ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਬੀਮਾਰੀਆਂ ਨੇ ਪਾਇਆ ਘੇਰਾ, 3 ਹਾਜ਼ਰ ਲੋਕਾਂ ਨੂੰ ...
Saturday, Sep 13, 2025 - 01:39 PM (IST)

ਅੰਮ੍ਰਿਤਸਰ (ਦਲਜੀਤ)-ਸਿਹਤ ਵਿਭਾਗ ਵੱਲੋਂ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ 1 ਲੱਖ 51 ਹਜ਼ਾਰ ਲੋਕਾਂ ਤੱਕ ਪਹੁੰਚ ਬਣਾਉਣ ਲਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਫੌਜ ਨੂੰ ਮੈਦਾਨ ’ਚ ਉਤਾਰ ਦਿੱਤਾ ਹੈ। ਵਿਭਾਗ ਦੀਆਂ 150 ਤੋਂ ਵੱਧ ਟੀਮਾਂ ਵੱਲੋਂ 10 ਦਿਨਾਂ ’ਚ ਉਕਤ ਲੋਕਾਂ ਤੱਕ ਪਹੁੰਚ ਬਣਾ ਕੇ ਸਿਹਤ ਸੇਵਾਵਾਂ ਜ਼ਮੀਨੀ ਪੱਧਰ ’ਤੇ ਦੇਣ ਲਈ ਰੂਪ-ਰੇਖਾ ਉਲੀਕ ਲਈ ਹੈ। ਵਿਭਾਗ ਵੱਲੋਂ ਕੀਤੇ ਗਏ ਹੁਣ ਤੱਕ ਸਰਵੇ ’ਚ 50 ਹਜ਼ਾਰ ਲੋਕਾਂ ਦੀ ਜਾਂਚ ਹੋਈ ਹੈ, ਜਿਨ੍ਹਾਂ ’ਚੋਂ 3000 ਦੇ ਕਰੀਬ ਲੋਕ ਅਜਿਹੇ ਪਾਏ ਗਏ ਹਨ, ਜਿਨ੍ਹਾਂ ਨੂੰ ਵਾਇਰਲ ਬੁਖਾਰ ਅਤੇ ਚਮੜੀ ਦੀਆਂ ਸਮੱਸਿਆਵਾਂ ਉਭਰ ਕੇ ਸਾਹਮਣੇ ਆਈਆਂ ਹਨ। ਸਿਵਲ ਸਰਜਨ ਡਾ. ਸਵਰਨਜੀਤ ਧਵਨ ਵੱਲੋਂ ਖੁਦ ਫੀਲਡ ’ਚ ਰਹਿ ਕੇ ਸਿਹਤ ਸੇਵਾਵਾਂ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਮਾਰਗਦਰਸ਼ਨ ਕਰਦਿਆਂ ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਸੁਚੇਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸੰਭਲ ਜਾਓ ਪੰਜਾਬੀਓ, ਬਰਸਾਤਾਂ ਤੋਂ ਬਾਅਦ ਹੁਣ ਫੈਲਣ ਲੱਗੀਆਂ ਖ਼ਤਰਨਾਕ ਬੀਮਾਰੀਆਂ
ਜਾਣਕਾਰੀ ਅਨੁਸਾਰ ਹੜ੍ਹਾਂ ਕਾਰਨ ਅਜਨਾਲਾ ਅਤੇ ਰਮਦਾਸ ਖੇਤਰ ਦੇ 198 ਪਿੰਡ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚ 2 ਲੱਖ 20 ਹਜ਼ਾਰ ਦੇ ਕਰੀਬ ਆਬਾਦੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਪ੍ਰਭਾਵਿਤ ਖੇਤਰ ਦੇ 1 ਲੱਖ 51 ਹਜ਼ਾਰ ਲੋਕਾਂ ਦੀ ਚੋਣ ਕਰ ਕੇ ਬਕਾਇਦਾ ਉਨ੍ਹਾਂ ਦੀ ਸਿਹਤ ਜਾਂਚ ਲਈ ਕੰਮ ਕੀਤਾ ਜਾ ਰਿਹਾ ਹੈ। ਪ੍ਰਭਾਵਿਤ ਵਧੇਰੇ ਪਿੰਡਾਂ ’ਚ ਭਾਵੇਂ ਪਾਣੀ ਹੇਠਾਂ ਉਤਰ ਗਿਆ ਹੈ ਪਰ ਉਸ ਤੋਂ ਬਾਅਦ ਡੇਂਗੂ ਮਲੇਰੀਆ ਅਤੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਕਾਰਨ ਲੋਕਾਂ ’ਚ ਭਾਰੀ ਦਹਿਸ਼ਤ ਪਾਈ ਜਾ ਰਹੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਡੀ ਕਾਰਵਾਈ, ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ 'ਚ ਲੱਗੀਆਂ ਐਬੂਲੈਂਸਾਂ ਦੇ ਕਰ'ਤੇ ਚਲਾ
ਸਿਵਲ ਸਰਜਨ ਡਾ. ਸਵਰਨਜੀਤ ਧਵਨ ਦੀ ਅਗਵਾਈ ’ਚ ਸਮੁੱਚਾ ਸਿਹਤ ਵਿਭਾਗ ਪੂਰੀ ਮੁਸਤੈਦੀ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰਦਿਆਂ ਲੋਕਾਂ ਨੂੰ ਸਿਹਤ ਸੇਵਾਵਾਂ ਸਬੰਧੀ ਰਾਹਤ ਦੇ ਰਿਹਾ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਤੱਕ ਪਹੁੰਚਣ ਲਈ ਟੀਮਾਂ ਦੀ ਗਿਣਤੀ ਵਧਾ ਕੇ 150 ਤੱਕ ਕਰ ਦਿੱਤੀ ਗਈ ਹੈ ਅਤੇ ਟੀਮਾਂ ਲੋਕਾਂ ਦੇ ਘਰਾਂ ’ਚ ਪਹੁੰਚ ਕੇ ਉਨ੍ਹਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਸਬੰਧੀ ਪੁੱਛ ਪੜਤਾਲ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪ੍ਰਭਾਵਿਤ ਖੇਤਰਾਂ ’ਚ 24 ਘੰਟੇ ਚੱਲਣ ਵਾਲੇ 16 ਮੈਡੀਕਲ ਕੈਂਪ ਵੀ ਲਾਏ ਗਏ ਹਨ ਅਤੇ ਵੱਖ-ਵੱਖ ਬੀਮਾਰੀਆਂ ਦੇ ਮਾਹਿਰ 250 ਦੇ ਕਰੀਬ ਡਾਕਟਰ ਫੀਲਡ ’ਚ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 1 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਫੀਲਡ ’ਚ ਕੰਮ ਕਰਨ ਲਈ ਲਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਦੇ ਹੁਕਮਾਂ 'ਤੇ ਅੱਜ ਸ਼ੁਰੂ ਹੋਵੇਗਾ ਵੱਡਾ ਕੰਮ
ਬੇਬੇ ਨਾਨਕੀ ਸੈਂਟਰ ’ਚ ਹੜ੍ਹ ਪ੍ਰਭਾਵਿਤ ਖੇਤਰ ਦੀਆਂ 26 ਔਰਤਾਂ ਦੇ ਕੀਤੇ ਗਏ ਜਣੇਪੇ
ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਗੁਰੂ ਨਾਨਕ ਦੇਵ ਹਸਪਤਾਲ ਅਧੀਨ ਚੱਲਣ ਵਾਲੇ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਹੈਲਥ ਸੈਂਟਰ ਕਾਫੀ ਲਾਭਦਾਇਕ ਸਾਬਤ ਹੋਇਆ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਪ੍ਰਭਾਵਿਤ ਖੇਤਰ ’ਚ 26 ਗਰਭਵਤੀ ਔਰਤਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ’ਚ 11 ਔਰਤਾਂ ਦੀ ਸਿਜੇਰੀਅਨ ਅਤੇ 15 ਔਰਤਾਂ ਦੇ ਜਣੇਪੇ ਕੀਤੇ ਗਏ ਹਨ।
15 ਸਾਲਾ ਨੌਜਵਾਨ ਦੀ ਹੜ੍ਹ ਕਾਰਨ ਸੱਪ ਦੇ ਡੰਗਣ ਨਾਲ ਹੋਈ ਮੌਤ : ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਹੜ ਪ੍ਰਭਾਵਿਤ ਖੇਤਰ ਦੇ ਹੁਣ ਤੱਕ 23 ਮਾਮਲੇ ਸੱਪ ਦੇ ਡੰਗਣ ਦੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਪਿਛਲੇ ਸਮੇਂ ਦੌਰਾਨ 18 ਸਾਲ ਦੇ ਅਜਨਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਜਦਕਿ ਜ਼ਿਲਾ ਤਰਨਤਾਰਨ ਦੇ 15 ਸਾਲ ਦੇ ਐੱਸ. ਪੀ. ਸਿੰਘ ਨਾਂ ਦੇ ਨੌਜਵਾਨ ਦੀ ਬੀਤੇ ਦਿਨ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਸਰਕਾਰੀ ਹਸਪਤਾਲ ਅਜਨਾਲਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਸ਼ਾਲੂ ਵੀ ਦਿਨ-ਰਾਤ ਕਰ ਰਹੇ ਹਨ ਕੰਮ : ਹੜ੍ਹਾਂ ਕਾਰਨ ਅਜਨਾਲਾ ਖੇਤਰ ਦੇ ਅਧੀਨ ਆਉਂਦੇ ਪਿੰਡਾਂ ’ਚ ਕਾਫੀ ਨੁਕਸਾਨ ਹੋਇਆ ਹੈ ਅਤੇ ਕਈ ਭਿਆਨਕ ਬੀਮਾਰੀਆਂ ਹੋਣ ਪਾਣੀ ਉਤਰਨ ਤੋਂ ਬਾਅਦ ਫੈਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਸਰਕਾਰੀ ਹਸਪਤਾਲ ਅਜਨਾਲਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਸ਼ਾਲੂ ਅਗਰਵਾਲ ਵੱਲੋਂ ਦਿਨ-ਰਾਤ ਫੀਲਡ ’ਚ ਕੰਮ ਕਰ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਡਟ ਕੇ ਮਿਹਨਤ ਕੀਤੀ ਜਾ ਰਹੀ ਹੈ। ਡਾ. ਸ਼ਾਲੂ ਵੱਲੋਂ ਹਸਪਤਾਲ ਸਟਾਫ ਨੂੰ ਨਾਲ ਲੈ ਕੇ ਬਚਾਅ ਰਾਹਤ ਪ੍ਰਭਾਵਿਤ ਖੇਤਰ ’ਚ ਦਿੱਤੇ ਜਾ ਰਹੇ ਹਨ। ਇਸ ਦੌਰਾਨ ਡਾ. ਸ਼ਾਲੂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਲੋਕਾਂ ਵੱਲੋਂ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8