ਬਲੈਰੋ ਗੱਡੀ 'ਚ ਆਏ 4 ਨੌਜਵਾਨਾਂ ਤੇ ਠੇਕੇ ਦੇ ਕਰਿੰਦਿਆਂ 'ਚ ਝੜਪ (ਵੀਡੀਓ)
Friday, Jun 15, 2018 - 05:29 PM (IST)
ਜਲੰਧਰ, (ਰਮਨ, ਮਾਹੀ)- ਥਾਣਾ ਮਕਸੂਦਾਂ ਅਧੀਨ ਪੈਂਦੇ ਬਿਧੀਪੁਰ ਪਿੰਡ 'ਚ ਸ਼ਰਾਬ ਦੇ ਠੇਕੇ 'ਤੇ ਰਾਤ ਕਰੀਬ 8 ਵਜੇ ਬਲੈਰੋ ਗੱਡੀ 'ਚ ਨਸ਼ੇ ਦੀ ਹਾਲਤ 'ਚ ਆਏ 4 ਨੌਜਵਾਨਾਂ ਦੀ ਸ਼ਰਾਬ ਦੇ ਠੇਕੇਦਾਰ ਤੇ ਕਰਿੰਦਿਆਂ ਨਾਲ ਬਹਿਸ ਤੋਂ ਬਾਅਦ ਲੜਾਈ ਹੋ ਗਈ। ਹੰਗਾਮਾ ਵਧਦਾ ਦੇਖ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਦੇਖ ਕੇ 3 ਨੌਜਵਾਨ ਮੌਕੇ ਤੋਂ ਫਰਾਰ ਹੋ ਗਏ, ਜਦਕਿ ਇਕ ਨੌਜਵਾਨ ਨੂੰ ਕਰਿੰਦਿਆਂ ਨੇ ਲੋਕਾਂ ਦੀ ਮਦਦ ਨਾਲ ਫੜ ਲਿਆ ਤੇ ਖੂਬ ਛਿੱਤਰ-ਪਰੇਡ ਕੀਤੀ। ਇਸ ਦੌਰਾਨ 4 ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਥਾਣਾ ਮਕਸੂਦਾਂ ਦੀ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਜਿਥੇ ਜ਼ਖਮੀ ਹੋਏ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਨੇ ਦੱਸਿਆ ਕਿ ਬਲੈਰੋ ਗੱਡੀ 'ਚ ਸਵਾਰ ਨੌਜਵਾਨ ਪਹਿਲਾਂ ਤੋਂ ਹੀ ਸ਼ਰਾਬ ਪੀ ਕੇ ਆਏ ਸਨ। ਬਾਅਦ 'ਚ ਬਿਧੀਪੁਰ ਨੇੜੇ ਸ਼ਰਾਬ ਦੇ ਠੇਕੇ 'ਤੇ ਆ ਕੇ ਕਰਿੰਦਿਆਂ ਨਾਲ ਤੂੰ-ਤੂੰ ਮੈਂ-ਮੈਂ ਕਰਨ ਲੱਗੇ। ਗੱਲ ਲੜਾਈ ਤੱਕ ਪਹੁੰਚ ਗਈ। ਲੜਾਈ 'ਚ ਠੇਕੇ ਦੇ ਕਰਿੰਦੇ ਯਸ਼ਪਾਲ ਪੁੱਤਰ ਡੋਗਰ ਨਾਥ ਵਾਸੀ ਜੰਮੂ, ਮਾਰਕਸ ਪੁੱਤਰ ਮੁਖਤਿਆਰ ਸਿੰਘ ਵਾਸੀ ਸਰਾਏ ਖਾਸ ਤੇ ਰਵਿੰਦਰ ਸਿੰਘ ਨਿੱਕੂ ਜੋ ਨਾਲ ਦੇ ਅਹਾਤੇ 'ਚ ਕੰਮ ਕਰਦਾ ਹੈ, ਜ਼ਖਮੀ ਹੋ ਗਏ। ਇਨ੍ਹਾਂ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਨੌਜਵਾਨ ਜੀਤ ਪੁੱਤਰ ਧਰਮਪਾਲ ਗੰਭੀਰ ਜ਼ਖਮੀ ਹੈ, ਜੋ ਕਰਤਾਰਪੁਰ ਦਾ ਦੱਸਿਆ ਜਾ ਰਿਹਾ ਹੈ।
4 ਨੌਜਵਾਨ ਗੰਨ ਪੁਆਇੰਟ 'ਤੇ ਲੁੱਟਣ ਆਏ ਸਨ ਸ਼ਰਾਬ ਦਾ ਠੇਕਾ : ਕਰਿੰਦੇ
ਜ਼ਖਮੀ ਹੋਏ ਠੇਕੇ ਦੇ ਕਰਿੰਦੇ ਯਸ਼ਪਾਲ ਤੇ ਮਾਰਕਸ ਨੇ ਦੱਸਿਆ ਕਿ 4 ਨੌਜਵਾਨ ਬਲੈਰੋ ਗੱਡੀ 'ਚ ਗੰਨ ਪੁਆਇੰਟ 'ਤੇ ਠੇਕਾ ਲੁੱਟਣ ਦੀ ਨੀਅਤ ਨਾਲ ਆਏ ਸਨ ਜਿਨ੍ਹਾਂ ਨੇ ਗੱਡੀ 'ਚੋਂ ਉਤਰਦਿਆਂ ਹੀ ਬੋਤਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਇਕ ਬੋਤਲ ਕੈਮਰੇ ਵੱਲ ਸੁੱਟੀ। ਜਦੋਂ ਉਹ ਬੋਤਲ ਉਨ੍ਹਾਂ ਉਪਰ ਮਾਰਨ ਲੱਗੇ ਤਾਂ ਉਨ੍ਹਾਂ ਨੇ ਇਕ ਨੂੰ ਫੜ ਲਿਆ। ਕਰਿੰਦੇ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਚਾਰਾਂ 'ਚੋਂ ਇਕ ਕੋਲ ਪਿਸਤੌਲ ਸੀ ਜੋ ਪਿੱਛੇ ਖੜ੍ਹਾ ਸੀ। ਨੌਜਵਾਨ ਗੰਨ ਪੁਆਇੰਟ 'ਤੇ ਕੈਸ਼ ਲੁੱਟਣਾ ਚਾਹੁੰਦੇ ਸਨ। ਹੰਗਾਮਾ ਦੇਖ ਕੇ ਆਲੇ-ਦੁਆਲੇ ਦੇ ਰੇਹੜੀਆਂ ਵਾਲੇ ਉਥੇ ਪਹੁੰਚ ਗਏ ਜਿਨ੍ਹਾਂ ਨੂੰ ਦੇਖ ਕੇ ਤਿੰਨ ਨੌਜਵਾਨ ਤਾਂ ਮੌਕੇ ਤੋਂ ਫਰਾਰ ਹੋ ਗਏ, ਜਦਕਿ ਇਕ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਿਸ ਦੀ ਛਿੱਤਰ-ਪਰੇਡ ਕਰ ਕੇ ਪੁਲਸ ਹਵਾਲੇ ਕਰ ਦਿੱਤਾ।
ਗੰਨ ਪੁਆਇੰਟ 'ਤੇ ਲੁੱਟ ਨਹੀਂ ਸਿਰਫ ਲੜਾਈ ਹੋਈ : ਥਾਣਾ ਮੁਖੀ
ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਨੇ ਦੱਸਿਆ ਕਿ ਠੇਕੇ 'ਤੇ ਲੁੱਟ ਦਾ ਮਾਮਲਾ ਝੂਠਾ ਹੈ। ਠੇਕੇ ਦੇ ਕਰਿੰਦੇ ਤੇ ਨੌਜਵਾਨਾਂ 'ਚ ਸ਼ਰਾਬ ਨੂੰ ਲੈ ਕੇ ਝੜਪ ਹੋਈ ਸੀ, ਜਿਸ 'ਚ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਪਰ ਕਰਿੰਦਿਆਂ ਨੇ ਮਾਮਲਾ ਲੁੱਟ ਦਾ ਬਣਾ ਦਿੱਤਾ। ਸੀ. ਸੀ. ਟੀ. ਵੀ. ਫੁਟੇਜ 'ਚ ਸਾਰੀ ਸੱਚਾਈ ਸਾਹਮਣੇ ਆ ਗਈ ਹੈ। ਬਾਕੀ ਝੂਠੀ ਅਫਵਾਹ ਫੈਲਾ ਕੇ ਪੁਲਸ ਨੂੰ ਗੁੰਮਰਾਹ ਕਰਨ ਵਾਲੇ ਕਰਿੰਦੇ 'ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਾਕੀ ਤਿੰਨ ਨੌਜਵਾਨਾਂ ਨੂੰ ਜਲਦ ਹੀ ਪੁਲਸ ਕਾਬੂ ਕਰ ਲਵੇਗੀ।