ਟੋਲ ਪਲਾਜ਼ਾ ਵਿਖੇ ਪਰਚੀ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਕਾਰ ਸਵਾਰ ਦੀ ਹੋਈ ਕੁੱਟ-ਮਾਰ,  9 ਖਿਲਾਫ਼ ਪਰਚਾ ਦਰਜ

08/09/2020 2:10:22 PM

ਭਵਾਨੀਗੜ੍ਹ(ਵਿਕਾਸ, ਸੰਜੀਵ,ਕਾਂਸਲ) : ਸਥਾਨਕ ਸ਼ਹਿਰ ਤੋਂ ਅੱਗੇ ਪਿੰਡ ਕਾਲਾਝਾੜ ਵਿਖੇ ਸਥਿਤ ਨੈਸ਼ਨਲ ਹਾਈਵੇ ਨੰਬਰ 7 ਦੇ ਟੋਲ ਪਲਾਜਾ ਉਪਰ ਬੱਸਾਂ ਦੀਆਂ ਚਾਸੀਆਂ ਦੀ ਪਰਚੀ ਕਟਵਾਉਣ ਨੂੰ ਲੈ ਕੇ ਇਕ ਕਾਰ ਚਾਲਕ ਅਤੇ ਟੋਲ ਕਾਮਿਆਂ ਦਰਮਿਆਨ ਵਿਵਾਦ ਹੋ ਗਿਆ । ਇਸ ਦੌਰਾਨ ਕਾਰ ਸਵਾਰ ਦੀ ਕੁੱਟ-ਮਾਰ ਕਰਨ ਦੇ ਦੋਸ਼ ਹੇਠ ਪੁਲਸ ਵਲੋਂ 6 ਟੋਲ ਪਲਾਜ਼ਾ ਕਾਮਿਆਂ ਸਮੇਤ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਦੇ ਵਾਸੀ ਚਮਕੌਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਨੇ ਦੱਸਿਆ ਕਿ ਉਹ ਭਦੋੜ ਵਿਖੇ ਬੱਸਾਂ ਦੀਆਂ ਬਾਡੀਆਂ ਲਗਾਉਣ ਦਾ ਕੰਮ ਕਰਦਾ ਹੈ। ਬੀਤੇ ਦਿਨ ਉਹ ਡੇਰਾਬਸੀ ਤੋਂ ਬੱਸਾਂ ਦੀਆਂ ਚਾਸੀਆਂ ਲੈ ਕੇ ਆਪਣੀ ਵਰਕਸ਼ਾਪ ਭਦੋੜ ਵਿਖੇ ਜਾ ਰਿਹਾ ਸੀ। ਤਾਂ ਭਵਾਨੀਗੜ੍ਹ ਤੋਂ ਪਿੱਛੇ ਪਿੰਡ ਕਾਲਾਝਾੜ ਵਿਖੇ ਨੈਸ਼ਨਲ ਹਾਈਵੇ ਨੰਬਰ 7 ਉਪਰ ਸਥਿਤ ਟੋਲ ਪਲਾਜ਼ਾ ਵਿਖੇ ਉਹ ਬੱਸਾਂ ਦੀਆਂ ਚਾਸੀਆਂ ਦੀ ਪਰਚੀ ਕਟਵਾਉਣ ਲਈ ਰੁਕਿਆਂ ਤਾਂ ਟੋਲ ਪਲਾਜਾ ’ਤੇ ਡਿਊਟੀ ਉਪਰ ਮੌਜੂਦ ਕਾਮਿਆਂ ਨੇ 300 ਰੁਪੈ ਪ੍ਰਤੀ ਚਾਸੀ ਦੇ ਹਿਸਾਬ ਨਾਲ ਪਰਚੀ ਕੱਟ ਦਿੱਤੀ। ਜਦੋਂ ਕਿ ਬੀਤੀ 3 ਅਗਸਤ ਨੂੰ ਵੀ ਜਦੋਂ ਉਹ ਚਾਸੀਆਂ ਲੈ ਕੇ ਗਿਆ ਸੀ ਤਾਂ ਇਥੇ ਟੋਲ ਪਲਾਜਾ ਉਪਰ ਬੱਸ ਦੀ ਚਾਸੀ ਦੀ ਪਰਚੀ 145 ਰੁਪੈ ਪ੍ਰਤੀ ਚਾਸੀ ਦੇ ਹਿਸਾਬ ਨਾਲ ਕੱਟੀ ਗਈ ਸੀ। ਤਾਂ ਉਸ ਵੱਲੋਂ ਇਸ ’ਤੇ ਇਹ ਇਤਰਾਜ਼ ਕਰਨ ’ਤੇ ਕਿ ਅੱਜ 145 ਰੁਪੈ ਦੀ ਥਾਂ 300 ਰੂਪੈ ਪ੍ਰਤੀ ਚਾਸੀ ਦੇ ਹਿਸਾਬ ਨਾਲ ਪਰਚੀ ਕਿਉ ਕੱਟੀ ਹੈ। ਤਾਂ ਟੋਲ ਪਲਾਜ਼ਾ ’ਤੇ ਮੌਜੂਦ ਕਾਮੇ ਉਸ ਨਾਲ ਬਹਿਸ ਕਰਨ ਲੱਗ ਪਏ। ਇਸ ਦੌਰਾਨ ਇਕ ਕਾਮੇ ਨੇ ਉਸ ਨੂੰ ਗਲਾਮੇ ਤੋਂ ਫੜ ਕੇ ਕਾਰ ’ਚੋਂ ਹੇਠਾ ਉਤਾਰ ਲਿਆ ਅਤੇ ਉਥੇ ਮੌਜੂਦ 6-7 ਹੋਰ ਕਾਮਿਆਂ ਨੇ ਘੇਰ ਕੇ ਉਸ ਦੀ ਕੁੱਟ ਮਾਰ ਕੀਤੀ। ਪੁਲਸ ਨੇ ਚਮਕੌਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਗੁਰਜੀਤ ਸਿੰਘ, ਤੇਜਪਾਲ ਸ਼ਰਮਾਂ, ਰਾਜਿੰਦਰ ਸਿੰਘ, ਜਗਤਾਰ ਸਿੰਘ, ਪਰਵਿੰਦਰ ਸਿੰਘ ਅਤੇ ਸਵਰਨ ਸਿੰਘ ਸਮੇਤ 2-3 ਹੋਰ ਨਾਮਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Harinder Kaur

Content Editor

Related News