ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ 'ਚ ਪ੍ਰਮੁੱਖ ਪਾਰਟੀਆਂ ਦੇ ਵੋਟ ਬੈਂਕ ਨੂੰ ਲੱਗਾ ਖੋਰਾ, SAD ਬੁਰੀ ਤਰ੍ਹਾਂ ਪਛੜਿਆ
Thursday, Jun 06, 2024 - 11:41 AM (IST)
ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਲੋਕ ਸਭਾ ਹਲਕੇ ਅੰਦਰ ਆਏ ਚੋਣ ਨਤੀਜੇ ਬੇਹੱਦ ਰੌਚਕ ਹਨ, ਜਿਸ ਤਹਿਤ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ 6 ਲੋਕ ਸਭਾ ਹਲਕਿਆਂ ਅੰਦਰ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਰਹੇ ਹਨ ਅਤੇ ਰੰਧਾਵਾ ਦਾ ਸਿੱਧਾ ਅਤੇ ਫਸਵਾਂ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਇਆ ਹੈ ਜਦੋਂ ਕਿ ਪਠਾਨਕੋਟ ਦੇ ਤਿੰਨ ਹਲਕਿਆਂ ’ਚ ਭਾਜਪਾ ਅਤੇ ਕਾਂਗਰਸ ’ਚ ਮੁਕਾਬਲਾ ਹੋਇਆ ਹੈ। ਰੌਚਕ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸ਼ੈਰੀ ਕਲਸੀ ਨੇ ਰੰਧਾਵਾ ਨੂੰ ਫਸਵੀਂ ਟੱਕਰ ਦਿੱਤੀ ਹੈ, ਜਿਸ ਤਹਿਤ ਸ਼ੈਰੀ ਕਲਸੀ ਹਲਕਾ ਗੁਰਦਾਸਪੁਰ ਅੰਦਰ ਰੰਧਾਵਾ ਤੋਂ ਸਿਰਫ 2753 ਵੋਟਾਂ ਦੇ ਫਰਕ ਨਾਲ ਪੱਛੜੇ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਕਰਾਰ
ਇਸੇ ਤਰ੍ਹਾਂ ਹਲਕਾ ਕਾਦੀਆਂ ਅੰਦਰ ਸ਼ੈਰੀ ਕਲਸੀ 3152 ਨਾਲ, ਬਟਾਲਾ ਵਿਚ 929 ਵੋਟਾਂ ਨਾਲ, ਫਤਿਹਗੜ੍ਹ ਚੂੜੀਆਂ ਵਿਚ 2872 ਵੋਟਾਂ ਨਾਲ ਅਤੇ ਡੇਰਾ ਬਾਬਾ ਨਾਨਕ ਵਿਚ 3940 ਵੋਟਾਂ ਨਾਲ ਹਾਰੇ ਹਨ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਹਲਕਿਆਂ ਅੰਦਰ ‘ਆਪ’ ਅਤੇ ਕਾਂਗਰਸ ਫਸਵੇਂ ਮੁਕਾਬਲੇ ਵਿਚ ਰਹੀ ਹੈ ਪਰ ਦੂਜੇ ਪਾਸੇ ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਬੁਰਾ ਹਸ਼ਰ ਅਕਾਲੀ ਦਲ ਦਾ ਹੋਇਆ ਹੈ, ਜਿਸ ਦਾ ਵੱਡਾ ਵੋਟ ਬੈਂਕ ਖਿਸਕ ਚੁੱਕਾ ਹੈ ਅਤੇ ਹਾਲਾਤ ਇਹ ਬਣ ਗਏ ਹਨ ਕਿ ਪੇਂਡੂ ਅਧਾਰ ਰੱਖਣ ਦਾ ਦਾਅਵਾ ਕਰਨ ਵਾਲਾ ਅਕਾਲੀ ਦਲ ਇਸ ਵਾਰ ਭਾਜਪਾ ਤੋਂ ਵੀ ਬੁਰੀ ਤਰਾਂ ਪੱਛੜ ਗਿਆ ਹੈ।
ਸੁਜਾਨਪੁਰ ’ਚ ਦਿਨੇਸ਼ ਬੱਬੂ ਨੂੰ ਮਿਲੀ ਵੱਡੀ ਲੀਡ
ਜੇਕਰ ਲੋਕ ਸਭਾ ਹਲਕਾ ਸੁਜਾਨਪੁਰ ਦੀ ਗੱਲ ਕੀਤੀ ਜਾਵੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਇਸ ਹਲਕੇ ਅੰਦਰ 46916 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ 36004 ਵੋਟਾਂ ਮਿਲੀਆਂ ਹਨ, ਜਿਸ ਕਾਰਨ ਇਸ ਹਲਕੇ ਅੰਦਰ ਕਾਂਗਰਸ ਦੀਆਂ 10912 ਵੋਟਾਂ ਘਟੀਆਂ ਹਨ। ਸੁਜਾਨਪੁਰ ਹਲਕੇ ਅੰਦਰ ਅਕਾਲੀ ਦਲ ਨੂੰ ਉਸ ਮੌਕੇ 7999 ਵੋਟਾਂ ਪਈਆਂ ਸਨ ਪਰ ਇਸ ਵਾਰ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਨੂੰ ਸਿਰਫ 1938 ਵੋਟਾਂ ਪੈਣ ਕਾਰਨ ਅਕਾਲੀ ਦਲ ਦਾ ਗਰਾਫ ਇਸ ਹਲਕੇ ਅੰਦਰ ਖ਼ਤਮ ਹੋਣ ਕਿਨਾਰੇ ਹੈ।
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ 2022 ਵਿਚ ਇਸ ਹਲਕੇ ਵਿਚ 42,280 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਦਿਨੇਸ਼ ਬੱਬੂ ਨੂੰ 62785 ਵੋਟਾਂ ਮਿਲਣ ਕਾਰਨ ਭਾਜਪਾ ਦਾ ਗ੍ਰਾਫ਼ 20505 ਵੋਟਾਂ ਨਾਲ ਵਧਿਆ ਹੈ, ਜਦੋਂ ਕਿ ਆਮ ਆਦਮੀ ਨੂੰ 2022 ਵਿਚ ਇਸ ਹਲਕੇ ਅੰਦਰ 29310 ਵੋਟਾਂ ਮਿਲੀਆਂ ਸਨ ਜਦੋਂ ਕਿ ਇਸ ਵਾਰ ਸ਼ੈਰੀ ਕਲਸੀ ਨੂੰ 17258 ਵੋਟਾਂ ਹਾਸਲ ਹੋਣ ਕਾਰਨ ‘ਆਪ’ ਦਾ 12 ਹਜ਼ਾਰ ਦੇ ਕਰੀਬ ਵੋਟ ਬੈਂਕ ਘਟਿਆ ਹੈ।
ਭੋਆ ਹਲਕੇ ਦੀ ਸਥਿਤੀ
ਭੋਆ ਹਲਕਾ ਵੀ ਵੋਟਾਂ ਦੇ ਵਾਧੇ ਘਾਟੇ ਪੱਖੋਂ ਕਾਫੀ ਦਿਲਚਸਪ ਹੈ, ਜਿੱਥੇ ਕਾਂਗਰਸ ਨੂੰ 2022 ਵਿਚ 49,135 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਇਸ ਹਲਕੇ ’ਚੋਂ 43,577 ਵੋਟਾਂ ਲੈਣ ਵਿਚ ਸਫਲ ਰਹੇ ਹਨ। ਇਸੇ ਤਰ੍ਹਾਂ 2022 ਵਿਚ ਅਕਾਲੀ ਦਲ ਦੀ ਭਾਈਵਾਲ ਬਸਪਾ ਨੂੰ ਇਸ ਹਲਕੇ ਅੰਦਰ 5046 ਵੋਟਾਂ ਨਸੀਬ ਹੋਈਆਂ ਸਨ, ਜਦੋਂ ਕਿ ਇਸ ਵਾਰ ਅਕਾਲੀ ਉਮੀਦਵਾਰ ਨੂੰ 2825 ਵੋਟਾਂ ਮਿਲੀਆਂ ਹਨ। ਭਾਜਪਾ ਨੂੰ 2022 ਦੌਰਾਨ ਭੋਆ ਹਲਕੇ ਵਿਚ 29,132 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਦਿਨੇਸ਼ ਬੱਬੂ 56,393 ਵੋਟਾਂ ਲੈਣ ਵਿਚ ਸਫ਼ਲ ਹੋਏ ਹਨ। ‘ਆਪ’ ਨੂੰ 2022 ਵਿਚ 50,339 ਵੋਟਾਂ ਮਿਲੀਆਂ ਸਨ ਪਰ ਸ਼ੈਰੀ ਕਲਸੀ ਨੂੰ 21,372 ਵੋਟਾਂ ਹੀ ਪੈਣ ਕਾਰਨ ਹਲਕਾ ਭੋਆ ਵਿਚ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਦਾ ਵੋਟ ਬੈਂਕ ਘਟਿਆ ਹੈ ਅਤੇ ਭਾਜਪਾ ਦਾ ਗ੍ਰਾਫ ਵਧਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ ਮਾਰੀ ਹੈਟ੍ਰਿਕ, ਹਾਸਲ ਕੀਤੀ ਵੱਡੀ ਜਿੱਤ
ਪਠਾਨਕੋਟ ਵਿਚ ਵੀ ਭਾਜਪਾ ਦਾ ਵਧਿਆ ਗ੍ਰਾਫ
ਪਠਾਨਕੋਟ ਹਲਕਾ ਵੀ ਇਨ੍ਹਾਂ ਨਤੀਜਿਆਂ ਦੇ ਸਬੰਧ ਵਿਚ ਕਾਫ਼ੀ ਰੌਚਕ ਹੈ, ਜਿੱਥੇ ਕਾਂਗਰਸ ਨੂੰ 2022 ਵਿਚ 35,373 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਸੁਖਜਿੰਦਰ ਸਿੰਘ ਰੰਧਾਵਾ 30,668 ਵੋਟਾਂ ਲੈਣ ਵਿਚ ਸਫ਼ਲ ਰਹੇ ਹਨ। ਇਸੇ ਤਰ੍ਹਾਂ ਅਕਾਲੀ ਦਲ ਦੀ ਭਾਈਵਾਲ ਬਸਪਾ ਨੂੰ 2022 ਵਿਚ ਪਠਾਨਕੋਟ ਹਲਕੇ ਅੰਦਰ 1079 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਪਠਾਨਕੋਟ ਹਲਕੇ ਵਿਚੋਂ 2001 ਵੋਟਾਂ ਮਿਲੀਆਂ ਹਨ। ਭਾਰਤੀ ਜਨਤਾ ਪਾਰਟੀ ਨੂੰ 2022 ਵਿਚ ਪਠਾਨਕੋਟ ਹਲਕੇ ਅੰਦਰ 43,132 ਵੋਟਾਂ ਪਈਆਂ ਸਨ, ਜਦੋਂ ਕਿ ਇਸ ਵਾਰ ਭਾਜਪਾ ਦੇ ਦਿਨੇਸ਼ ਬੱਬੂ 52,122 ਵੋਟਾਂ ਲੈਣ ਵਿਚ ਸਫਲ ਰਹੇ ਹਨ। ਆਮ ਆਦਮੀ ਪਾਰਟੀ ਨੂੰ ਪਠਾਨਕੋਟ ਹਲਕੇ ਅੰਦਰ 2022 ਵਿਚ 31,451 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਸ਼ਹਿਰੀ ਕਲਸੀ ਨੂੰ ਸਿਰਫ 16,646 ਵੋਟਾਂ ਪੈਣ ਕਾਰਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਵੋਟ ਬੈਂਕ ਘਟਿਆ ਹੈ, ਜਦੋਂ ਕਿ ਭਾਜਪਾ ਦਾ ਵੋਟ ਵਧਿਆ ਹੈ।
ਗੁਰਦਾਸਪੁਰ ’ਚ ਵਧਿਆ ‘ਆਪ’ ਦਾ ਵੋਟ ਬੈਂਕ
ਗੁਰਦਾਸਪੁਰ ਵਿਧਾਨ ਸਭਾ ਹਲਕੇ ਅੰਦਰ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਵਧਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਨੂੰ 29,500 ਵੋਟਾਂ ਮਿਲੀਆਂ ਸਨ ਪਰ ਇਸ ਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਨੂੰ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿਚ 34,228 ਵੋਟਾਂ ਮਿਲੀਆਂ ਹਨ, ਜਿਸ ਕਾਰਨ ਇਸ ਹਲਕੇ ਅੰਦਰ ‘ਆਪ’ ਦੇ ਵੋਟ ਬੈਂਕ ਵਿਚ 4700 ਤੋਂ ਜ਼ਿਆਦਾ ਵਾਧਾ ਹੋਇਆ ਹੈ।
ਇਸ ਹਲਕੇ ਅੰਦਰ ਕਾਂਗਰਸ ਦੇ ਵੋਟ ਬੈਂਕ ਵਿਚ ਗਿਰਾਵਟ ਆਈ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਨੂੰ 43,743 ਵੋਟਾਂ ਪਈਆਂ ਸਨ ਜਦੋਂ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਅੰਦਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਨੂੰ 36,981 ਵੋਟਾਂ ਪੈਣ ਕਾਰਨ ਕਾਂਗਰਸ ਦੇ ਵੋਟ ਬੈਂਕ ਵਿਚ ਕਰੀਬ 6762 ਵੋਟਾਂ ਦੀ ਗਿਰਾਵਟ ਆਈ ਹੈ। ਇਸ ਤਰ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਵਿਚਲਾ ਫਰਕ ਘੱਟ ਕੇ ਸਿਰਫ 2700 ਵੋਟਾਂ ਦਾ ਹੀ ਰਹਿ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਇਸ ਹਲਕੇ ਅੰਦਰ ਵੱਡਾ ਝਟਕਾ ਲੱਗਾ ਹੈ, ਜਿਸ ਦੇ ਵੋਟ ਬੈਂਕ ਵਿਚ 26 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੀ ਵੱਡੀ ਗਿਰਾਵਟ ਆਈ ਹੈ, ਜਦੋਂ ਕਿ ਭਾਜਪਾ ਦਾ ਵੋਟ ਬੈਂਕ ਵੀ ਗੁਰਦਾਸਪੁਰ ਹਲਕੇ ਵਿਚ ਵੱਡੇ ਪੱਧਰ ’ਤੇ ਵਧਿਆ ਹੈ।
ਦੀਨਾਨਗਰ ’ਚ ਆਪ ਦਾ ਵੋਟ ਬੈਂਕ ਘਟਿਆ
ਦੀਨਾਨਗਰ ਹਲਕੇ ਵਿਚ ਸਾਲ 2022 ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਫਸਵਾਂ ਮੁਕਾਬਲਾ ਹੋਇਆ ਸੀ। ਉਸ ਮੌਕੇ ਕਾਂਗਰਸ ਦੀ ਅਰੁਣਾ ਚੌਧਰੀ ਨੂੰ 51,133 ਵੋਟਾਂ ਮਿਲੀਆਂ ਸਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਸ਼ਮਸ਼ੇਰ ਸਿੰਘ ਨੂੰ 50002 ਵੋਟਾਂ ਮਿਲੀਆਂ ਸਨ ਪਰ ਇਸ ਵਾਰ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ 45319 ਵੋਟਾਂ ਲੈਣ ਵਿਚ ਸਫਲ ਰਹੇ ਹਨ, ਜਦੋਂ ਕਿ ਸ਼ੈਰੀ ਕਲਸੀ ਨੂੰ ਇਸ ਹਲਕੇ ਅੰਦਰ ਸਿਰਫ 27647 ਵੋਟਾਂ ਹੀ ਪਈਆਂ ਹਨ।
ਇਸੇ ਤਰ੍ਹਾਂ ਅਕਾਲੀ ਦਲ ਦੀ ਭਾਈਵਾਲ ਬਸਪਾ ਨੂੰ ਉਸ ਮੌਕੇ ਦੀਨਾਨਗਰ ਹਲਕੇ ਵਿਚ 15534 ਵੋਟਾਂ ਪਈਆਂ ਸਨ, ਜਦੋਂ ਕਿ ਇਸ ਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਸਿਰਫ 9059 ਵੋਟਾਂ ਮਿਲੀਆਂ ਹਨ। ਭਾਰਤੀ ਜਨਤਾ ਪਾਰਟੀ 2022 ਦੌਰਾਨ ਦੀਨਾਨਗਰ ਹਲਕੇ ਵਿਚ 20,560 ਵੋਟਾਂ ਲੈਣ ਵਿਚ ਸਫਲ ਰਹੀ ਸੀ ਜਦੋਂ ਕਿ ਇਸ ਵਾਰ ਭਾਜਪਾ ਦੇ ਦਿਨੇਸ਼ ਬੱਬੂ ਨੂੰ ਦੀਨਾਨਗਰ ਹਲਕੇ ਵਿੱਚ 36860 ਵੋਟਾਂ ਪਈਆਂ ਹਨ।
ਕਾਦੀਆਂ ’ਚ ਅਕਾਲੀ ਦਲ ਦਾ ਬੁਰਾ ਹਸ਼ਰ
ਕਾਦੀਆਂ ਹਲਕੇ ਅੰਦਰ ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਫਸਵਾਂ ਮੁਕਾਬਲਾ ਹੋਇਆ ਹੈ। 2022 ਦੌਰਾਨ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੂੰ ਹਲਕਾ ਕਾਦੀਆਂ ਵਿਚ 48,679 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਦੀਆਂ ਹਲਕੇ ਵਿਚ 41806 ਵੋਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਸੇਖਵਾਂ ਨੂੰ 2022 ਵਿਚ ਹਲਕਾ ਕਾਦੀਆਂ ਅੰਦਰ 34916 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਸ਼ੈਰੀ ਕਲਸੀ ਨੂੰ ਕਾਦੀਆਂ ਵਿਚ 38,654 ਵੋਟਾਂ ਮਿਲਣ ਕਾਰਨ ‘ਆਪ’ ਦਾ ਗ੍ਰਾਫ ਵੀ ਵਧਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਗੁਰਇਕਬਾਲ ਸਿੰਘ ਮਾਹਲ ਨੂੰ ਕਾਦੀਆਂ ਹਲਕੇ ਅੰਦਰ 2022 ਵਿਚ 41,502 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਡਾਕਟਰ ਦਲਜੀਤ ਸਿੰਘ ਚੀਮਾ ਸਿਰਫ 15,568 ਹਜ਼ਾਰ ਵੋਟਾਂ ਦੇ ਕਰੀਬ ’ਤੇ ਹੀ ਸਿਮਟ ਗਏ। ਜਦੋਂ ਕਿ ਭਾਜਪਾ ਇਸ ਵਾਰ ਹਲਕਾ ਕਾਦੀਆਂ ਵਿਚ 12,959 ਵੋਟਾਂ ਲੈਣ ਵਿਚ ਸਫਲ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸੀਟ ਦੇ ਨਤੀਜੇ ਤੋਂ ਪਹਿਲਾਂ ਗੁਰਜੀਤ ਸਿੰਘ ਔਜਲਾ ਦੇ ਹੱਕ 'ਚ ਲੱਗੇ ਨਾਅਰੇ (ਵੀਡੀਓ)
ਬਟਾਲਾ ਦੀ ਕਿਹੋ ਜਿਹੀ ਰਹੀ ਸਥਿਤੀ
ਬਟਾਲਾ ਹਲਕੇ ਅੰਦਰ ਕਾਂਗਰਸ 2022 ਦੀਆਂ ਚੋਣਾਂ ਦੌਰਾਨ 27,098 ਵੋਟਾਂ ਲੈਣ ਵਿਚ ਸਫਲ ਰਹੀ ਸੀ ਜਦੋਂ ਕਿ ਇਸ ਹਲਕੇ ਅੰਦਰ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਨ੍ਹਾਂ ਚੋਣਾਂ ਦੌਰਾਨ 36,648 ਵੋਟਾਂ ਮਿਲੀਆਂ ਹਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਸ਼ੈਰੀ ਕਲਸੀ 2022 ਦੌਰਾਨ ਹਲਕਾ ਬਟਾਲਾ ਵਿਚ 55570 ਵੋਟਾਂ ਲੈ ਕੇ ਜੇਤੂ ਰਹੇ ਸਨ, ਜਦੋਂ ਕਿ ਇਸ ਵਾਰ ਸ਼ਹਿਰੀ ਕਲਸੀ ਨੂੰ ਆਪਣੇ ਹਲਕੇ ’ਚੋਂ 35713 ਵੋਟਾਂ ਪਈਆਂ ਹਨ। ਹਲਕਾ ਬਟਾਲੇ ਵਿਚ ਭਾਜਪਾ ਨੂੰ 2022 ਦੀਆਂ ਚੋਣਾਂ ਦੌਰਾਨ 13879 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਭਾਜਪਾ ਬਟਾਲੇ ਵਿਚ 22,674 ਦੇ ਕਰੀਬ ਵੋਟਾਂ ਲੈਣ ਵਿਚ ਸਫਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ 2022 ਵਿਚ ਪਈਆਂ 23,251 ਵੋਟਾਂ ਦੇ ਮੁਕਾਬਲੇ ਇਸ ਵਾਰ ਸਿਰਫ 10758 ਵੋਟਾਂ ਹੀ ਮਿਲੀਆਂ ਹਨ।
ਫਤਿਹਗੜ੍ਹ ਚੂੜੀਆਂ ਵਿਚ ਵੀ ਅਕਾਲੀ ਦਲ ਨੂੰ ਝਟਕਾ
ਫਤਿਹਗੜ੍ਹ ਚੂੜੀਆਂ ਹਲਕੇ ਅੰਦਰ ਕਾਂਗਰਸ ਨੂੰ 2022 ਵਿਚ 46,311 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਇਸ ਹਲਕੇ ’ਚੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ 42512 ਵੋਟਾਂ ਲੈਣ ਵਿਚ ਸਫਲ ਰਹੇ ਹਨ। ਇਸ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਪੰਨੂ ਨੂੰ 2022 ਵਿਚ 35,819 ਵੋਟਾਂ ਮਿਲੀਆਂ ਸਨ ਜਦੋਂ ਕਿ ਸ਼ੈਰੀ ਕਲਸੀ ਨੂੰ 39,640 ਵੋਟਾਂ ਮਿਲਣ ਕਾਰਨ ਇਸ ਹਲਕੇ ਅੰਦਰ ਵੀ ਆਪ ਦਾ ਗ੍ਰਾਫ ਵਧਿਆ ਹੈ। ਇਸ ਹਲਕੇ ਅੰਦਰ ਵੀ ਭਾਜਪਾ ਇਸ ਵਾਰ 6973 ਵੋਟਾਂ ਲੈਣ ਵਿਚ ਸਫਲ ਰਹੀ ਹੈ। ਜਦੋਂ ਕਿ ਅਕਾਲੀ ਦਲ 2022 ਵਿਚ ਮਿਲੀਆਂ 40,766 ਵੋਟਾਂ ਦੇ ਮੁਕਾਬਲੇ ਇਸ ਵਾਰ 15713 ਵੋਟਾਂ ’ਤੇ ਹੀ ਸਿਮਟ ਗਿਆ ਹੈ।
ਆਪਣੇ ਹਲਕੇ ’ਚੋਂ ਜੇਤੂ ਰਹੇ ਰੰਧਾਵਾ ਪਰ ਘਟਿਆ ਵੋਟ ਬੈਂਕ
ਹਲਕਾ ਡੇਰਾ ਬਾਬਾ ਨਾਨਕ ਵਿਚ ਸੁਖਜਿੰਦਰ ਸਿੰਘ ਰੰਧਾਵਾ 2022 ਦੀਆਂ ਵੋਟਾਂ ਵਿਚ 52,555 ਵੋਟਾਂ ਲੈਣ ਵਿਚ ਸਫਲ ਰਹੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਆਪਣੇ ਹਲਕੇ ’ਚੋਂ 48,198 ਵੋਟਾਂ ਮਿਲੀਆਂ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ 2022 ਵਿਚ 52,089 ਵੋਟਾਂ ਮਿਲੀਆਂ ਪਰ ਇਸ ਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਇਸ ਹਲਕੇ ’ਚੋਂ ਸਿਰਫ 17,099 ਵੋਟਾਂ ਹੀ ਪਈਆਂ, ਜਦੋਂ ਕਿ ਭਾਜਪਾ ਇਸ ਹਲਕੇ ਵਿਚ 5951 ਵੋਟਾਂ ਲੈਣ ਵਿਚ ਸਫਲ ਰਹੀ ਹੈ। ‘ਆਪ’ ਦੇ ਗੁਰਦੀਪ ਸਿੰਘ ਰੰਧਾਵਾ ਨੂੰ 2022 ਵਿਚ ਪਈਆਂ 31742 ਵੋਟਾਂ ਦੇ ਮੁਕਾਬਲੇ ਇਸ ਵਾਰ ਡੇਰਾ ਬਾਬਾ ਨਾਨਕ ਹਲਕੇ ’ਚ ਸ਼ੈਰੀ ਕਲਸੀ ਨੂੰ 44,258 ਵੋਟਾਂ ਮਿਲੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8