ਸ਼੍ਰੋਮਣੀ ਕਮੇਟੀ ਚੋੋਣਾਂ ਤੋਂ ਐਨ ਪਹਿਲਾਂ ਬਾਦਲ ਪਰਿਵਾਰ ਨੂੰ ਵੱਡਾ ਝਟਕਾ

Wednesday, Nov 09, 2022 - 11:37 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਐਨ ਪਹਿਲਾਂ ਬਾਦਲ ਪਰਿਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਮੌਜੂਦਾ ਐੱਸ. ਜੀ. ਪੀ. ਸੀ. ਮੈਂਬਰ ਬਲਵੀਰ ਸਿੰਘ ਘੁੰਨਸ ਬਾਦਲ ਪਰਿਵਾਰ ਖ਼ਿਲਾਫ਼ ਆ ਖੜ੍ਹਿਆ। ਉਨ੍ਹਾਂ ਨੇ ਆਪਣੇ ਘਰ ਪ੍ਰੈੱਸ ਕਾਨਫਰੰਸ ਕਰ ਕੇ ਬਾਦਲ ਪਰਿਵਾਰ ਖ਼ਿਲਾਫ਼ ਖੜ੍ਹਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਮੇਰੀ ਆਤਮਾ ਮੈਨੂੰ ਝਿੰਜੋੜ ਰਹੀ ਸੀ। ਆਪਣੀ ਆਤਮਾ ਨੂੰ ਸ਼ਾਂਤੀ ਦੇਣ ਲਈ ਮੈਂ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਐੱਸ. ਜੀ. ਪੀ. ਸੀ. ਮੈਂਬਰ ਬਲਦੇਵ ਸਿੰਘ ਚੁੰਘਾ ਵੀ ਹਾਜ਼ਰ ਸਨ, ਜਿਨ੍ਹਾਂ ਨੇ ਪਹਿਲਾਂ ਹੀ ਬਾਦਲ ਪਰਿਵਾਰ ਖ਼ਿਲਾਫ਼ ਝੰਡਾ ਚੁੱਕਿਆ ਹੋਇਆ ਹੈ।

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਗੱਲਬਾਤ ਕਰਦਿਆਂ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਮੈਂ ਜਦੋਂ 15 ਸਾਲਾਂ ਦਾ ਸੀ, ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਿਆ ਸੀ। ਕਰੀਬ 50 ਸਾਲ ਹੋ ਗਏ ਹਨ, ਅਕਾਲੀ ਦਲ ਨਾਲ ਜੁੜਿਆਂ, 1882 ਦੇ ਧਰਮ ਯੁੱਧ ਵਿਚ ਵੀ ਹਿੱਸਾ ਲਿਆ, ਜੇਲ੍ਹਾਂ ਕੱਟੀਆਂ ਪਰ ਅਕਾਲੀ ਦਲ ’ਤੇ ਬਾਦਲ ਪਰਿਵਾਰ ਨੇ ਹੀ ਕਬਜ਼ਾ ਕੀਤਾ ਹੋਇਆ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬਾਦਲ ਪਰਿਵਾਰ ਦੇ ਇਸ਼ਾਰੇ ’ਤੇ ਬਣਦਾ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਪ੍ਰਧਾਨ ਦੀ ਵੀ ਹਿੰਮਤ ਨਹੀਂ ਹੋਈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਮੁਆਫ਼ੀ ਮੰਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕਾਰਨ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ। ਇਸ ਲਈ ਮੈਂ ਹੁਣ ਇਸ ਗੱਲ ਲਈ ਮੁਆਫ਼ੀ ਮੰਗਣ ਦਾ ਫ਼ੈਸਲਾ ਕੀਤਾ ਬਲਕਿ ਮੈਂ ਮੱਥਾ ਰਗੜ ਕੇ ਮੁਆਫ਼ੀ ਮੰਗਾਂਗਾ । ਅਕਾਲ ਤਖ਼ਤ ਸਾਹਿਬ ਜੋ ਮੈਨੂੰ ਸਜ਼ਾ ਦੇਵੇਗਾ, ਮੈਂ ਉਸ ਨੂੰ ਮੰਨਾਂਗਾ।

ਇਹ ਵੀ ਪੜ੍ਹੋ :  ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੱਟੜਪੰਥੀਆਂ ਨਾਲ ਨਜਿੱਠਣ ਲਈ ਸਰਕਾਰ ਕੋਲੋਂ ਮੰਗੇ ਹਥਿਆਰ

ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੇ ਬਾਦਲ ਪਰਿਵਾਰ ਖ਼ਿਲਾਫ਼ ਮੋਰਚਾ ਖੋਲ੍ਹ ਕੇ ਵੱਡੀ ਹਿੰਮਤ ਦਿਖਾਈ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਮੈਂ ਹੋਰ ਐੱਸ. ਜੀ. ਪੀ. ਸੀ. ਮੈਂਬਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਬੀਬੀ ਜਗੀਰ ਕੌਰ ਵਾਂਗ ਹਿੰਮਤ ਦਿਖਾਉਣ।

ਇਹ ਵੀ ਪੜ੍ਹੋ :  SGPC ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ ਦੇ ਸਟੈਂਡ 'ਤੇ ਜਥੇਦਾਰ ਦਾਦੂਵਾਲ ਦਾ ਵੱਡਾ ਬਿਆਨ

ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News