਗਾ ਚਹੁੰਤਰਫਾ ਮੁਕਾਬਲਾ

ਆਮ ਜਨਤਾ ਦੀ ਨਜ਼ਰ ਵਿਚ ਇਹ ਲੋਕ ਮਿਹਨਤ ਮਜ਼ਦੂਰੀ ਕਰ ਕੇ ਦੋ ਵਕਤ ਦੀ ਰੋਟੀ ਮੁਸ਼ਕਲ ਨਾਲ ਕਮਾ ਸਕਣ ਵਾਲਿਆਂ ਵਿਚ ਸਨ ਪਰ ਇਨ੍ਹਾਂ ਗਿਰੋਹ ਦੇ ਲੜਕਿਆਂ ਦੇ ਤਾਰ ਹੁਣ ਵੱਡੇ ਨਾਮੀ ਗੈਂਗਸਟਰਾਂ ਨਾਲ ਜੁੜੇ ਹੋਏ ਨਿਕਲੇ। ਇਸ ਗਿਰੋਹ ਦਾ ਵੀ ਪਤਾ ਪੁਲਸ ਨੂੰ ਬੀਤੇ ਦਿਨ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਵਿਚੋਂ ਇਕ ਲੜਕੇ ਦੀ ਆਪਣੇ ਗੁਆਂਢੀ ਨਾਲ ਮਾਮੂਲੀ ਬਹਿਸਬਾਜ਼ੀ ਦੌਰਾਨ ਝਗੜਾ ਹੋ ਗਿਆ ਤਾਂ ਉਸ ਨੇ ਆਪਣੇ ਸਾਥੀ ਲੜਕਿਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਉਥੇ ਪੁੱਜ ਕੇ ਗੁਆਂਢੀਂ ਦੇ ਘਰ ’ਤੇ ਹਮਲਾ ਕਰਦਿਆਂ 5 - 6 ਰਾਊਂਡ ਫਾਇਰ ਕੀਤੇ। ਗੋਲੀਆਂ ਦੀ ਆਵਾਜ਼ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਲੋਕ ਡਰ ਕੇ ਆਪਣੇ ਘਰਾਂ ਦੇ ਅੰਦਰ ਚਲੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਜਦੋਂ ਸਥਾਨਕ ਪੁਲਸ ਮੌਕੇ ’ਤੇ ਪੁੱਜੀ ਤਾ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਥੋਂ ਦੇ ਹੀ ਰਹਿਣ ਵਾਲੇ ਮਾਮੂਲੀ ਜਿਹੇ ਦਿਖਣ ਵਾਲੇ ਉਨ੍ਹਾਂ ਲੜਕਿਆਂ ਨੇ ਉਥੇ ਗੋਲੀਆਂ ਚਲਾਈਆਂ ਹਨ। ਪੁਲਸ ਨੂੰ ਜ਼ਮੀਨ ’ਤੇ ਡਿੱਗੇ ਖਾਲੀ ਖੋਲ ਵੀ ਮਿਲੇ, ਜਿਨ੍ਹਾਂ ਨੂੰ ਉਨ੍ਹਾਂ ਨੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਇਸ ਗਿਰੋਹ ਦੇ ਇਕ ਲੜਕੇ ਨੂੰ ਗ੍ਰਿਫਤਾਰ ਕਰ ਕੇ ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਸਾਥੀ ਯੂ. ਪੀ. ਤੋਂ 3 - 4 ਨਾਜਾਇਜ਼ ਪਿਸਤੌਲਾਂ ਲੈ ਕੇ ਆਏ ਹੋਏ ਹਨ। ਉਸ ਦਿਨ ਹੋਏ ਝਗੜੇ ਵਿਚ ਉਨ੍ਹਾਂ ਹੀ ਵਿਚੋਂ ਇਕ ਪਿਸਤੌਲ ਦੀ ਵਰਤੋਂ ਕਰ ਕੇ ਗੋਲੀਆਂ ਚਲਾਈਆਂ ਗਈਆਂ ਸਨ। ਪੁਲਸ ਉਕਤ ਲੋਕਾਂ ਨੂੰ ਫੜਨ ਵਿਚ ਸਰਗਰਮੀ ਨਾਲ ਲੱਗੀ ਹੋਈ ਹੈ, ਜੋ ਹੁਣ ਤੱਕ ਪੁਲਸ ਦੇ ਹੱਥ ਨਹੀਂ ਚੜ੍ਹੇ।

ਇਹ ਵੀ ਪੜ੍ਹੋ : ਕੀ ਫਿਰ ਬਦਲੇਗਾ ਪ੍ਰਾਪਰਟੀ ਟੈਕਸ ਤੇ ਪਾਣੀ-ਸੀਵਰੇਜ ਦੇ ਬਿੱਲਾਂ ਦੀ ਵਸੂਲੀ ਦਾ ਬਜਟ ਟਾਰਗੈੱਟ?

ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਸ ਦਿਨ ਇਸ ਤਰ੍ਹਾਂ ਗੋਲੀਆਂ ਨਾ ਚੱਲਦੀਆਂ ਤਾਂ ਕਿਸੇ ਨੂੰ ਵੀ ਉਨ੍ਹਾਂ ਦੀਆਂ ਗੈਰ-ਕਾਨੂੰਨੀ ਹਰਕਤਾਂ ਦਾ ਪਤਾ ਨਹੀਂ ਲੱਗਣਾ ਸੀ। ਉਨ੍ਹਾਂ ਲੜਕਿਆਂ ਦੇ ਸਬੰਧ ਅੱਗੇ ਕਿਹੜੇ ਵੱਡੇ ਗੈਂਗਸਟਰਾਂ ਨਾਲ ਹਨ ਅਤੇ ਉਹ ਪਹਿਲਾਂ ਕਿੰਨੀ ਵਾਰ ਬਾਹਰੋਂ ਹਥਿਆਰ ਲਿਆ ਕੇ ਉਨ੍ਹਾਂ ਨੂੰ ਦੇ ਚੁੱਕੇ ਹਨ ਜਾਂ ਫਿਰ ਇਨ੍ਹਾਂ ਦੀ ਵਰਤੋਂ ਉਹ ਖੁਦ ਕਰਨ ਵਾਲੇ ਸਨ। ਇਸ ਦਾ ਪਤਾ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਲੱਗੇਗਾ। ਇਸ ਸਬੰਧੀ ਪੁੱਛਣ ’ਤੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਗਿਰੋਹ ਨੂੰ ਕਾਬੂ ਕਰਨ ਲਈ ਉਨ੍ਹਾਂ ਦੀ ਪੁਲਸ ਪਾਰਟੀ ਸਰਗਰਮੀ ਨਾਲ ਭਾਲ ਵਿਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਸਕੂਲ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News