ਉਦਯੋਗਾਂ ਤੇ ਹਾਊਸਿੰਗ ਨਾਲ ਸਬੰਧਤ ਮਸਲਿਆਂ ਦੇ ਨਿਪਟਾਰੇ ਲਈ ‘ਕੋਰ ਗਰੁੱਪ’ ਦਾ ਹੋਵੇਗਾ ਗਠਨ : ਅਮਨ ਅਰੋੜਾ
Friday, Jan 20, 2023 - 01:04 PM (IST)
ਚੰਡੀਗੜ੍ਹ (ਅਸ਼ਵਨੀ) : ਸੂਬੇ ’ਚ ਸੁਖਾਲੇ ਅਤੇ ਸੁਚੱਜੇ ਢੰਗ ਨਾਲ ਕਾਰੋਬਾਰ ਕਰਨ ਨੂੰ ਹੁਲਾਰਾ ਦੇਣ ਲਈ ਇਕ ਹੋਰ ਕਦਮ ਪੁੱਟਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਦਯੋਗਾਂ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਨਾਲ ਸਬੰਧਤ ਮਸਲਿਆਂ ਦੇ ਸੁਚਾਰੂ ਨਿਪਟਾਰੇ ਲਈ ‘ਕੋਰ ਗਰੁੱਪ’ ਬਣਾਉਣ ਦਾ ਫੈਸਲਾ ਕੀਤਾ ਹੈ। ਗਰੁੱਪ ’ਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ , ਉਦਯੋਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਹ ਜਾਣਕਾਰੀ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਇੱਥੇ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀਲਿਸਟਜ਼ (ਸੀ.ਆਈ.ਆਈ.) ਦੇ ਮੁੱਖ ਦਫ਼ਤਰ ਵਿਖੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਮਕਾਨ ਉਸਾਰੀ ਵਿਭਾਗ ਵਲੋਂ ਉਦਯੋਗਪਤੀਆਂ ਨੂੰ 45 ਦਿਨਾਂ ਦੇ ਅੰਦਰ-ਅੰਦਰ ਹਰ ਤਰ੍ਹਾਂ ਦੀ ਮਨਜ਼ੂਰੀ ਦੇਣਾ ਯਕੀਨੀ ਬਣਾਉਣ ਲਈ ਇਕ ਪੁਖ਼ਤਾ ਤੇ ਸੁਚਾਰੂ ਵਿਧੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਉਦਯੋਗ ਸਥਾਪਿਤ ਕਰਨ ਦੇ ਚਾਹਵਾਨ ਨਿਵੇਸ਼ਕਾਂ ਨੂੰ ਸੁਖਾਲੇ ਢੰਗ ਨਾਲ ਉਦਯੋਗਿਕ ਪਲਾਟ ਉਪਲਬਧ ਕਰਵਾਉਣ ਲਈ ਵੀ ਯਤਨ ਜਾਰੀ ਹਨ। ਅਮਨ ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਸੂਬੇ ਵਿਚ ਸਨਅਤ ਲਿਆਉਣ ਅਤੇ ਪੰਜਾਬ ਨੂੰ ਦੇਸ਼ ਭਰ ਵਿਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
ਇਹ ਵੀ ਪੜ੍ਹੋ : ਸਰਕਾਰ ਨੇ ਸਰਕਾਰੀ ਹਸਪਤਾਲਾਂ ਨੂੰ ਪਾਇਆ ਵੈਂਟੀਲੇਟਰ ’ਤੇ, ਯੂਜ਼ਰ ਚਾਰਜਿਸ ਹੁਣ ਹਸਪਤਾਲ ਨਹੀਂ ਕਰ ਸਕਣਗੇ ਖਰਚ
ਪੰਜਾਬ ਵਿਚ ਉਦਯੋਗਾਂ ਸਬੰਧੀ ਸਖਤ ਨੀਤੀ ਹੋਣ ਦੀ ਗੱਲ ਕਬੂਲਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸਖ਼ਤ ਨੀਤੀ ਅਤੇ ਇਸ ਦੀ ਪਾਲਣਾ ਨਾ ਹੋਣ ਕਾਰਣ ਹੀ ਸੂਬਾ ਨਵੇਂ ਉਦਯੋਗਾਂ ਨੂੰ ਆਕਰਸ਼ਿਤ ਕਰਨ ਵਿਚ ਅਸਫ਼ਲ ਰਿਹਾ ਹੈ। ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਉਦਯੋਗ ਸਥਾਪਿਤ ਕਰਨ ਦੀ ਵੱਡੀ ਸਮਰੱਥਾ ਅਤੇ ਢੁਕਵਾਂ ਮਾਹੌਲ ਮੌਜੂਦ ਹੈ, ਜੋ ਸੂਬੇ ਨੂੰ ਖੁਸ਼ਹਾਲੀ ਦੀਆਂ ਲੀਹਾਂ ’ਤੇ ਪਾਉਣਗੇ। ਅਮਨ ਅਰੋੜਾ ਨੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ। ਇਸ ਸਮਾਗਮ ’ਚ ਪੰਜਾਬ ਨਿਵੇਸ਼ ਪ੍ਰਮੋਸ਼ਨ ਬਿਊਰੋ ਦੇ ਸੀ.ਈ.ਓ. ਕਮਲ ਕਿਸ਼ੋਰ ਯਾਦਵ, ਪੁੱਡਾ ਦੀ ਮੁੱਖ ਪ੍ਰਸ਼ਾਸਕ ਅਪਨੀਤ ਰਿਆਤ, ਮੁੱਖ ਟਾਊਨ ਪਲਾਨਰ ਪੰਜਾਬ ਪੰਕਜ ਬਾਵਾ, ਸੀ.ਆਈ.ਆਈ. ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਅਤੇ ਸੀ.ਆਈ.ਆਈ. ਦੇ ਵਾਈਸ ਚੇਅਰਮੈਨ ਡਾ. ਪੀ.ਜੇ. ਸਿੰਘ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ।
ਇਹ ਵੀ ਪੜ੍ਹੋ : ਤੇਲੰਗਾਨਾ ’ਚ 2024 ਦੀਆਂ ਚੋਣਾਂ ਦੀ ਸਜੀ ਬਿਸਾਤ, ਮੁੱਖ ਮੰਤਰੀ ਭਗਵੰਤ ਮਾਨ ਵੀ ਹੋਏ ਸ਼ਾਮਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।