ਪੰਜਾਬ ਦੇ 86,000 ਲੋਕਾਂ ਨੇ ਓਟ ਕਲੀਨਿਕਾਂ ''ਚ ਆਪਣੇ ਇਲਾਜ ਲਈ ਕਰਵਾਈ ਰਜਿਸਟ੍ਰੇਸ਼ਨ
Thursday, May 14, 2020 - 08:42 PM (IST)
![ਪੰਜਾਬ ਦੇ 86,000 ਲੋਕਾਂ ਨੇ ਓਟ ਕਲੀਨਿਕਾਂ ''ਚ ਆਪਣੇ ਇਲਾਜ ਲਈ ਕਰਵਾਈ ਰਜਿਸਟ੍ਰੇਸ਼ਨ](https://static.jagbani.com/multimedia/2020_5image_20_41_563824966012.jpg)
ਜਲੰਧਰ,(ਧਵਨ)– ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਲਾਗੂ ਕੀਤੇ ਗਏ ਲਾਕਡਾਊਨ ਕਾਰਣ ਜਿੱਥੇ ਇਕ ਪਾਸੇ ਕਾਫੀ ਨਕਾਰਤਮਕ ਪਹਿਲੂ ਸਾਹਮਣੇ ਆਏ ਹਨ ਉਥੇ ਦੂਜੇ ਪਾਸੇ ਲਾਕਡਾਊਨ ਦੇ ਕੁਝ ਫਾਇਦੇ ਵੀ ਮਿਲ ਰਹੇ ਹਨ। ਲਾਕਡਾਊਨ ਕਾਰਣ ਅਨੇਕ ਲੋਕਾਂ ਦੀ ਆਮਦਨੀ 'ਤੇ ਉਲਟ ਅਸਰ ਪਿਆ ਹੈ ਇਨ੍ਹਾਂ 'ਚ ਉਹ ਲੋਕ ਵੀ ਸ਼ਾਮਲ ਹਨ ਜੋ ਪੈਸਾ ਮਿਲਣ ਦੇ ਬਾਅਦ ਨਸ਼ਾ ਕਰਦੇ ਸਨ।
ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਇਕ ਮਹੀਨੇ ਦੌਰਾਨ ਹੀ ਪੰਜਾਬ 'ਚ ਨਸ਼ਾ ਕਰਨ ਵਾਲੇ ਲਗਭਗ 86000 ਲੋਕਾਂ ਨੇ ਖੁਦ ਨੂੰ 'ਓਟ' ਕਲੀਨਿਕਾਂ 'ਚ ਇਲਾਜ ਲਈ ਰਜਿਸਟਰਡ ਕਰਵਾ ਦਿੱਤਾ ਹੈ। ਇਹ ਅੰਕੜਾ ਕਾਫੀ ਵੱਡਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆ ਕਿਹਾ ਕਿ ਇਨ੍ਹਾਂ 86000 ਲੋਕਾਂ ਨੇ ਨਸ਼ਾ ਛੱਡਣ ਦੀ ਗਲ ਕਹੀ ਹੈ ਅਤੇ 'ਓਟ' ਕਲੀਨਿਕਾਂ 'ਚ ਲਗਭਗ 5 ਲੱਖ ਲੋਕਾਂ ਦਾ ਪਿਛਲੇ ਸਮੇਂ 'ਚ ਇਲਾਜ ਕੀਤਾ ਜਾ ਚੁੱਕਾ ਹੈ।
ਦੂਜੇ ਪਾਸੇ ਨਸ਼ਾ ਛੁਡਾਉ ਕੇਂਦਰਾਂ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਪਹਿਲਾਂ ਤਾਂ ਨਸ਼ਾ ਕਰਨ ਵਾਲੇ ਲੋਕ ਬਾਜ਼ਾਰ ਤੋਂ ਪੈਸਿਆਂ ਦਾ ਭੁਗਤਾਨ ਕਰਕੇ ਨਸ਼ੀਲੇ ਪਦਾਰਥਾਂ ਦੀ ਖਰੀਦ ਕਰ ਲੈਂਦੇ ਸਨ ਪਰ ਜਦੋ ਤੋਂ ਲਾਕਡਾਊਨ ਲਾਗੂ ਹੋਇਆ ਹੈ ਉਦੋਂ ਤੋਂ ਨਸ਼ਾ ਕਰਨ ਵਾਲਿਆਂ ਦੇ ਕੋਲ ਵੀ ਆਰਥਿਕ ਸਾਧਨਾਂ ਦੀ ਕਮੀ ਹੋ ਗਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਨਸ਼ੀਲੇ ਪਦਾਰਥ ਆਸਾਨੀ ਨਾਲ ਮਿਲ ਰਹੇ ਹਨ, ਕਿਉਂਕਿ ਕਰਫਿਊ ਦੇ ਕਾਰਣ ਪੁਲਸ ਪਹਿਰਾ ਵੀ ਕਾਫੀ ਵਧਿਆ ਹੋਇਆ ਹੈ, ਜਿਸ ਨਾਲ ਨਸ਼ਾ ਸਮੱਗਲਰ ਵੀ ਅੰਡਰਗਰਾਊਂਡ ਹੋ ਗਏ ਹਨ ਅਤੇ ਨਸ਼ਾ ਕਰਨ ਵਾਲੇ ਲੋਕਾਂ ਦੇ ਅੰਦਰ ਹੁਣ ਨਸ਼ਾ ਕਰਨ ਦੀ ਤਲਬ ਲਗੀ ਹੋਈ ਹੈ। ਅਜਿਹੀ ਹਾਲਤ 'ਚ ਇਨ੍ਹਾਂ ਲੋਕਾਂ ਨੇ ਓਟ ਕਲੀਨਿਕ 'ਚ ਇਲਾਜ ਲਈ ਖੁਦ ਨੂੰ ਰਜਿਸਟਰਡ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਨਸ਼ਾ ਨਹੀ ਮਿਲ ਰਿਹਾ ਹੈ।