ਏ. ਐੱਸ. ਆਈ. ਨੂੰ ਸੜਕ ''ਤੇ ਲੰਮੇ ਪਾ ਕੇ ਕੁੱਟਿਆ, ਗਲਾ ਘੁੱਟਿਆ ਤੇ ਵਰਦੀ ਫਾੜੀ
Saturday, Mar 24, 2018 - 06:43 AM (IST)

ਜਲੰਧਰ, (ਮਹੇਸ਼)— ਲਾਲ ਰਤਨ ਸਿਨੇਮਾ ਨਜ਼ਦੀਕ ਦੇਰ ਰਾਤ 12.50 ਵਜੇ ਨਾਕਾ ਲਾ ਕੇ ਖੜ੍ਹੇ ਥਾਣਾ ਨੰਬਰ 4 ਦੇ ਏ. ਐੱਸ . ਆਈ. ਸੁਖਦੇਵ ਸਿੰਘ ਅਤੇ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਨੂੰ ਕਾਲੇ ਰੰਗ ਦੀ ਕਾਰ ਵਿਚ ਸਵਾਰ ਹੋ ਕੇ ਆਏ ਲਗਭਗ ਅੱਧਾ ਦਰਜਨ ਹਮਲਾਵਰਾਂ ਨੇ ਸੜਕ 'ਤੇ ਸੁੱਟ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਏ. ਐੱਸ. ਆਈ. ਸੁਖਦੇਵ ਸਿੰਘ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਉਸਦਾ ਗਲਾ ਘੁਟਿਆ ਅਤੇ ਵਰਦੀ ਵੀ ਫਾੜੀ। ਦੋਵੇਂ ਪੁਲਸ ਕਰਮਚਾਰੀਆਂ 'ਤੇ ਜਾਨਲੇਵਾ ਹਮਲਾ ਕਰਨ ਦੇ ਬਾਅਦ ਹਮਲਾਵਰ ਉਥੋਂ ਫਰਾਰ ਹੋ ਗਏ। ਉਨ੍ਹਾਂ ਆਪਣੀ ਕਾਰ ਲਵਲੀ ਸਵੀਟਸ ਨਜ਼ਦੀਕ ਖੜ੍ਹੀ ਕੀਤੀ ਹੋਈ ਸੀ, ਜਿਥੋਂ ਉਹ ਪੈਦਲ ਹੀ ਥਾਣੇਦਾਰ ਵਲ ਆਏ ਸਨ। ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਥ੍ਰੀ ਵ੍ਹੀਲਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਹ ਤੇਜ਼ੀ ਨਾਲ ਉਥੋਂ ਫਰਾਰ ਹੋ ਗਿਆ, ਜਿਸ ਦਾ ਪਿੱਛਾ ਕਰ ਕੇ ਉਨ੍ਹਾਂ ਨੇ ਉਸਨੂੰ ਸ਼ਹੀਦ ਉਧਮ ਸਿੰਘ ਨਗਰ ਮੋੜ 'ਤੇ ਫੜ ਲਿਆ। ਇਸ ਦੌਰਾਨ ਉਥੇ ਆਏ 5-6 ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਹ ਉਸੇ ਥ੍ਰੀ ਵ੍ਹੀਲਰ ਵਾਲੇ ਦਾ ਪਿੱਛਾ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਮਜ਼ਾ ਚਖਾ ਰਹੇ ਹਨ। ਥਾਣਾ ਨੰਬਰ 4 ਦੀ ਪੁਲਸ ਨੇ ਏ. ਐੱਸ. ਆਈ. ਸੁਖਦੇਵ ਸਿੰਘ ਅਤੇ ਹੈੱਡ ਕਾਂਸਟੇਬਲ ਸੰਜੀਵ ਕੁਮਾਰ 'ਤੇ ਹਮਲਾ ਕਰਨ ਵਾਲੇ ਹਮਲਾਵਰਾਂ ਖਿਲਾਫ ਧਾਰਾ 307, 323, 427, 353, 186 ਅਤੇ 34 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਏ. ਐੱਸ. ਆਈ. ਸੁਖਦੇਵ ਸਿੰਘ ਨੇ ਕਿਹਾ ਕਿ ਉਹ ਹਨੇਰੇ ਕਾਰਨ ਥ੍ਰੀ ਵ੍ਹੀਲਰ ਅਤੇ ਕਾਰ ਦਾ ਨੰਬਰ ਨਹੀਂ ਪੜ੍ਹ ਸਕੇ।