ਵਿਦੇਸ਼ਾਂ ਤੋਂ ਆਏ 95,000 NRI, ਕਈਆਂ ਨੂੰ ਰੱਖਿਆ ਹੋਮ ਕਵਾਰੰਟਾਈਨ ''ਚ : ਕੈਪਟਨ

Tuesday, Mar 31, 2020 - 06:15 PM (IST)

ਵਿਦੇਸ਼ਾਂ ਤੋਂ ਆਏ 95,000 NRI, ਕਈਆਂ ਨੂੰ ਰੱਖਿਆ ਹੋਮ ਕਵਾਰੰਟਾਈਨ ''ਚ : ਕੈਪਟਨ

ਜਲੰਧਰ,(ਧਵਨ) : ਪਿਛਲੇ ਸਮੇਂ ਦੌਰਾਨ ਸੂਬੇ 'ਚ ਲਗਭਗ 95,000 ਐੱਨ. ਆਰ. ਆਈ. ਪੰਜਾਬ ਪਹੁੰਚੇ ਸਨ, ਜਿਨ੍ਹਾਂ 'ਚੋਂ ਕਈਆਂ ਨੂੰ ਹੋਮ ਕਵਾਰੰਟਾਈਨ 'ਚ ਰੱਖਿਆ ਗਿਆ ਹੈ। ਸਰਕਾਰ ਨੇ ਐੱਨ. ਆਰ. ਆਈਜ਼ ਨੂੰ ਲੈ ਕੇ ਡੋਰ ਟੂ ਡੋਰ ਸਰਵੇ ਦੀ ਸ਼ੁਰੂਆਤ ਕਰਵਾਈ ਹੈ ਅਤੇ ਐੱਨ. ਆਰ. ਆਈਜ਼ ਨੂੰ ਕਿਹਾ ਗਿਆ ਹੈ ਕਿ ਉਹ ਖੁਦ ਸਿਹਤ ਵਿਭਾਗ ਅਤੇ ਸਰਕਾਰ ਨੂੰ ਸੂਚਿਤ ਕਰਨ ਕਿ ਉਹ ਕਿਸ ਦੇਸ਼ ਤੋਂ ਵਾਪਸ ਪਰਤੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ 44, 000 ਐੱਨ. ਆਰ. ਆਈਜ਼ ਤਾਂ ਦਿੱਲੀ ਦੇ ਪਾਲਮ ਏਅਰਪੋਰਟ ਦੇ ਰਸਤੇ ਤੋਂ ਆਏ ਸਨ ਤੇ ਇਨ੍ਹਾਂ ਸਾਰਿਆਂ ਦਾ ਏਅਰਪੋਰਟ 'ਤੇ ਟੈਸਟ ਵੀ ਕੀਤਾ ਗਿਆ ਸੀ, ਜਿਸ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਨਹੀਂ ਹੋਈ ਸੀ ਪਰ ਫਿਰ ਵੀ ਪੰਜਾਬ ਸਰਕਾਰ ਇਨ੍ਹਾਂ ਸਾਰਿਆਂ ਨੂੰ ਲੈ ਕੇ ਕੋਈ ਜ਼ੋਖਿਮ ਨਹੀਂ ਲੈਣਾ ਚਾਹੁੰਦੀ, ਇਸ ਲਈ ਉਨ੍ਹਾਂ ਨੂੰ ਹੋਮ ਕਵਾਰੰਟਾਈਨ 'ਚ ਰੱਖਿਆ ਜਾ ਰਿਹਾ ਹੈ। ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਇਕ ਵੈਸ਼ਵਿਕ ਬੀਮਾਰੀ ਹੈ ਅਤੇ ਇਸ ਨਾਲ ਨਿਪਟਣ ਲਈ ਪੰਜਾਬ 'ਚ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਪੌਣੇ ਤਿੰਨ ਕਰੋੜ ਦੀ ਆਬਾਦੀ ਹੈ। ਸਿਹਤ ਸੰਬੰਧੀ ਉਪਕਰਨਾਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਰੋਜ਼ਾਨਾ 300 ਤੋਂ 400 ਟੈਸਟ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ 700 ਵੈਂਟੀਲੇਟਰਸ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ 28000 ਬੈੱਡਾਂ ਦਾ ਵੀ ਪ੍ਰਬੰਧ ਹੋ ਚੁੱਕਾ ਹੈ ਅਤੇ ਕਈ ਹੋਰ ਸਥਾਨਾਂ 'ਤੇ ਵੀ ਬਦਲ ਸਹੂਲਤਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਹੁਣ ਮਾਸਕ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਾਹਮਣੇ ਸਭ ਤੋਂ ਚੁਣੌਤੀਪੂਰਨ ਕੰਮ ਜ਼ਰੂਰੀ ਵਸਤੂਆਂ ਦੀ ਸਪਲਾਈ ਨੂੰ ਬਣਾਈ ਰੱਖਣਾ ਹੈ ਅਤੇ ਇਸ ਸੰਬੰਧ 'ਚ ਸਾਰੇ ਪ੍ਰਬੰਧ ਰੋਜ਼ਾਨਾ ਬਿਹਤਰ ਹੁੰਦੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸੂਬੇ 'ਚ ਕਿਸੇ ਵੀ ਵਿਅਕਤੀ ਨੂੰ ਭੁੱਖਾ ਨਾ ਸੌਣ ਦਿੱਤਾ ਜਾਵੇ। ਇਸ ਸੰਬੰਧ 'ਚ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਅਪ੍ਰਵਾਸੀ ਮਜ਼ਦੂਰਾਂ ਲਈ ਰਾਸ਼ਨ ਅਤੇ ਹੋਰ ਜ਼ਰੂਰੀ ਵਸਤੂਆਂ ਦਾ ਪ੍ਰਬੰਧ ਕੀਤਾ ਜਾਵੇ। ਪੰਜਾਬ ਸਰਕਾਰ ਨੇ ਪਹਿਲਾਂ ਹੀ ਖਾਧ ਸਮੱਗਰੀ ਦੇ 10 ਲੱਖ ਪੈਕੇਟ ਵੰਡੇ ਹਨ, ਜਿਸ 'ਚ ਆਟਾ, ਚੌਲ, ਦਾਲਾਂ ਸ਼ਾਮਲ ਸਨ।


author

Deepak Kumar

Content Editor

Related News