80 ਫ਼ੀਸਦੀ ਡਾਕਟਰ ਡਿਊਟੀ ਤੋਂ ਗੈਰ-ਹਾਜ਼ਰ

Tuesday, Nov 14, 2017 - 07:20 AM (IST)

80 ਫ਼ੀਸਦੀ ਡਾਕਟਰ ਡਿਊਟੀ ਤੋਂ ਗੈਰ-ਹਾਜ਼ਰ

ਅੰਮ੍ਰਿਤਸਰ,   (ਦਲਜੀਤ)-   ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱਜ ਐੱਮ. ਪੀ. ਗੁਰਜੀਤ ਸਿੰਘ ਔਜਲਾ ਨੇ ਸਰਕਾਰੀ ਸੇਵਾਵਾਂ 'ਤੇ ਸਰਜੀਕਲ ਸਟਰਾਈਕ ਕਰ ਦਿੱਤੀ।  ਔਜਲਾ ਵੱਲੋਂ ਹਸਪਤਾਲ ਦੀ ਕੀਤੀ ਗਈ ਅਚਨਚੇਤੀ ਜਾਂਚ ਨੇ ਜਿਥੇ 80 ਫ਼ੀਸਦੀ ਤੋਂ ਜ਼ਿਆਦਾ ਡਾਕਟਰ ਗੈਰ-ਹਾਜ਼ਰ ਪਾਏ ਗਏ ਹਨ ਉਥੇ ਹੀ ਵਾਰਡ ਵਿਚ ਸ਼ਰਾਬ ਅਤੇ ਬੀਅਰ ਦੀਆਂ ਖਾਲੀ ਬੋਤਲਾਂ ਬਰਾਮਦ ਹੋਈਆਂ ਹਨ। ਐੱਮ. ਪੀ. ਦੇ ਸਾਹਮਣੇ ਮਰੀਜ਼ਾਂ ਨੇ ਸਿਹਤ ਸੇਵਾਵਾਂ ਨਾ ਮਿਲਣ ਦੇ ਕਾਰਨ ਰੋਂਦੇ ਕੁਰਲਾਉਂਦੇ ਡਾਕਟਰਾਂ ਨੂੰ ਕੋਸਿਆ ਹੈ। ਐੱਮ. ਪੀ. ਨੇ ਮਰੀਜ਼ਾਂ ਦੀ ਤਰਸਯੋਗ ਹਾਲਤ ਵੇਖਦੇ ਹੋਏ ਹਸਪਤਾਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਰੱਜ ਕੇ ਫਟਕਾਰ ਲਾਈ ਹੈ।  
ਜਾਣਕਾਰੀ ਅਨੁਸਾਰ ਔਜਲਾ ਲੋਕਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਬਾਅਦ ਅੱਜ ਗੁਰੂ ਨਾਨਕ ਦੇਵ ਹਸਪਤਾਲ ਵਿਚ ਸਵੇਰੇ 9 ਵਜੇ ਦੇ ਕਰੀਬ ਅਚਾਨਕ ਜਾਂਚ ਕਰਨ ਪੁੱਜੇ।  ਜਿਸ ਦਾ ਪਤਾ ਲੱਗਦੇ ਹੀ ਹਸਪਤਾਲ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਮ ਸਵਰੂਪ ਸ਼ਰਮਾ ਮੌਕੇ 'ਤੇ ਪੁੱਜੇ। ਔਜਲਾ ਨੇ ਸਭ ਤੋਂ ਪਹਿਲਾਂ ਹਸਪਤਾਲ ਦੀ ਓ. ਪੀ. ਡੀ. ਚੈੱਕ ਕੀਤੀ ਜਿਥੇ ਜ਼ਿਆਦਾਤਰ ਡਾਕਟਰ ਆਪਣੀਆਂ ਕੁਰਸੀਆਂ ਤੋਂ ਗੈਰ-ਹਾਜ਼ਰ ਸਨ। ਮਰੀਜ਼ ਸਵੇਰੇ ਤੋਂ ਡਾਕਟਰਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਡਾਕਟਰ ਪਤਾ ਨਹੀਂ ਕਿੱਥੇ ਸਨ। ਓ. ਪੀ. ਡੀ. ਦੇ ਨਾਲ ਐਕਸਰੇ ਰੂਮ ਵਿਚ ਔਜਲਾ ਨੇ ਜਦੋਂ ਚੈਕਿੰਗ ਕੀਤੀ ਤਾਂ ਉਥੇ ਮੌਜੂਦ ਮਰੀਜ਼ਾਂ ਨੇ ਐਕਸਰੇ ਨਾ ਕਰਨ ਦੀ ਐੱਮ. ਪੀ. ਨੂੰ ਸ਼ਿਕਾਇਤ ਕੀਤੀ। ਕਈ ਮਰੀਜ਼ਾਂ ਨੇ ਜਿਥੇ ਤੱਕ ਕਹਿ ਦਿੱਤਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਐਕਸਰੇ ਕਰਵਾਉਣ ਆਉਂਦੇ ਹਨ ਪਰ ਸਟਾਫ ਜਾਣਬੱਝ ਕੇ ਉਨ੍ਹਾਂ ਦੇ ਐਕਸਰੇ ਨਹੀਂ ਕਰਦਾ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਵੀ ਹਸਪਤਾਲ ਦੀ ਅਚਾਨਕ ਜਾਂਚ ਕਰਦੇ ਲਾਪ੍ਰਵਾਹੀ ਵਰਤਣ ਵਾਲੇ ਡਾਕਟਰਾਂ ਅਤੇ ਸਟਾਫ ਨੂੰ ਈਮਾਨਦਾਰੀ ਨਾਲ ਮਰੀਜ਼ਾਂ ਦਾ ਇਲਾਜ ਕਰਨ ਦੀ ਨਸੀਹਤ ਦਿੱਤੀ ਸੀ ਅਤੇ ਸਪੱਸ਼ਟ ਕੀਤਾ ਸੀ ਕਿ ਉਹ ਦੁਬਾਰਾ ਅਚਾਨਕ ਜਾਂਚ ਕਰਨ ਆ ਸਕਦੇ ਹਨ। ਅਜੋਕੀ ਜਾਂਚ ਵਿਚ ਸਾਹਮਣੇ ਆਈਆਂ ਖਾਮੀਆਂ ਦੀ ਐੱਮ. ਪੀ. ਨੇ ਸੰਖੇਪ ਰਿਪੋਰਟ ਬਣਾ ਕੇ ਮੈਡੀਕਲ ਅਤੇ ਸਿੱਖਿਆ ਬੋਰਡ ਵਿਭਾਗ ਨੂੰ ਭੇਜ ਦਿੱਤੀ ਹੈ।  
ਐਮਰਜੈਂਸੀ ਰੱਬ ਆਸਰੇ 
ਐੱਮ. ਪੀ. ਗੁਰਜੀਤ ਸਿੰਘ ਔਜਲਾ ਨੇ ਹਸਪਤਾਲ ਦੀ ਐਮਰਜੈਂਸੀ ਵਿਚ ਜਦੋਂ ਦੌਰਾ ਕੀਤਾ ਤਾਂ ਉੱਥੇ ਕੋਈ ਵੀ ਸੀਨੀਅਰ ਡਾਕਟਰ ਮੌਜੂਦ ਨਹੀਂ ਸੀ। ਐਮਰਜੈਂਸੀ ਵਿਚ ਪਏ ਬੈੱਡ ਦੇ ਗੱਦੇ ਗਲੇ- ਸੜੇ ਹੋਏ ਸਨ ਅਤੇ ਚਾਦਰਾਂ ਵੀ ਸਾਫ਼ ਨਹੀਂ ਸਨ। ਐੱਮ. ਪੀ. ਵਲੋਂ ਜਾਂਚ ਕਰਨ ਦਾ ਪਤਾ ਲੱਗਦੇ ਹੀ ਪੀੜਤ ਮਰੀਜ਼ ਮੌਕੇ 'ਤੇ ਪਹੁੰਚ ਗਏ।  ਉਨ੍ਹਾਂ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਐਮਰਜੈਂਸੀ ਵਿਚ ਆਏ ਹੋਏ ਹਨ ਪਰ ਅਜੇ ਤੱਕ ਕੋਈ ਸੀਨੀਅਰ ਡਾਕਟਰ ਨਹੀਂ ਆਇਆ। ਲੱਭਣ 'ਤੇ ਵੀ ਡਾਕਟਰ ਨਹੀਂ ਮਿਲਦੇ। ਔਜਲਾ ਨੇ ਇਸ ਦੇ ਬਾਅਦ ਐਮਰਜੈਂਸੀ ਦੇ ਅਖੀਰ ਵਿਚ ਪਈ ਗੰਦਗੀ ਦੀ ਭਰਮਾਰ ਵੇਖ ਕੇ ਹਸਪਤਾਲ ਦੇ ਸਟਾਫ ਨੂੰ ਫਟਕਾਰ ਲਾਈ।  
ਆਪ੍ਰੇਸ਼ਨ ਥੀਏਟਰ ਦੇ ਬਾਹਰ ਮਰੀਜ਼ਾਂ ਦੇ ਵਾਰਿਸਾਂ ਨੇ ਸੁਣਾਏ ਦੁਖੜੇ
ਐੱਮ. ਪੀ. ਨੇ ਜਦੋਂ ਆਪ੍ਰੇਸ਼ਨ ਥੀਏਟਰ, ਆਈ.ਸੀ.ਯੂ. ਆਦਿ ਦਾ ਦੌਰਾ ਕੀਤਾ ਤਾਂ ਉਥੇ 'ਤੇ ਮਰੀਜ਼ਾਂ ਦੇ ਵਾਰਿਸਾਂ ਦੇ ਬੈਠਣ ਦਾ ਕੋਈ ਇੰਤਜ਼ਾਮ ਨਹੀਂ ਸੀ। ਪਰਿਵਾਰ ਵਾਲੇ ਚਾਦਰਾਂ ਵਿਛਾ ਕੇ ਠੰਡ ਵਿਚ ਹੀ ਲੇਟੇ ਹੋਏ ਸਨ। ਐੱਮ. ਪੀ. ਨੂੰ ਕਈ ਵਾਰਿਸਾਂ ਨੇ ਕਿਹਾ ਕਿ ਟੈਸਟ, ਦਵਾਈਆਂ ਆਦਿ ਸਾਰੇ ਪ੍ਰਾਈਵੇਟ ਕਰਵਾਈ ਜਾ ਰਹੀ ਹੈ।  ਨਾ ਤਾਂ ਸਰਕਾਰੀ ਦਵਾਈ, ਨਾ ਹੀ ਸਹੂਲਤ ਮਿਲ ਰਹੀ ਹੈ।  ਨਾਂ ਦਾ ਹੀ ਸਰਕਾਰੀ ਹਸਪਤਾਲ ਹੈ ਪਰ ਖਰਚਾ ਪ੍ਰਾਈਵੇਟ ਹਸਪਤਾਲਾਂ ਤੋਂ ਜ਼ਿਆਦਾ ਹੋ ਰਿਹਾ ਹੈ। ਮਰੀਜ਼ਾਂ ਵੱਲ ਧਿਆਨ ਘੱਟ ਹੀ ਦਿੱਤਾ ਜਾਂਦਾ ਹੈ। ਔਜਲਾ ਵੱਲੋਂ ਸਰਜਰੀ ਵਾਰਡ 1 ਅਤੇ 3 ਦੀ ਵੀ ਅਚਨਚੇਤੀ ਜਾਂਚ ਕੀਤੀ ਗਈ।
ਮਰੀਜ਼ਾਂ ਨੇ ਰੋ ਕੇ ਸੁਣਾਈ ਆਪਣੀ ਬੇਬਸੀ
ਐੱਮ. ਪੀ. ਨੇ ਜਦੋਂ ਡਾਇਗੋਨਾਸਟਿਕ ਸੈਂਟਰ ਦਾ ਦੌਰਾ ਕੀਤਾ ਤਾਂ ਉਥੇ  ਵੱਖ-ਵੱਖ ਤਰ੍ਹਾਂ ਦੇ ਟੈਸਟ ਨਾ ਹੋਣ ਵਾਲੇ ਮਰੀਜ਼ਾਂ ਨੇ ਆਪਣੀ ਬੇਬਸੀ ਪ੍ਰਗਟ ਕੀਤੀ। ਇਕ ਮਰੀਜ਼ ਨੇ ਰੋਂਦੇ ਹੋਏ ਸਰਕਾਰੀ ਸੇਵਾਵਾਂ ਨੂੰ ਕੋਸਦੇ ਹੋਏ ਕਿਹਾ ਕਿ ਉਹ ਹਸਪਤਾਲ ਵਿਚ ਦਾਖਲ ਹੈ, ਉਸ ਦੀ ਐੱਮ.ਆਰ.ਆਈ. ਪਿਛਲੇ ਕਈ ਦਿਨਾਂ ਤੋਂ ਨਹੀਂ ਹੋ ਰਹੀ ਹੈ।  ਉਹ ਰੋਜ਼ਾਨਾ ਆਉਂਦੀ ਹੈ ਪਰ ਡਾਕਟਰ ਇਹ ਕਹਿ ਕਰ ਭੇਜ ਦਿੰਦੇ ਹਨ ਕਿ ਮਸ਼ੀਨ ਖ਼ਰਾਬ ਹੈ। ਇਲਾਜ ਕਰ ਰਹੇ ਡਾਕਟਰ ਨੇ ਕਿਹਾ ਕਿ ਜਦੋਂ ਤੱਕ ਐੱਮ.ਆਰ.ਆਈ. ਨਹੀਂ ਹੋਵੇਗੀ ਤੱਦ ਤੱਕ ਇਲਾਜ ਸ਼ੁਰੂ ਨਹੀਂ ਹੋਵੇਗਾ। ਮਰੀਜ਼ ਨੇ ਕਿਹਾ ਕਿ ਉਹ ਦਰਦ ਨਾਲ ਤੜਫ਼ ਰਹੀ ਹੈ ਪਰ ਉਸ ਦੀ ਸਾਰ ਨਹੀਂ ਲਈ ਜਾ ਰਹੀ ਹੈ।


Related News