ਹੜ੍ਹ ਕਾਰਣ ਪ੍ਰਭਾਵਿਤ ਹੋਈਆਂ ਜਲ ਸਪਲਾਈ ਦੀਆਂ 83 ਫੀਸਦੀ ਸਕੀਮਾਂ ਮੁੜ ਕਾਰਜਸ਼ੀਲ : ਜਿੰਪਾ

Wednesday, Jul 19, 2023 - 04:52 PM (IST)

ਚੰਡੀਗੜ੍ਹ (ਬਿਊਰੋ) : ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਹੜ੍ਹਾਂ ਕਾਰਣ ਪ੍ਰਭਾਵਿਤ ਹੋਈਆਂ ਪਿੰਡਾਂ ਦੀਆਂ 83 ਫੀਸਦੀ ਤੋਂ ਜ਼ਿਆਦਾ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਣ ਦੱਖਣੀ, ਉੱਤਰੀ ਅਤੇ ਕੇਂਦਰੀ ਜ਼ੋਨ ਦੀਆਂ 368 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਸਨ ਅਤੇ ਇਨ੍ਹਾਂ ’ਚੋਂ 308 ਸਕੀਮਾਂ 18 ਜੁਲਾਈ ਦੁਪਹਿਰ 12 ਵਜੇ ਤੱਕ ਮੁਰੰਮਤ ਕਰ ਦਿੱਤੀਆਂ ਗਈਆਂ ਹਨ। ਇਹ ਦਰ 83.69 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਲਈ 10 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਸਨ ਅਤੇ ਨਿਰਦੇਸ਼ ਦਿੱਤੇ ਸਨ ਕਿ ਪ੍ਰਭਾਵਿਤ ਲੋਕਾਂ ਤੱਕ ਹਰ ਹਾਲ ’ਚ ਸਾਫ਼ ਪੀਣਯੋਗ ਪਾਣੀ ਪੁੱਜਦਾ ਕੀਤਾ ਜਾਵੇ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਪਿਛਲੇ ਹਫਤੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਫੀਲਡ ਸਟਾਫ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਸੀ ਕਿ ਹੜ੍ਹ ਪ੍ਰਭਾਵਿਤ ਪੇਂਡੂ ਖੇਤਰਾਂ ‘ਚ ਪੀਣ ਵਾਲੇ ਸਾਫ ਪਾਣੀ ਦੀ ਕੋਈ ਕਿੱਲਤ ਨਾ ਆਉਣ ਦਿੱਤੀ ਜਾਵੇ।

ਇਹ ਵੀ ਪੜ੍ਹੋ : ਪਾਕਿ ਦੇ ਕਰਾਚੀ ’ਚ 160 ਰੁਪਏ ਪ੍ਰਤੀ ਕਿਲੋ ਪੁੱਜੀ ਆਟੇ ਦੀ ਕੀਮਤ, ਲੋਕਾਂ ’ਚ ਹਾਹਾਕਾਰ ਮਚੀ

ਕਾਬਿਲੇਗੌਰ ਹੈ ਕਿ ਜਿਹੜੀਆਂ ਜਲ ਸਪਲਾਈ ਸਕੀਮਾਂ ਹੜ੍ਹਾਂ ਕਾਰਣ ਪ੍ਰਭਾਵਿਤ ਹੋਈਆਂ ਸਨ ਉਨ੍ਹਾਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਬਦਲਵੇਂ ਪ੍ਰਬੰਧਾਂ ਰਾਹੀਂ ਸਾਫ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਸੀ ਅਤੇ ਜਿਨ੍ਹਾਂ ਇਲਾਕਿਆਂ ’ਚ ਪਾਈਪਾਂ ਰਾਹੀਂ ਪਾਣੀ ਨਹੀਂ ਪੁੱਜ ਸਕਦਾ ਸੀ ਉੱਥੇ ਲੋੜੀਂਦੀ ਮਾਤਰਾ ਵਿਚ ਪਾਣੀ ਦੇ ਟੈਂਕਰ ਭੇਜੇ ਗਏ ਸਨ। ਜਿੰਪਾ ਨੇ ਦੱਸਿਆ ਕਿ ਬਾਕੀ ਬਚੀਆਂ 60 ਜਲ ਸਪਲਾਈ ਸਕੀਮਾਂ ਵੀ ਜਲਦ ਹੀ ਕਾਰਜਸ਼ੀਲ ਕਰ ਦਿੱਤੀਆਂ ਜਾਣਗੀਆਂ। ਵੱਖ-ਵੱਖ ਜ਼ੋਨਾਂ ਅਤੇ ਸਰਕਲਾਂ ਦੇ ਅਧਿਕਾਰੀ ਤੇ ਕਰਮਚਾਰੀ ਇਨ੍ਹਾਂ ਦੀ ਮੁਰੰਮਤ ਲਈ ਸਰਗਰਮੀ ਨਾਲ ਕਾਰਜ ਕਰ ਰਹੇ ਹਨ। 

ਇਹ ਵੀ ਪੜ੍ਹੋ : ਲਿਕਰ ਲਾਇਸੈਂਸ ਦੇ 6 ਕਰੋੜ 'ਤੇ ਅੜੀ ਸਰਕਾਰ, ਚੰਡੀਗੜ੍ਹ ਹਵਾਈ ਅੱਡੇ 'ਤੇ ਖ਼ਾਲੀ ਪਈਆਂ ਸ਼ਰਾਬ ਦੀਆਂ ਦੁਕਾਨਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News