ਵਿਕਾਸ ਕਾਰਜਾਂ ਲਈ ਦਿਹਾਤੀ ਪੰਚਾਇਤਾਂ ਨੂੰ ਮਿਲੇ 1 ਕਰੋੜ 34 ਲੱਖ ਦੇ ਚੈੱਕ
Tuesday, Mar 27, 2018 - 03:48 AM (IST)

ਪਟਿਆਲਾ, (ਇੰਦਰਪ੍ਰੀਤ)- ਪਟਿਆਲਾ ਦਿਹਾਤੀ ਅਧੀਨ ਪੈਂਦੇ ਪਟਿਆਲਾ ਬਲਾਕ ਦੇ 14 ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ 1 ਕਰੋੜ 34 ਲੱਖ 74 ਹਜ਼ਾਰ ਰੁਪਏ ਦੇ ਚੈੱਕ ਮੋਹਿਤ ਮਹਿੰਦਰਾ ਵੱਲੋਂ ਵੰਡੇ ਗਏ। ਪਿੰਡ ਰੌਂਗਲਾ ਵਿਖੇ ਰੱਖੇ ਸਮਾਗਮ ਦੌਰਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿਸਾਨ, ਵਿਦਿਆਰਥੀਆਂ ਅਤੇ ਆਮ ਜਨਤਾ ਦੇ ਹਿਤਾਂ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ 4250 ਕਰੋÎੜ ਰੁਪਏ ਰੱਖੇ ਗਏ ਹਨ। ਫਸਲਾਂ ਦੀ ਰਹਿੰਦ-ਖੂੰਹਦ ਸੰਭਾਲਣ ਲਈ 100 ਕਰੋੜ ਦਿੱਤੇ ਗਏ ਹਨ। ਪ੍ਰਾਇਮਰੀ ਅਤੇ ਸੈਕੰਡਰੀ ਹੈਲਥ ਕੇਅਰ ਲਈ 4015 ਕਰੋੜ ਰਾਖਵੇਂ ਕੀਤੇ ਗਏ ਹਨ।
ਦਲਿਤ ਵਰਗ ਨੂੰ ਮੁਫ਼ਤ ਬਿਜਲੀ ਦੇਣ ਲਈ 8950 ਕਰੋੜ ਹਨ। 1440 ਕਰੋੜ ਇੰਡਸਟਰੀ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਲਈ ਰਾਖਵੇਂ ਕੀਤੇ ਗਏ। 3020 ਕਰੋੜ ਰੁਪਏ ਪਿੰਡਾਂ ਦੇ ਵਿਕਾਸ ਲਈ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਮੋਹਿਤ ਮਹਿੰਦਰਾ ਨੇ ਕਿਹਾ ਕਿ ਬਜਟ ਵਿਚ ਸਕੂਲਾਂ ਦੀਆਂ ਬਿਲਡਿੰਗਾਂ ਲਈ 120 ਕਰੋੜ ਰਾਖਵੇਂ ਰੱਖੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਪਿਛਲੇ ਸਾਲ ਪੰਜਾਬ ਦੀ ਜੀ. ਡੀ. ਪੀ. 4.33 ਲੱਖ ਕਰੋੜ ਤੋਂ ਵਧ ਕੇ 4.77 ਕਰੋੜ ਹੋਣ 'ਤੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਦੇ ਪਿੰਡਾਂ ਨੂੰ 3 ਕਰੋੜ ਰੁਪਏ ਹੋਰ ਵਿਕਾਸ ਕਾਰਜਾਂ ਲਈ ਵੰਡੇ ਜਾਣਗੇ।
ਇਸ ਮੌਕੇ ਬੀ. ਡੀ. ਓ. ਵਨੀਤ ਕੁਮਾਰ, ਪੀ. ਏ. ਬਹਾਦਰ ਖਾਨ, ਸਾਬਕਾ ਚੇਅਰਮੈਨ ਸੁਖਪਾਲ ਸਿੰਘ ਸਿੱਧੂਵਾਲ, ਹੁਸ਼ਿਆਰ ਸਿੰਘ ਕੈਦੂਪੁਰ, ਕਰਨੈਲ ਸਿੰਘ, ਅਵਤਾਰ ਸਿੰਘ, ਰਤਨਜੀਤ ਜਾਹਲਾਂ, ਯੁਵਰਾਜ ਸ਼ਰਮਾ, ਮਲਕੀਤ ਸਿੰਘ, ਹਰਦੀਪ ਸਿੰਘ ਸਰਪੰਚ, ਹਰਪਾਲ ਸਿੰਘ ਛੰਨਾ, ਗੁਰਭਜਨ ਸਿੰਘ ਲਚਕਾਣੀ, ਕਰਮਜੀਤ ਲਚਕਾਣੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਤੇ ਪਿੰਡ ਵਾਸੀ ਹਾਜ਼ਰ ਸਨ।