ਕੋਵਿਡ-19 ਸਬੰਧੀ ਅਫ਼ਵਾਹ ਫੈਲਾਉਣ ਵਾਲੇ ਵਿਰੁੱਧ ਥਾਣਾ ਜੌੜਕੀਆਂ ਵਿਖੇ ਮੁਕੱਦਮਾ ਦਰਜ : SSP

08/31/2020 2:12:43 AM

ਮਾਨਸਾ, (ਮਿੱਤਲ)- ਐਸ.ਐਸ.ਪੀ. ਸ਼੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਰਮਨ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਨੰਗਲਾ, ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ (ਉਮਰ ਕਰੀਬ 23 ਸਾਲ) ਥਾਣਾ ਜੌੜਕੀਆਂ ਦੇ ਪਿੰਡਾਂ ਵਿੱਚ ਵਾਟਸਐਪ 'ਤੇ ਟਾਈਪ ਕੀਤੇ ਮੈਸੇਜ਼ ਰਾਹੀਂ ਕੋਰੋਨਾ ਬਿਮਾਰੀ ਸਬੰਧੀ ਲੋਕਾਂ ਵਿੱਚ ਗਲਤ ਅਫ਼ਵਾਹ ਫੈਲਾ ਕੇ ਲੋਕਾਂ ਵਿੱਚ ਡਰ ਅਤੇ ਭੈਅ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਸੀ ਕਿ ਪਿੰਡਾਂ ਦੇ ਗੁਰੂਘਰਾਂ ਵਿੱਚ ਬੇਨਤੀ ਕੀਤੀ ਜਾਵੇ ਕਿ ਜੇਕਰ ਕਿਸੇ ਪਿੰਡ ਦੇ ਵਿਅਕਤੀ ਨੂੰ ਕੋਰੋਨਾ ਪਾਜਿ਼ਟਿਵ ਦੱਸਦੇ ਹਨ ਤਾਂ ਉਸ ਦੀ ਪਿੰਡ ਵਿੱਚ ਅਲੱਗ ਜਗ੍ਹਾ 'ਤੇ ਦੇਖਭਾਲ ਕਰੋ।
ਐਸ.ਐਸ.ਪੀ. ਨੇ ਦੱਸਿਆ ਕਿ ਅਫ਼ਵਾਹ ਫੈਲਾਉਣ ਵਾਲੇ ਨੌਜਵਾਨ ਨੇ ਆਪਣੇ ਮੈਸੇਜ ਰਾਹੀਂ ਲੋਕਾਂ ਵਿੱਚ ਡਰ ਪੈਦਾ ਕੀਤਾ  ਕਿ ਪਹਿਲਾ ਡਰ ਸੀ ਕਿ 50-60 ਸਾਲ ਦੀ ਉਮਰ ਵਾਲਿਆਂ ਨੂੰ ਹੁਣ ਸਰਕਾਰ 18 ਤੋਂ 30 ਸਾਲ ਦੇ ਨੌਜਵਾਨ ਨੂੰ ਚੁੱਕ ਕੇ ਸਰੀਰ ਦਾ ਸਮਾਨ ਕੱਢ ਕੇ ਵੇਚਦੇ ਹਨ, ਭਰਾਵੋ ਮੋਟਰਸਾਇਕਲ 'ਤੇ ਘਰੋਂ ਜਾਣਾ ਬੰਦ ਕਰਦੋ, ਹੁਣ ਸਰਕਾਰ ਦੇ ਕਹਿਣ 'ਤੇ ਪਿੰਡਾਂ ਦੀਆਂ ਆਸ਼ਾ ਵਰਕਰਾਂ ਨੂੰ ਹਰ ਪਿੰਡ ਵਿੱਚ 2 ਮਰੀਜ਼ ਦੇਣੇ ਹਨ, ਕੋਈ ਵੀ ਪਿੰਡ ਦੀ ਆਸ਼ਾ ਵਰਕਰ ਨਾਲ ਜਾ ਕੇ ਸਰਕਾਰੀ ਹਸਪਤਾਲ ਵਿੱਚ ਦਾਖਲ ਨਾ ਹੋਣ , ਫਿਰ ਨਾ ਕਹਿਣਾ ਕੀ ਸਾਡੇ ਮਰੀਜ਼ ਦੀ ਲਾਸ਼ ਨਹੀਂ ਮਿਲੀ, ਆਪਣੇ ਹਰ ਸਾਕ ਸਬੰਧੀ, ਰਿਸ਼ਤੇਦਾਰ, ਦੋਸਤ ਨੂੰ ਸੂਚਿਤ ਕਰੋ ਕਿ 108 ਐਂਬੂਲੈਂਸ ਤੋਂ ਵੱਧ ਤੋਂ ਵੱਧ ਦੂਰੀ ਬਣਾ ਕੇ ਰੱਖੋ।
ਸ਼੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਲੋਕਾਂ ਵਿੱਚ ਅਜਿਹਾ ਸਹਿਮ ਵਾਲਾ ਝੂਠਾ ਮੈਸੇਜ ਫੈਲਾਉਣ ਵਾਲੇ ਰਮਨ ਸਿੰਘ ਖਿਲਾਫ਼ ਕਾਰਵਾਈ ਕਰਦੇ ਹੋਏ ਅਧੀਨ ਧਾਰਾ 54 ਡਿਜਾਸਟਰ ਮੈਨੇਜਮੈਂਟ ਐਕਟ 2005, 505(1)ਬੀ ਆਈ.ਪੀ.ਸੀ., 66 ਏ ਆਈ ਟੀ ਐਕਟ ਅਧੀਨ ਥਾਣਾ ਜੌੜਕੀਆਂ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਰਮਨ ਸਿੰਘ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ ਅਤੇ ਇਸ ਇਸ ਮੁਕੱਦਮੇ ਦੀ ਤਫ਼ਤੀਸ਼ ਮੁੱਖ ਥਾਣਾ ਅਫ਼ਸਰ ਸਰਦੂਲਗੜ੍ਹ ਇੰਸਪੈਕਟਰ ਗੁਰਦੀਪ ਸਿੰਘ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਐਸ.ਐਸ.ਪੀ. ਸ਼੍ਰੀ ਸੁਰੇਂਦਰ ਲਾਂਬਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਸਬੰਧੀ ਜਾਅਲੀ ਜਾਂ ਅਣ-ਪ੍ਰਮਾਣਿਤ ਖ਼ਬਰਾ ਜਿਵੇਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੋਵਿਡ ਮਹਾਂਮਾਰੀ ਦੇ ਕੇਸਾਂ ਨੂੰ ਹਸਪਤਾਲ ਵਿੱਚ ਲੈ ਕੇ ਜਾਣ ਦਾ ਟੀਚਾ ਪੂਰਾ ਕਰਨਾ ਹੈ, ਕੋਵਿਡ ਮਹਾਂਮਾਰੀ ਦੇ ਮਰੀਜ਼ਾਂ ਦੇ ਅੰਗ ਕੱਢੇ ਜਾ ਰਹੇ ਹਨ ਜਾਂ ਸਿਹਤ ਕਰਮਚਾਰੀ ਕੋਵਿਡ ਮਹਾਂਮਾਰੀ ਦੇ ਮਰੀਜ਼ਾਂ ਨਾਲ ਦੁਰਵਿਵਹਾਰ ਕਰ ਰਹੇ ਹਨ ਆਦਿ ਅਜਿਹੀ ਕੋਈ ਵੀ ਅਫ਼ਵਾਹ ਨਾ ਫੈਲਾਈ ਜਾਵੇ ਜਿਸ ਦੇ ਨਾਲ ਸਮਾਜ ਵਿੱਚ ਦਹਿਸ਼ਤ ਪੈਦਾ ਹੋਵੇ ਅਤੇ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੇ ਸਬੰਧ ਵਿੱਚ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਨੁਕਸਾਨ ਪਹੁੰਚੇ।
ਉਨ੍ਹਾਂ ਕਿਹਾ ਕਿ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਰਕਾਰ ਕੋਵਿਡ ਮਹਾਂਮਾਰੀ ਦੇ ਉਨ੍ਹਾਂ ਪਾਜਿ਼ਟਿਵ ਕੇਸਾਂ ਨੂੰ ਘਰਾਂ ਵਿੱਚ ਹੀ ਆਈਸੋਲੇਟ ਕਰਨ ਨੂੰ ਉਤਸਾਹਿਤ ਕਰ ਰਹੀ ਹੈ ਜੋ ਬਿਨ੍ਹਾਂ ਲੱਛਣਾਂ ਤੋਂ ਅਤੇ ਫਿੱਟ ਹਨ।


Bharat Thapa

Content Editor

Related News