ਗੋਲੀ ਲੱਗਣ ਨਾਲ ਕਾਰ ਚਾਲਕ ਜ਼ਖਮੀ, 3 ਵਿਰੁੱਧ ਕੇਸ ਦਰਜ

Friday, Apr 20, 2018 - 01:11 AM (IST)

ਬਟਾਲਾ/ਅਲੀਵਾਲ,   (ਬੇਰੀ, ਸ਼ਰਮਾ)-  ਗੋਲੀ ਲੱਗਣ ਨਾਲ ਕਾਰ ਚਾਲਕ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਥਾਣਾ ਘਣੀਏ-ਕੇ-ਬਾਂਗਰ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਾਰ ਚਾਲਕ ਗੁਰਚਰਨ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਪਿੰਡ ਡੋਗਰ ਨੇ ਜਾਣਕਾਰੀ ਦਿੱਤੀ ਕਿ ਉਹ ਆਪਣੇ ਦੋਸਤ ਦੀ ਆਈ-20 ਕਾਰ 'ਤੇ ਸਵਾਰ ਹੋ ਕੇ ਪਿੰਡ ਖਹਿਰਾ ਕਲਾਂ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਪਾਰੋਵਾਲ ਦੇ ਮੋੜ 'ਤੇ ਪਹੁੰਚਿਆ ਤਾਂ ਉਥੇ ਪਹਿਲਾਂ ਹੀ ਤਿੰਨ ਨੌਜਵਾਨ ਪਲਸਰ ਮੋਟਰਸਾਈਕਲ ਸਮੇਤ ਖੜ੍ਹੇ ਸਨ। ਗੁਰਚਰਨ ਸਿੰਘ ਅਨੁਸਾਰ ਜਦੋਂ ਉਹ ਸਬੰਧਤ ਨੌਜਵਾਨਾਂ ਕੋਲੋਂ ਲੰਘਿਆ ਤਾਂ ਇਕ ਨੌਜਵਾਨ ਨੇ ਉੱਚੀ ਆਵਾਜ਼ 'ਚ ਕਿਹਾ ਕਿ ਇਸ ਨੂੰ ਗੋਲੀ ਮਾਰ ਦਿਓ। ਗੁਰਚਰਨ ਸਿੰਘ ਨੇ ਪੁਲਸ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਉਸ ਵੱਲੋਂ ਕਾਰ ਰੋਕਣ 'ਤੇ ਜਦੋਂ ਉਹ ਕਾਰ ਤੋਂ ਬਾਹਰ ਆਇਆ ਤਾਂ ਸਬੰਧਤ ਇਕ ਨੌਜਵਾਨ ਨੇ ਉਸ 'ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ ਜੋ ਉਸਦੀ ਸੱਜੀ ਲੱਤ 'ਤੇ ਲੱਗਾ। ਉਪਰੰਤ ਉਹ ਕਾਰ ਲੈ ਕੇ ਮੌਕੇ ਤੋਂ ਭੱਜ ਨਿਕਲਿਆ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਬਟਾਲਾ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਘਣੀਏ-ਕੇ-ਬਾਂਗਰ 'ਚ ਗੁਰਚਰਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸਬੰਧਤ ਤਿੰਨਾਂ ਨੌਜਵਾਨਾਂ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।


Related News