ਵੈਲੇਨਟਾਈਨ ਡੇ ''ਤੇ 900 ਜਵਾਨ ਸੰਭਾਲਣਗੇ ਸੁਰੱਖਿਆ ਦੀ ਕਮਾਨ
Wednesday, Feb 14, 2018 - 06:03 AM (IST)

ਚੰਡੀਗੜ੍ਹ, (ਸੁਸ਼ੀਲ)- ਵੈਲੇਨਟਾਈਨ ਡੇ 'ਤੇ ਲੜਕੀਆਂ ਨਾਲ ਛੇੜਛਾੜ ਤੇ ਉਨ੍ਹਾਂ ਦਾ ਪਿੱਛਾ ਕਰਨ ਵਾਲੇ ਮਨਚਲਿਆਂ ਨੂੰ ਫੜਨ ਲਈ ਚੰਡੀਗੜ੍ਹ ਪੁਲਸ ਦੇ 900 ਜਵਾਨ ਸ਼ਹਿਰ ਵਿਚ ਡਿਊਟੀ 'ਤੇ ਤਾਇਨਾਤ ਰਹਿਣਗੇ। ਕਾਲਜਾਂ, ਗਰਲਜ਼ ਹੋਸਟਲ, ਸੁਖਨਾ ਲੇਕ ਤੇ ਗੇੜੀ ਰੂਟ 'ਤੇ ਸਿਵਲ ਡਰੈੱਸ ਵਿਚ ਮਹਿਲਾ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਮਨਚਲਿਆਂ ਨੂੰ ਫੜਿਆ ਜਾ ਸਕੇ।
ਇਸ ਤੋਂ ਇਲਾਵਾ ਪੀ. ਸੀ. ਆਰ. ਜਵਾਨ ਵੀ ਇਨ੍ਹਾਂ ਥਾਵਾਂ 'ਤੇ ਗਸ਼ਤ ਕਰਨਗੇ। ਪੁਲਸ ਵਿਭਾਗ ਨੇ ਵੈਲੇਨਟਾਈਨ ਡੇ 'ਤੇ 6 ਡੀ. ਐੱਸ. ਪੀ., 24 ਇੰਸਪੈਕਟਰ, 685 ਐੱਨ. ਜੀ. ਓਜ਼ ਤੇ 185 ਮਹਿਲਾ ਕਾਂਸਟੇਬਲਾਂ ਦੀ ਡਿਊਟੀ ਲਾਈ ਹੈ।
ਉਥੇ ਹੀ ਥਾਣਾ ਪੁਲਸ ਆਪਣੇ ਇਲਾਕੇ ਤੇ ਮਾਰਕੀਟ ਵਿਚ ਸਵੇਰੇ 11 ਤੋਂ ਰਾਤ 10 ਵਜੇ ਤਕ ਪੈਟ੍ਰੋਲਿੰਗ ਕਰੇਗੀ। ਇਸ ਤੋਂ ਇਲਾਵਾ ਸੈਕਟਰਾਂ ਦੇ ਅੰਦਰ ਸ਼ਾਮ 4 ਤੋਂ 10 ਵਜੇ ਤਕ ਸਪੈਸ਼ਲ ਨਾਕੇ ਲਾਏ ਜਾਣਗੇ।
ਲੜਕੀਆਂ ਲਈ ਪਿਕ ਐਂਡ ਡਰਾਪ ਦੀ ਸਹੂਲਤ ਰਹੇਗੀ
ਪੁਲਸ ਵੈਲੇਨਟਾਈਨ ਡੇ 'ਤੇ ਔਰਤਾਂ ਤੇ ਲੜਕੀਆਂ ਲਈ ਪਿਕ ਐਂਡ ਡਰਾਪ ਦੀ ਸਹੂਲਤ ਦੇਵੇਗੀ। ਇਸ ਲਈ ਔਰਤਾਂ ਜਾਂ ਲੜਕੀਆਂ ਕੰਟਰੋਲ ਰੂਮ 'ਤੇ 100 ਜਾਂ 1091 'ਤੇ ਫੋਨ ਕਰ ਸਕਦੀਆਂ ਹਨ। ਉਥੇ ਹੀ ਟ੍ਰੈਫਿਕ ਪੁਲਸ ਟ੍ਰੈਫਿਕ ਨਿਯਮ ਤੋੜਨ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ ਗੇੜੀ ਰੂਟ, ਲਈਅਰ ਵੈਲੀ ਤੇ ਸੈਕਟਰ-11/12 ਦੇ ਮੋੜ ਤੋਂ ਸੈਕਟਰ-10 ਤਕ ਸਪੈਸ਼ਲ ਨਾਕੇ ਲਾਏਗੀ। ਪੁਲਸ ਦੀ ਖਾਸ ਨਜ਼ਰ ਪ੍ਰੈਸ਼ਰ ਹਾਰਨਾਂ, ਓਵਰ ਸਪੀਡ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਵੀ ਰਹੇਗੀ।