‘ਆਪ’ ਵਿਧਾਇਕ ਖ਼ਿਲਾਫ਼ ਆਪਣੇ ਹੀ ਹਲਕੇ ਦੇ ਥਾਣੇ ’ਚ ਡੀ. ਡੀ. ਆਰ. ਦਰਜ, ਜਾਣੋ ਕੀ ਹੈ ਮਾਮਲਾ

Thursday, Apr 28, 2022 - 05:21 PM (IST)

ਪਾਇਲ (ਧੀਰਾ) :  ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚ ਵਿਧਾਇਕ ਵਲੋਂ ਆਪਣੇ ਹੀ ਹਲਕੇ ਦੇ ਐੱਸ. ਐੱਚ. ਓ. ਨੂੰ ਦਿੱਤੀ ਧਮਕੀ ਤੇ ਦੁਰਵਿਹਾਰ ਤੋਂ ਬਾਅਦ ਵਿਧਾਇਕ ਖ਼ਿਲਾਫ਼ ਉਸੇ ਦੇ ਹਲਕਾ ਪਾਇਲ ਦੇ ਥਾਣੇ ’ਚ ਮੁੱਢਲੀ ਸ਼ਿਕਾਇਤ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਖ਼ਿਲਾਫ਼ ਦਰਜ ਹੋਈ ਹੈ।

ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਨੇ CM ਭਗਵੰਤ ਮਾਨ ਅਤੇ ਕੇਂਦਰ ਸਰਕਾਰ ਤੋਂ ਕਿਸਾਨਾਂ ਲਈ ਕੀਤੀ ਵੱਡੀ ਮੰਗ

ਪ੍ਰਾਪਤ ਜਾਣਕਾਰੀ ਅਨੁਸਾਰ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਥਾਣਾ ਪਾਇਲ ਦੇ ਐੱਸ. ਐੱਚ. ਓ. ਸਤਵਿਦਰ ਸਿੰਘ ਨੂੰ ਕਿਸੇ ਮਾਮਲੇ ’ਚ ਫੋਨ ਕੀਤਾ ਤਾਂ ਥਾਣਾ ਮੁਖੀ ਨੇ ਵਿਧਾਇਕ ਨੂੰ ਸੰਵਿਧਾਨਿਕ ਤੇ ਕਾਨੂੰਨੀ ਪ੍ਰੰਪਰਾਵਾਂ ਦਾ ਜ਼ਿਕਰ ਕੀਤਾ। ਜਿਸ ’ਤੇ ਗਿਆਸਪੁਰਾ ਜੀ ਤੱਤੇ ਹੋ ਗਏ, ਦੋਵਾਂ ਵਿਚਕਾਰ ਤਕਰਾਰ ਤੋਂ ਬਾਅਦ ਜਦੋਂ ‘ਆਪ’ ਵਿਧਾਇਕ ਨੇ ਥਾਣਾ ਮੁਖੀ ਨੂੰ ਕਾਨੂੰਨ ਸਿਖਾਉਣ ਦੀ ਗੱਲ ਆਖੀ ਤਾਂ ਥਾਣਾ ਮੁਖੀ ਨੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਅਤੇ ਥਾਣਾ ਪਾਇਲ ’ਚ ਲਿਖੀ ਡੀ.ਡੀ.ਆਰ. ਨੰਬਰ 35 ਮਿਤੀ 20.4.2022 ’ਚ ਦੱਸਿਆ ਕਿ ਉਹ ਆਪਣੀ ਸਕਾਰਪੀਓ ਗੱਡੀ ’ਚ ਇਲਾਕੇ ਦੀ ਜਾਂਚ ਕਰ ਰਹੇ ਸਨ। 

ਇਹ ਵੀ ਪੜ੍ਹੋ :  300 ਯੂਨਿਟ ਮੁਫ਼ਤ ਬਿਜਲੀ : ਦੂਜਾ ਮੀਟਰ ਲਗਵਾਉਣ ਲਈ ਪਾਰ ਕਰਨੇ ਹੋਣਗੇ 4 ਔਖੇ ਪੜਾਅ

ਡਿਊਟੀ ਦੌਰਾਨ ਹੀ ਉਨ੍ਹਾਂ ਨੂੰ ਪਾਇਲ ਤੋਂ ‘ਆਪ’ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਫ਼ੋਨ ਆਇਆ ਕਿ ਬੁੱਧ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਘਲੋਟੀ ਦਾ ਝਗੜਾ ਹੋਇਆ ਹੈ, ਜਿਸ ਬਾਬਤ ਉਨ੍ਹਾਂ ਸਿਵਲ ਹਸਪਤਾਲ ਵਿਚ ਐੱਮ.ਐੱਲ.ਆਰ. ਕਟਵਾ ਦਿੱਤੀ ਹੈ। ਜਿਸ ਤਹਿਤ ਵਿਰੋਧੀ ਧਿਰ ਉਪਰ ਰੇਡ ਕੀਤੀ ਜਾਵੇ, ਜਿਨ੍ਹਾਂ ਦਾ ਰਾਜ਼ੀਨਾਮਾ ਮੈਂ ਆਪਣੇ ਦਫ਼ਤਰ ਵਿਖੇ ਕਰਵਾਉਣਾ ਹੈ। ਡੀ. ਡੀ. ਆਰ. ਵਿਚ ਐੱਸ.ਐੱਚ.ਓ. ਪਾਇਲ ਨੇ ਲਿਖਿਆ ਕਿ ਮੈਂ ਵਿਧਾਇਕ ਨੂੰ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਏ. ਐੱਸ. ਆਈ. ਗੁਰਮੀਤ ਸਿੰਘ ਕਰ ਰਹੇ ਹਨ, ਜੋ ਅੱਜ ਐੱਸ.ਪੀ.ਡੀ. ਖੰਨਾ ਦੇ ਦਫ਼ਤਰ ਗਏ ਹੋਏ ਹਨ। ਜਿਸ ਕਰ ਕੇ ‘ਆਪ’ ਦੇ ਵਿਧਾਇਕ ਨੇ ਤੱਤਾ ਹੁੰਦਿਆਂ ਕਿਹਾ ਕਿ ਤੁਸੀਂ ਪੁਲਸ ਵਾਲੇ ਜਾਣ-ਬੁੱਝ ਕੇ ਖ਼ਰਾਬ ਕਰਦੇ ਹੋ, ਇਸ ਬਾਰੇ ਮੈਂ ਤੇਰੇ ਖ਼ਿਲਾਫ਼ ਸ਼ਿਕਾਇਤ ਕਰਾਂਗਾ, ਤੁਸੀਂ ਪੁਲਸ ਵਾਲੇ ਬਕਵਾਸ ਕਰਦੇ ਰਹਿੰਦੇ ਹੋ। ਮੈਂ ਤੈਨੂੰ ਦੱਸਾਂਗਾ ਕੰਮ ਕਿਵੇਂ ਕਰਵਾਉਂਦੇ ਹੁੰਦੇ ਹਨ। ਜਿਸ ਬਾਬਤ ਐੱਸ.ਐੱਚ.ਓ. ਪਾਇਲ ਨੇ ਡੀ.ਡੀ.ਆਰ. ’ਚ ਲਿਖਿਆ ਕਿ ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰਾ ਨੇ ਉਸ ਨਾਲ ਮਾੜਾ ਵਿਵਹਾਰ ਕੀਤਾ। ਜਿਸ ਦੀ ਸੂਚਨਾ ਫੋਨ ਰਾਹੀਂ ਡੀ.ਐੱਸ.ਪੀ. ਪਾਇਲ ਅਤੇ ਐੱਸ.ਐੱਸ.ਪੀ. ਖੰਨਾ ਨੂੰ ਦੇ ਦਿੱਤੀ ਸੀ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਖਿਲਾਫ਼ ਉਸੇ ਦੇ ਥਾਣੇ ’ਚ ਸ਼ਿਕਾਇਤ ਦਰਜ ਹੋਣ ਨਾਲ ਪੰਜਾਬ ਦਾ ਇਹ ਪਹਿਲਾ ਮਾਮਲਾ ਹੈ ਜੋ ਵਿਧਾਇਕ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ।

ਕੀ ਕਹਿਣੈ ਐੱਸ.ਐੱਸ.ਪੀ. ਦਾ?
ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਐੱਸ.ਐੱਸ.ਪੀ.ਖੰਨਾ ਰਵੀ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉੱਚ ਅਫ਼ਸਰਾਂ ਦੇ ਧਿਆਨ ’ਚ ਲਿਆਂਦਾ ਗਿਆ ਹੈ। ਇਸ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ। ਦੂਜੇ ਪਾਸੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਲਿਖੀ ਡੀ.ਡੀ.ਆਰ. ਬਾਰੇ ਕੁਝ ਵੀ ਪਤਾ ਨਹੀਂ ਹੈ।

ਨੋਟ:  ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News