ਘਰ ਸੱਦਿਆ ਆੜ੍ਹਤੀਆ ਤੇ ਅੱਗੇ ਬੈਠੀ ਸੀ ਅੱਧ ਨ... ਔਰਤ, ਕਹਿੰਦੀ ਪਰਚਾ ਕਰਾ ਦੂੰ ਜਾਂ ਦੇ 5 ਲੱਖ
Thursday, Oct 10, 2024 - 06:12 PM (IST)
ਜਲੰਧਰ : ਜ਼ਿਲ੍ਹਾ ਜਲੰਧਰ ਦਿਹਾਤੀ ਦੀ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਸ਼ਾਹਕੋਟ ਦੀ ਪੁਲਸ ਪਾਰਟੀ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਇਆਂ ਭੋਲੇ ਭਾਲੇ ਲੋਕਾਂ ਨੂੰ ਝਾਂਸੇ 'ਚ ਲੈ ਕੇ ਜਬਰੀ ਪੈਸਿਆ ਦੀ ਪ੍ਰਾਪਤੀ ਕਰਨ ਵਾਲੇ ਗਿਰੋਹ ਦੇ 06 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਉਂਕਾਰ ਸਿੰਘ ਬਰਾੜ, ਪੀਪੀਐੱਸ, ਉਪ ਪੁਲਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਾਣਯੋਗ ਸ਼੍ਰੀ ਹਰਕੰਵਲਪ੍ਰੀਤ ਸਿੰਘ ਖੱਖ, ਪੀਪੀਐੱਸ, ਸੀਨੀਅਰ ਪੁਲਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਜਸਰੂਪ ਕੌਰ ਬਾਠ, ਆਈਪੀਐੱਸ, ਪੁਲਸ ਕਪਤਾਨ (ਤਫਤੀਸ਼) ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਸ ਪਾਰਟੀ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਝਾਂਸੇ 'ਚ ਲੈ ਕੇ ਜਬਰੀ ਪੈਸਿਆ ਦੀ ਪ੍ਰਾਪਤੀ ਕਰਨ ਵਾਲੇ ਗਿਰੋਹ ਦੇ 06 ਮੈਂਬਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪੀੜਤ ਨਰਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜੈਨਪੁਰ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਉਮਰ ਕਰੀਬ 65 ਸਾਲ ਨੇ ਪੁਲਸ ਪਾਸ ਆਪਣਾ ਬਿਆਨ ਦਿੱਤਾ ਸੀ ਕਿ ਉਹ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਆੜ੍ਹਤ ਦੀ ਦੁਕਾਨ ਕਰਦਾ ਹੈ। ਮਿਤੀ 01.09.24 ਨੂੰ ਫੋਨ ਆਇਆ ਕਿ ਜੇਕਰ ਤੁਹਾਨੂੰ ਲੇਬਰ ਦੀ ਲੋੜ ਹੈ ਤਾਂ ਸੈਦਪੁਰ ਆ ਜਾਉ। ਜਦੋਂ ਉਹ ਸੈਦਪੁਰ ਝਿੜੀ ਪੁੱਜਾ ਤਾਂ ਉੱਥੇ ਇੱਕ ਵਿਅਕਤੀ ਉਸ ਨੂੰ ਇੱਕ ਘਰ ਦੇ ਅੰਦਰ ਲੈ ਗਿਆ ਜਿੱਥੇ ਇੱਕ ਅੱਧ ਨਗਨ ਔਰਤ ਬੈਠੀ ਸੀ ਤੇ ਉਸ ਦੇ ਮਗਰ 03 ਹੋਰ ਵਿਅਕਤੀ ਆ ਗਏ, ਜਿਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਜਬਰ ਜਨਾਹ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸ ਪਾਸੋਂ 05 ਲੱਖ ਰੁਪਏ ਦੀ ਮੰਗ ਕੀਤੀ ਤੇ ਉਸ ਦੀ ਪੈਂਟ ਦੀ ਜੇਬ ਵਿੱਚੋ ਪਰਸ ਜਬਰਦਸਤੀ ਕੱਢ ਲਿਆ ਜਿਸ 'ਚ 15,000 ਰੁਪਏ, 04 ਏਟੀਐੱਣ ਸਨ ਅਤੇ ਐਪਲ ਦੀ ਘੜੀ ਉਤਾਰ ਲਈ। ਇਸ ਦੌਰਾਨ ਉਸ ਦੀ ਕੁੱਟਮਾਰ ਕਰਨ ਦੀ ਵੀਡੀਉ ਵੀ ਬਣਾਈ ਗਈ ਤੇ ਫਿਰ ਉਸ ਦੀ ਗੱਡੀ 'ਚ ਆ ਕੇ ਉਸ ਨੂੰ ਡਰਾ ਧਮਕਾ ਕੇ ਉਸ ਪਾਸੋਂ 03 ਖਾਲੀ ਚੈੱਕਾਂ ਪਰ ਦਸਤਖਤ ਕਰਵਾ ਕੇ ਲੈ ਲਏ। ਇਨ੍ਹਾਂ ਵਿਅਕਤੀਆਂ ਵੱਲੋਂ ਬਾਅਦ 'ਚ ਉਸ ਦੇ ਏਟੀਐੱਮ ਵਿੱਚੋਂ 20,000 ਰੁਪਏ ਕੱਢਵਾ ਲਏ ਅਤੇ ਹੁਣ ਫਿਰ ਦੁਬਾਰਾ ਇਹ ਵਿਅਕਤੀ ਉਸ ਨੂੰ ਫੋਨ ਕਰ ਕੇ ਜਬਰ ਜਨਾਹ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 05 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਇਸ ਮਗਰੋਂ ਪੀੜਤ ਨਰਿੰਦਰ ਸਿੰਘ ਦੇ ਬਿਆਨ 'ਤੇ ਮੁਕੱਦਮਾ ਦਰਜ ਰਜਿਸਟਰ ਕਰ ਕੇ ਇਸ ਗਿਰੋਹ ਦੇ 06 ਮੈਂਬਰਾਂ ਨੂੰ ਵੱਖ ਵੱਖ ਟਿਕਾਣਿਆ 'ਤੇ ਛਾਪੇਮਾਰੀ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਅਜਿਹੀਆ ਕੀਤੀਆ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਪੇਸ਼ ਅਦਾਲਤ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਨ੍ਹਾਂ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ ਤੇ ਝੂਠੇ ਟੈਲੀਫੋਨ ਕਰ ਕੇ ਭੋਲੇ ਭਾਲੇ ਇੱਜਤਦਾਰ ਲੋਕਾਂ ਨੂੰ ਡਰਾਉਦੇ ਧਮਕਾਉਂਦੇ ਹਨ ਤੇ ਉਨ੍ਹਾਂ ਦੀ ਇੱਜਤ ਨੂੰ ਢਾਹ ਲਗਾਉਣ ਦੀ ਨੀਅਤ ਨਾਲ ਪੈਸੇ ਠੱਗਦੇ ਹਨ।
ਪੁਲਸ ਨੇ ਦੱਸਿਆ ਕਿ ਦਰਜ ਕੀਤੇ ਮੁਕੱਦਮੇ ਤਹਿਤ ਦੋਸ਼ੀਆਂ ਦੇ ਨਾਂ ਹਨ ਜੋਬਨਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚੰਨਣਵਿੰਡੀ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ, ਰਾਜੇਸ਼ ਕੁਮਾਰ ਉਰਫ ਸਨੀ ਪੁੱਤਰ ਸੋਹਣ ਲਾਲ ਵਾਸੀ ਢੰਡੋਵਾਲ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ, ਜਸਕਰਨ ਗਿੱਲ ਉਰਫ ਜੱਸਾ ਪੁੱਤਰ ਮਲਕੀਤ ਰਾਮ ਉਰਫ ਸ਼ਨੀ ਵਾਸੀ ਸੈਦਪੁਰ ਝਿੜੀ ਥਾਣਾ ਸ਼ਾਹਕੋਟ, ਬਰਜੇਸ਼ ਕੁਮਾਰ ਉਰਫ ਮੇਸ਼ੀ ਪੁੱਤਰ ਮੋਹਣ ਲਾਲ ਵਾਸੀ ਸੰਢਾਵਾਲ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ, ਬੂਟਾ ਸਿੰਘ ਉਰਫ ਬੂਟਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਬਾਲਮੀਕ ਮੁਹੱਲਾ ਤਲਵਣ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਤੇ ਬਰਖਾ ਪੁੱਤਰੀ ਰੂਪ ਸਿੰਘ ਵਾਸੀ ਮਹਿਰਾਜਵਾਲਾ ਥਾਣਾ ਲੋਹੀਆ ਜ਼ਿਲ੍ਹਾ ਜਲੰਧਰ।