ਪੰਜਾਬ ਦੇ ਇਸ ਜ਼ਿਲ੍ਹੇ ’ਚ ਨਿਕਲਿਆ 13 ਫੁੱਟ ਲੰਮਾ ਅਜਗਰ, ਮਚੀ ਹਫੜਾ-ਦਫੜੀ
Monday, Jul 26, 2021 - 10:22 PM (IST)

ਨੰਗਲ (ਸੈਣੀ)-ਨਯਾ ਨੰਗਲ ਇਲਾਕੇ ਦੀ ਐੱਨ. ਐੱਫ. ਐੱਲ. ਕਾਲੋਨੀ ਨੂੰ ਜਾਣ ਵਾਲੀ ਸੜਕ ’ਤੇ ਰੇਲਵੇ ਫਾਟਕ ਦੇ ਨਜ਼ਦੀਕ ਐੱਨ. ਐੱਫ. ਐੱਲ. ਦੀ ਪੋਸਟ ਕੋਲ ਤਕਰੀਬਨ 13 ਫੁੱਟ ਲੰਮਾ ਅਜਗਰ ਸੜਕ ’ਤੇ ਨਿਕਲਣ ਨਾਲ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਰਾਤ ਨੂੰ ਤਕਰੀਬਨ 11.30 ਵਜੇ ਇਸ ਸੜਕ ਤੋਂ ਹਿਮਾਚਲ ਨੂੰ ਜਾਣ ਵਾਲੇ ਇਕ ਰਾਹਗੀਰ ਨੇ ਇਸ ਦੀ ਸੂਚਨਾ ਤੁਰੰਤ ਪੋਸਟ ’ਤੇ ਬੈਠੇ ਕਰਮਚਾਰੀ ਨੂੰ ਦਿੱਤੀ ਤਾਂ ਉਸ ਨੇ ਐੱਨ. ਐੱਫ. ਐੱਲ. ਤੇ ਕੌਂਸਲ ਦੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਅਜਗਰ ਸੜਕ ਦੇ ਬਿਲਕੁਲ ਨਾਲ ਚੱਲ ਰਿਹਾ ਸੀ। ਉਨ੍ਹਾਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਫੜਿਆ ਤੇ ਜੰਗਲ ’ਚ ਛੱਡਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਅਜਗਰ ਦੀ ਲੰਬਾਈ ਤਕਰੀਬਨ 13 ਫੁੱਟ ਸੀ ਤੇ ਉਸ ਦਾ ਭਾਰ ਤਕਰੀਬਨ 50 ਕਿਲੋ ਸੀ।
ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਸੰਯੁਕਤ ਕਿਸਾਨ ਮੋਰਚੇ ਨਾਲ ਡਟ ਕੇ ਖੜ੍ਹੀ, ਰੱਦ ਹੋਣ ਕਾਲੇ ਕਾਨੂੰਨ : ਨਵਜੋਤ ਸਿੱਧੂ
ਦੱਸ ਦੇਈਏ ਕਿ ਅਜੌਲੀ ਮੋੜ ’ਚ ਫਲਾਈਓਵਰ ਦੀ ਉਸਾਰੀ ਕਾਰਨ ਜ਼ਿਆਦਾਤਰ ਹਿਮਾਚਲ ਵੱਲ ਜਾਣ ਵਾਲਾ ਟ੍ਰੈਫਿਕ ਇਸ ਰਸਤੇ ਤੋਂ ਗੁਜ਼ਰਦਾ ਹੈ ਤੇ ਅਜਗਰ ਦਿਖਣ ਨਾਲ ਕਾਫੀ ਦੇਰ ਤੱਕ ਦੋਵੇਂ ਪਾਸਿਓਂ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਤੋਂ ਪਹਿਲਾਂ ਵੀ ਨਯਾ ਨੰਗਲ ਇਲਾਕੇ ’ਚ ਨਗਰ ਕੌਂਸਲ ਦੇ ਫਾਇਰ ਕਰਮਚਾਰੀਆਂ ਨੇ ਤਕਰੀਬਨ 14 ਫੁੱਟ ਲੰਮਾ ਅਜਗਰ ਫੜਿਆ ਸੀ।