ਪਟਿਆਲਾ ’ਚ ਕੈਪਟਨ ਦਾ ਧਮਾਕਾ ਠੁੱਸ, ਜ਼ਿਲ੍ਹੇ ਦੇ 8 ’ਚੋਂ ਇਕ ਵੀ ਹਲਕਾ ਇੰਚਾਰਜ ਨੇ ਨਹੀਂ ਕੀਤੀ ਭਾਜਪਾ ’ਚ ਐਂਟਰੀ
Wednesday, Sep 21, 2022 - 06:31 PM (IST)
ਪਟਿਆਲਾ (ਮਨਦੀਪ ਜੋਸਨ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹਾ ਪਟਿਆਲਾ ’ਚ ਧਮਾਕਾ ਠੁੱਸ ਹੋ ਕੇ ਰਹਿ ਗਿਆ ਹੈ। ਕੈਪਟਨ ਦੀ ਪਾਰਟੀ ਪੀ. ਐੱਲ. ਸੀ. ਦੇ ਭਾਜਪਾ ’ਚ ਰਲੇਵੇਂ ਮੌਕੇ ਇਹ ਵੱਡੀਆਂ ਕਿਆਸ ਰਾਈਆਂ ਸਨ ਕਿ ਜ਼ਿਲ੍ਹਾ ਪਟਿਆਲਾ ਤੋਂ ਪਤਾ ਨਹੀਂ ਕਿੰਨੇ ਕੁ ਵੱਡੇ ਲੀਡਰ ਕੈਪਟਨ ਨਾਲ ਜਾਣਗੇ ਕਿਉਂਕਿ ਪਟਿਆਲਾ ਕੈਪਟਨ ਦਾ ਪਿੱਤਰੀ ਜ਼ਿਲ੍ਹਾ ਹੈ ਪਰ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਦੇ 8 ਹਲਕਾ ਇੰਚਾਰਜਾਂ ’ਚੋਂ ਕੈਪਟਨ ਦੇ ਨਾਲ ਇਕ ਵੀ ਨਹੀਂ ਗਿਆ। ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ’ਚੋਂ ਰਾਜਪੁਰਾ ਤੋਂ ਕਾਂਗਰਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਮਦਨ ਲਾਲ ਜਲਾਲਪੁਰ, ਪਟਿਆਲਾ ਸ਼ਹਿਰ ਤੋਂ ਹਲਕਾ ਇੰਚਾਰਜ ਵਿਸ਼ਨੂੰ ਸ਼ਰਮਾ, ਨਾਭਾ ਤੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ, ਸਨੌਰ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ, ਸਮਾਣਾ ਤੋਂ ਕਾਕਾ ਰਾਜਿੰਦਰ ਸਿੰਘ, ਪਾਤੜਾਂ ਤੋਂ ਕਾਂਗਰਸ ਦੇ ਦੋਵੇਂ ਵੱਡੇ ਨੇਤਾ ਦਰਬਾਰਾ ਸਿੰਘ ਤੇ ਨਿਰਮਲ ਸਿੰਘ ਸ਼ੁਤਰਾਣਾ, ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਸਮੇਤ ਕਾਂਗਰਸ ਦੇ ਸੀਨੀਅਰ ਨੇਤਾ ਲਾਲ ਸਿੰਘ ਇੱਥੋਂ ਤੱਕ ਕਿ ਦੂਜੀ ਕਤਾਰ ਦੇ ਨੇਤਾ ਵੀ ਕੈਪਟਨ ਨਾਲ ਨਹੀਂ ਗਏ ਤੇ ਸਮੂਹ ਕਾਂਗਰਸੀ ਨੇਤਾਵਾਂ ਨੇ ਪੂਰੀ ਤਰ੍ਹਾਂ ਇਕਜੁੱਟਤਾ ਦਿਖਾਈ ਹੈ।
ਕਾਂਗਰਸ ਦੀ ਇਸ ਇਕਜੁੱਟਤਾ ਨਾਲ ਜ਼ਿਲ੍ਹੇ ’ਚ ਨਵੇਂ ਸਿਆਸੀ ਸਮੀਕਰਨ ਬਣਨਗੇ। ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਜ਼ਿਲ੍ਹਾ ਤਾਂ ਕੀ ਪੂਰੇ ਪੰਜਾਬ ’ਚ ਤੂਤੀ ਬੋਲਦੀ ਸੀ। 2002 ਤੋਂ 2007 ਤੱਕ ਪਹਿਲਾਂ ਮੁੱਖ ਮੰਤਰੀ ਰਹੇ ਅਤੇ ਫਿਰ 2017-2022 ਤੱਕ ਸਾਢੇ 4 ਸਾਲ ਦੇ ਲਗਭਗ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਨੂੰ ਪਟਿਆਲਾ ਜ਼ਿਲ੍ਹੇ ਨੇ ਬਹੁਤਾ ਸਹਿਯੋਗ ਨਹੀਂ ਦਿੱਤਾ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਵਲੋਂ ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਜਵਾਬ
ਲੋਕ ਸਭਾ ਚੋਣਾਂ ’ਚ 4 ਪਾਰਟੀਆਂ ਹੋਣਗੀਆਂ ਆਹਮੋ-ਸਾਹਮਣੇ
ਕੈਪਟਨ ਅਮਰਿੰਦਰ ਸਿੰਘ ਦੀ ਪੀ. ਐੱਲ. ਸੀ. ਦੇ ਭਾਜਪਾ ’ਚ ਮਰਜ਼ ਹੋਣ ਨਾਲ ਹੁਣ ਬਾਕੀ ਪੰਜਾਬ ਵਾਂਗ ਪਟਿਆਲਾ ਜ਼ਿਲ੍ਹੇ ’ਚ ਵੀ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਆਹਮੋ-ਸਾਹਮਣੇ ਹੋਣਗੇ। ਸ਼ਹਿਰ ’ਚ ਪੀ. ਐੱਲ. ਸੀ. ਨੇ ਕਾਂਗਰਸ ਦਾ ਕਾਫੀ ਨੁਕਸਾਨ ਕੀਤਾ ਹੈ। ਬਾਕੀ ਹਲਕਿਆਂ ’ਚ ਪੀ. ਐੱਲ. ਸੀ. ਦਾ ਕੋਈ ਬਹੁਤ ਅਸਰ ਨਜ਼ਰ ਨਹੀਂ ਆਉਂਦਾ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੀ. ਐੱਲ. ਸੀ. ਦੇ ਕਿੰਨੇ ਕੁ ਨੇਤਾ ਸਿੰਧੇ ਤੌਰ ’ਤੇ ਭਾਜਪਾ ’ਚ ਆਉਣਗੇ।
ਪਟਿਆਲਾ ਦੇ ਸਾਰੇ ਨੇਤਾ ਸੋਨੀਆ ਤੇ ਰਾਹੁਲ ਗਾਂਧੀ ਦੇ ਨਾਲ ਖੜ੍ਹੇ : ਹਰਦਿਆਲ ਕੰਬੋਜ
ਕਾਂਗਰਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਕੰਬੋਜ ਨੇ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਦੇ ਸਮੁੱਚੇ ਸੀਨੀਅਰ ਅਤੇ ਦੂਜੀ ਕਤਾਰ ਦੇ ਨੇਤਾ ਪੂਰੀ ਤਰ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕੌਮੀ ਨੇਤਾ ਰਾਹੁਲ ਗਾਂਧੀ ਨਾਲ ਖੜ੍ਹੇ ਹਨ। ਉਨ੍ਹਾਂ ਆਖਿਆ ਕਿ ਵੱਡੇ ਤਾਂ ਕਿ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ ਜਾਂ ਹੋਰ ਨੇਤਾ ਵੀ ਅਮਰਿੰਦਰ ਨਾਲ ਨਾ ਤਾਂ ਗਏ ਹਨ ਅਤੇ ਨਾ ਹੀ ਜਾਣਗੇ। ਉਨ੍ਹਾਂ ਆਖਿਆ ਕਿ ਪੰਜਾਬ ’ਚ ਕਾਂਗਰਸ ਮੁੜ ਵਾਪਸੀ ਕਰੇਗੀ। ਕੰਬੋਜ ਨੇ ਆਖਿਆ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਸੂਬੇ ਦੇ ਲੋਕ ਅਕ ਚੁੱਕੇ ਹਨ। ਆਉਣ ਵਾਲਾ ਸਮਾਂ ਸਿਰਫ਼ ਕਾਂਗਰਸ ਦਾ ਹੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਹਮਲਾ, ਕਿਹਾ ਲੁਫਥਾਂਸਾ ਏਅਰਲਾਈਨਜ਼ ’ਚ ਬੈਠੇ ਯਾਤਰੀਆਂ ਨੇ ਦੱਸੀ ਪੂਰੀ ਘਟਨਾ
ਕੈਪਟਨ ਅਮਰਿੰਦਰ ਨੇ ਕਾਂਗਰਸ ਪਾਰਟੀ ਨਾਲ ਕੀਤਾ ਵਿਸ਼ਵਾਸ਼ਘਾਤ : ਹੈਰੀਮਾਨ
ਹਲਕਾ ਸਨੌਰ ਤੋਂ ਕਾਂਗਰਸ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੀ ਕਾਂਗਰਸ ਪਾਰਟੀ, ਸੋਨੀਆ ਗਾਂਧੀ, ਰਾਹੁਲ ਗਾਂਧੀ ਨਾਲ ਜਿਥੇ ਵਿਸ਼ਵਾਸਘਾਤ ਕੀਤਾ ਹੈ, ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 3 ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਅਤੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਲਈ ਪੰਜਾਬ ਦੇ ਲੋਕਾਂ ਨੇ ਵੀ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਗਾਂਧੀ ਪਰਿਵਾਰ ਨੂੰ ਤਾਂ ਧੋਖਾ ਦਿੱਤਾ ਹੈ। ਨਾਲ ਹੀ ਪੰਜਾਬ ਦੇ ਲੋਕਾਂ ਨੂੰ ਵੀ ਦਗਾ ਕਮਾਇਆ ਹੈ। ਪਟਿਆਲਾ ਨਿਵਾਸੀਆਂ ਨੂੰ ਉਸ ਵੀ ਤੋਂ ਜ਼ਿਆਦਾ ਧੋਖਾ ਦਿੱਤਾ ਹੈ ਕਿਉਂਕਿ ਪਟਿਆਲੇ ਦੇ ਲੋਕਾਂ ਨੇ ਕਾਂਗਰਸ ’ਚ ਰਹਿੰਦੇ ਹੋਏ ਕਦੇ ਵੀ ਉਨ੍ਹਾਂ ਦੀ ਕਦੇ ਵੀ ਪਿੱਠ ਨਹੀਂ ਲੱਗਣ ਦਿੱਤੀ ਸੀ। ਹੁਣ ਲੋਕ ਅਮਰਿੰਦਰ ਸਿੰਘ ਦੀ ਅਸਲੀਅਤ ਤੋਂ ਚੰਗੀ ਤਰ੍ਹਾ ਜਾਣੂ ਹੋ ਗਏ ਹਨ। ਇਸ ਲਈ ਹੁਣ ਕਦੇ ਵੀ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਅਥਾਹ ਵਿਸ਼ਵਾਸ਼ ਸਿਰਫ਼ ਕਾਂਗਰਸ ਪਾਰਟੀ ਨਾਲ ਹੈ, ਜਿਸ ਨੂੰ ਸਦਾ ਕਾਇਮ ਰੱਖਿਆ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਤੇ ਭਾਜਪਾ ਦਾ ਅਸਲੀ ਭਵਿੱਖ : ਮੇਅਰ ਬਿੱਟੂ
ਉਧਰੋਂ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਜਿਹੜੇ ਕਿ ਮੋਤੀ ਮਹਿਲ ਦੇ ਖਾਸ-ਮ-ਖਾਸ ਹਨ, ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਭਾਜਪਾ ਦਾ ਅਸਲੀ ਭਵਿੱਖ ਹਨ। ਜ਼ਿਲੇ ਦੇ ਸਮੁੱਚੇ ਲੋਕ ਉਨ੍ਹਾਂ ਨਾਲ ਹਨ। ਸ਼ਹਿਰ ਪਟਿਆਲਾ ਦੇ ਦੋ ਦਰਜਨ ਤੋਂ ਵੱਧ ਕੌਂਸਲਰ, ਕਈ ਸੀਨੀਅਰ ਨੇਤਾ ਅਤੇ ਪੀ. ਐੱਲ. ਸੀ. ਦੇ ਸਮੁੱਚੇ ਨੇਤਾ ਹੁਣ ਭਾਜਪਾ ’ਚ ਮਰਜ਼ ਹੋ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਹਨ। ਮੇਅਰ ਬਿੱਟੂ ਨੇ ਆਖਿਆ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ ਅਤੇ ਪਟਿਆਲਾ ਦੇ ਸਮੀਕਰਨ ਅਲਗ ਹੀ ਹੋਣਗੇ। ਕਾਂਗਰਸ ਦੇ ਨਾਲ-ਨਾਲ ਹੋਰ ਪਾਰਟੀਆਂ ਦੇ ਨੇਤਾ ਵੀ ਭਾਜਪਾ ’ਚ ਜਾਣਗੇ।
ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਨ ਦੇ ਪੈਂਤੜੇ ’ਚ ਫਸੇ ਕੈਪਟਨ, ਭਾਜਪਾ ’ਚ ਸ਼ਮੂਲੀਅਤ ਦੇ ਐਨ ਮੌਕੇ ਕਈ ਲੀਡਰਾਂ ਨੇ ਪੈਰ ਖਿੱਚੇ ਪਿਛਾਂਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।