ਖੇਤਾਂ ਨੂੰ ਪਾਣੀ ਲਾਉਣ ਗਏ ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Thursday, Nov 25, 2021 - 10:15 PM (IST)
ਮਮਦੋਟ (ਸ਼ਰਮਾ)-ਪੁਲਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਕੰਧਾਵਲੀ ਵਿਖੇ ਅੱਜ ਸਵੇਰੇ ਤੜਕਸਾਰ ਖੇਤਾਂ ਨੂੰ ਪਾਣੀ ਲਾਉਣ ਗਏ ਕਿਸਾਨ ਦਾ ਤੇਜ਼ਧਾਰ ਹਥਿਆਰ ਨਾਲ ਭੇਤਭਰੀ ਹਾਲਤ ’ਚ ਕਤਲ ਕਰ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਬੱਗੂ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਕੰਧਾਵਲੀ ਅੱਜ ਸਵੇਰੇ ਤਕਰੀਬਨ 3 ਵਜੇ ਆਪਣੇ ਖੇਤਾਂ ਨੂੰ ਪਾਣੀ ਲਗਾਉਣ ਲਈ ਗਿਆ ਸੀ, ਜਦੋਂ ਉਹ ਕਾਫ਼ੀ ਦੇਰ ਵਾਪਸ ਨਹੀਂ ਮੁੜਿਆ ਤਾਂ ਉਸ ਦੀ ਪਤਨੀ ਕੈਲਾਸ਼ ਰਾਣੀ ਅਤੇ ਉਸ ਦੀ ਨੂੰਹ ਸੰਤੋਸ਼ ਕੌਰ ਪਤਨੀ ਜਗਸੀਰ ਸਿੰਘ ਆਪਣੇ ਗੁਆਂਢੀ ਨੂੰ ਨਾਲ ਲੈ ਕੇ ਟਿਊਬਵੈੱਲ ’ਤੇ ਗਏ ਤਾਂ ਜਾ ਕੇ ਦੇਖਿਆ ਕਿ ਟਿਊਬਵੈੱਲ ਦੀ ਕੋਠੜੀ ਦੇ ਅੰਦਰ ਬੱਗੂ ਸਿੰਘ ਮ੍ਰਿਤਕ ਹਾਲਤ ’ਚ ਪਿਆ ਸੀ, ਜਿਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਜਿਨ੍ਹਾਂ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਸੀ ਕਿ ਬੱਗੂ ਸਿੰਘ ਦਾ ਕਤਲ ਕੀਤਾ ਗਿਆ ਹੈ। ਉਧਰ ਥਾਣਾ ਮਮਦੋਟ ਵਿਖੇ ਮ੍ਰਿਤਕ ਬੱਗੂ ਸਿੰਘ ਦੀ ਪਤਨੀ ਕੈਲਾਸ਼ ਰਾਣੀ ਵਾਸੀ ਕੰਧਾਵਲੀ ਨੇ ਆਪਣੇ ਬਿਆਨਾਂ ’ਚ ਦੋਸ਼ ਲਗਾਇਆ ਹੈ ਕਿ ਮੇਰੇ ਪਤੀ ਦਾ ਕਤਲ ਬਦਲਾ ਲੈਣ ਦੀ ਭਾਵਨਾ ਨਾਲ ਰੰਜਿਸ਼ ਤਹਿਤ ਕੀਤਾ ਗਿਆ ਹੈ ਕਿਉਂਕਿ ਕਰਨਜੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਦੀ ਮੌਤ ਸਬੰਧੀ ਮੇਰੇ ਲੜਕਿਆਂ ਅਤੇ ਸਾਡੇ ਸ਼ਰੀਕੇ ਖ਼ਿਲਾਫ ਤਕਰੀਬਨ ਦੋ ਢਾਈ ਮਹੀਨੇ ਪਹਿਲਾਂ ਪਰਚਾ ਦਰਜ ਹੋਇਆ ਸੀ ।
ਇਹ ਵੀ ਪੜ੍ਹੋ : ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਸਸਪੈਂਡ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਬਣੇ ਨਵੇਂ ਮੇਅਰ
ਜੋ ਉਸੇ ਕਤਲ ਦੀ ਰੰਜਿਸ਼ ਕਰਕੇ ਹੀ ਸਾਜ਼ਿਸ਼ ਤਹਿਤ ਇਨ੍ਹਾਂ ਸਾਰੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੇਰੇ ਪਤੀ ਬੱਗੂ ਸਿੰਘ ਦਾ ਕਤਲ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਪੁਸਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਗੂ ਸਿੰਘ ਦੀ ਪਤਨੀ ਕੈਲਾਸ਼ ਰਾਣੀ ਵਾਸੀ ਕੰਧਾਵਲੀ ਦੇ ਬਿਆਨਾਂ ’ਤੇ ਥਾਣਾ ਮਮਦੋਟ ਵਿਖੇ ਕਥਿਤ ਤੌਰ ’ਤੇ ਦੋਸ਼ੀ ਸੁਰਜੀਤ ਸਿੰਘ ਪੁੱਤਰ ਖੁਸ਼ਹਾਲ ਸਿੰਘ, ਦਰਸ਼ਨ ਸਿੰਘ ਪੁੱਤਰ ਖੁਸ਼ਹਾਲ ਸਿੰਘ , ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕਰਨਜੀਤ ਸਿੰਘ ਪੁੱਤਰ ਗੁਰਮੀਤ ਸਿੰਘ , ਨਵਨੀਤ ਸਿੰਘ ਪੁੱਤਰ ਸੁਰਜੀਤ ਸਿੰਘ , ਮਿੱਠਣ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਕੰਧਾਵਲੀ ਖ਼ਿਲਾਫ਼ ਥਾਣਾ ਮਮਦੋਟ ਵਿਖੇ ਅ/ਧ 302, 148, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।