ਔਰਤਾਂ ਦੇ ਸਰਵਾਈਕਲ ਕੈਂਸਰ ਖਿਲਾਫ਼ ਮੁਹਿੰਮ ਸ਼ੁਰੂ ਕਰੇਗੀ ਪੰਜਾਬ ਸਰਕਾਰ

09/27/2017 6:02:02 AM

ਚੰਡੀਗੜ੍ਹ - ਰਾਜ ਵਿਚ ਸਰਵਾਈਕਲ ਕੈਂਸਰ ਤੋਂ ਔਰਤਾਂ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਪੰਜਾਬ ਵਲੋਂ ਨਵੰਬਰ ਮਹੀਨੇ ਵਿਚ ਐੱਚ. ਪੀ. ਵੀ. ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਾਅਦ ਸਭ ਤੋਂ ਵੱਧ ਹੋਣ ਵਾਲਾ ਸਰਵਾਈਕਲ ਦੂਜਾ ਕੈਂਸਰ ਹੈ। ਅੱਜ ਇਥੇ ਐੱਚ. ਪੀ. ਵੀ. ਸਬੰਧੀ ਤਕਨੀਕੀ ਮਾਹਿਰ ਗਰੁੱਪ ਦੀ ਆਯੋਜਿਤ ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਰਾਜ ਸਰਕਾਰ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਹਰ ਸੰਭਵ ਮਦਦ ਅਤੇ ਇਲਾਜ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲਾਂ ਵਿਚ ਪੜ੍ਹਨ ਵਾਲੀਆਂ ਸਾਰੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਸੁਰੱਖਿਅਤ ਕਰਨ ਲਈ ਐੱਚ. ਪੀ. ਵੀ. ਦੇ ਟੀਕੇ ਲਾਏ ਜਾਣਗੇ। ਸਿਹਤ ਮੰਤਰੀ ਨੇ ਕਿਹਾ ਕਿ ਬਠਿੰਡਾ ਅਤੇ ਮਾਨਸਾ ਜ਼ਿਲੇ ਵਿਚ ਸਰਵਾਈਕਲ ਕੈਂਸਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਪੂਰੇ ਪੰਜਾਬ ਨਾਲੋਂ ਵੱਧ ਹੈ, ਜਿਸ ਕਾਰਨ ਇਸ ਮੁਹਿੰਮ ਦਾ ਦੂਜਾ ਪੜਾਅ ਇਨ੍ਹਾਂ ਦੋ ਜ਼ਿਲਿਆਂ ਵਿਚ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਲਿਆਂ ਵਿਖੇ ਦੂਜੇ ਪੜਾਅ 'ਚ 6ਵੀਂ ਜਮਾਤ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਉਲੀਕੇ ਗਏ ਵਿਸ਼ੇਸ਼ ਪ੍ਰੋਗਰਾਮ ਅਧੀਨ ਟੀਕਾਕਰਨ ਕੀਤਾ ਜਾਵੇਗਾ।
 ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਵੈਕਸੀਨ ਯੂਨੀਸੈਫ ਦੀ ਅਗਵਾਈ ਅਧੀਨ ਖਰੀਦੀ ਗਈ ਹੈ, ਜਦਕਿ ਇਸ ਸਬੰਧੀ ਤਕਨੀਕੀ ਮਾਰਗਦਰਸ਼ਨ ਵਿਸ਼ਵ ਸਿਹਤ ਸੰਸਥਾ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਦੁਆਰਾ ਟੀਕਾਕਰਨ ਪ੍ਰੋਗਰਾਮ ਅਧੀਨ ਇਹ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਅੰਜਲੀ ਭਾਵੜਾ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ, ਵਰੁਣ ਰੂਜ਼ਮ ਮਿਸ਼ਨ ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ, ਰਾਜੀਵ ਭੱਲਾ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ, ਵਿਸ਼ਵ ਸਿਹਤ ਸੰਸਥਾ ਦੇ ਮਾਹਿਰ ਡਾ. ਜੀ. ਬੀ. ਸਿੰਘ ਸਹਾਇਕ ਡਾਇਰੈਕਟਰ, ਡਾ. ਦੀਪਕਾ ਇੰਡੀਅਨ ਕੌਂਸਲ ਮੈਡੀਕਲ ਰਿਸਰਚ, ਡਾ. ਰਾਜੇਸ਼ ਕੁਮਾਰ, ਸਕੂਲ ਆਫ ਪਬਲਿਕ ਹੈਲਥ ਪੀ. ਜੀ. ਆਈ. ਚੰਡੀਗੜ੍ਹ ਅਤੇ ਮੈਡੀਕਲ ਕਾਲਜਾਂ ਦੇ ਅਫਸਰ ਵੀ ਹਾਜ਼ਰ ਸਨ।


Related News