ਪੰਜਾਬ ''ਚ ਜਾਨ ਲੈਣ ਲੱਗੀ ਹੱਡ ਚੀਰਵੀਂ ''ਠੰਡ'', ਹੁਣ ਤੱਕ 8 ਲੋਕਾਂ ਦੀ ਮੌਤ
Thursday, Dec 26, 2019 - 09:10 AM (IST)

ਲੁਧਿਆਣਾ (ਨਰਿੰਦਰ) : ਪੰਜਾਬ ਸਮੇਤ ਪੂਰੇ ਉੱਤਰੀ ਭਾਰਤ 'ਚ ਇਨ੍ਹੀਂ ਦਿਨੀਂ ਹੱਡ ਚੀਰਵੀਂ ਠੰਡ ਨੇ ਜਾਨਲੇਵਾ ਰੂਪ ਧਾਰਨ ਕਰ ਲਿਆ ਹੈ। ਇਹ ਕੜਾਕੇ ਦੀ ਠੰਡ ਲੋਕਾਂ ਲਈ ਮੁਸੀਬਤ ਬਣ ਗਈ ਹੈ ਅਤੇ ਇਸ ਕਾਰਨ ਹੁਣ ਤੱਕ 8 ਤੋਂ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਆਂਕੜੇ ਲੁਧਿਆਣਾ ਸਿਵਲ ਹਸਪਤਾਲ ਦੇ ਅਮਰਜੈਂਸੀ ਮੈਡੀਕਲ ਅਫਸਰ ਡਾ. ਹਰਪ੍ਰੀਤ ਸਿੰਘ ਨੇ ਦਿੱਤੇ ਹਨ।
ਮ੍ਰਿਤਕਾਂ 'ਚ ਜ਼ਿਆਦਾਤਰ ਉਹ ਲੋਕ ਹਨ, ਜੋ ਫੁਟਪਾਥ 'ਤੇ ਰਹਿੰਦੇ ਹਨ। ਬੇਸਹਾਰਿਆਂ ਲਈ ਇਹ ਠੰਡ ਜਾਨਲੇਵਾ ਬਣੀ ਹੋਈ ਹੈ। ਬੀਤੇ ਦਿਨੀਂ ਪਹਾੜਾਂ 'ਤੇ ਹੋਈ ਬਰਫਬਾਰੀ ਤੋਂ ਬਾਅਦ ਸੂਬੇ 'ਚ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਾਰਨ ਲਗਾਤਾਰ ਪਾਰੇ 'ਚ ਗਿਰਾਵਟ ਦਰਜ ਕੀਤੀ ਗਈ ਹੈ। ਖਾਸ ਕਰਕੇ ਰਾਤ ਦਾ ਪਾਰਾ ਲਗਾਤਾਰ ਹੇਠਾਂ ਡਿਗ ਰਿਹਾ ਹੈ, ਜਿਸ ਨੇ ਠੰਡ 'ਚ ਬਹੁਤ ਵਾਧਾ ਕਰ ਦਿੱਤਾ ਹੈ।
ਲੋਕ ਠੰਡ ਤੋਂ ਬਚਣ ਲਈ ਗਰਮ ਕੱਪੜਿਆਂ ਅਤੇ ਅੱਗ ਦਾ ਸਹਾਰਾ ਲੈ ਰਹੇ ਹਨ। ਲੋਕਾਂ ਮੁਤਾਬਕ ਠੰਡ ਤੋਂ ਬਚਣ ਲਈ ਉਨ੍ਹਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ ਅਤੇ ਬੀਤੇ ਕਈ ਸਾਲਾਂ ਨਾਲੋਂ ਇਸ ਸਾਲ ਠੰਡ ਵੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਕਹਿ ਚੁੱਕਾ ਹੈ ਕਿ ਆਉਣ ਵਾਲੇ 3 ਦਿਨ ਤੱਕ ਸੀਤ ਲਹਿਰ ਤੇ ਹੋਰ ਕੋਹਰਾ ਪੈਣ ਦੀ ਸੰਭਾਵਨਾ ਹੈ। ਤਿੰਨ ਦਿਨ ਠੰਡ ਦਾ ਪ੍ਰਕੋਪ ਰਹੇਗਾ। ਇਸ ਠੰਡ 'ਚ ਫੁੱਟਪਾਥ 'ਤੇ ਰਹਿਣ ਵਾਲਿਆਂ ਦਾ ਕੋਈ ਸਹਾਰਾ ਨਹੀਂ ਹੈ। ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ।