MP ਕਿਰਨ ਖੇਰ ਨਾਲ 8 ਕਰੋੜ ਦੀ ਧੋਖਾਧੜੀ ਦਾ ਮਾਮਲਾ : ਕਾਰੋਬਾਰੀ ਚੈਤੰਨਿਆ ''ਤੇ FIR ਦਰਜ

Tuesday, Dec 19, 2023 - 03:22 PM (IST)

ਚੰਡੀਗੜ੍ਹ (ਸੁਸ਼ੀਲ) : ਰੀਅਲ ਅਸਟੇਟ ਵਿਚ ਨਿਵੇਸ਼ ਦੇ ਨਾਂ ’ਤੇ ਸੰਸਦ ਮੈਂਬਰ ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਸ ਨੇ ਜਾਂਚ ਦੇ ਬਾਅਦ ਕਾਰੋਬਾਰੀ ਚੈਤੰਨਿਆ ਅੱਗਰਵਾਲ ਖ਼ਿਲਾਫ਼ ਧੋਖਾਦੇਹੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸੈਕਟਰ-7 ਨਿਵਾਸੀ ਸੰਸਦ ਮੈਂਬਰ ਕਿਰਨ ਖੇਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਪੁਲਸ ਨੇ ਸੰਸਦ ਮੈਂਬਰ ਕਿਰਨ ਖੇਰ ਦੀ ਸ਼ਿਕਾਇਤ ਨੂੰ ਹੀ ਐੱਫ. ਆਈ. ਆਰ. ਵਿਚ ਤਬਦੀਲ ਕਰ ਦਿੱਤਾ ਹੈ। ਪੁਲਸ ਨੇ ਸੰਸਦ ਮੈਂਬਰ ਤੋਂ ਚੈਤੰਨਿਆ ਨੂੰ ਦਿੱਤੇ ਪੈਸਿਆਂ ਦੀ ਸਾਰੀ ਟ੍ਰਾਂਜੈਕਸ਼ਨ ਮੰਗੀ ਹੈ, ਤਾਂ ਜੋ ਉਸ ਤੋਂ ਪੁੱਛਗਿੱਛ ਕਰ ਸਕੇ।

ਚੰਡੀਗੜ੍ਹ ਪੁਲਸ ਚੈਤੰਨਿਆ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕਰੇਗੀ। ਸ਼ਿਕਾਇਤ ਵਿਚ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਸੀ ਕਿ ਚੈਤੰਨਿਆ ਨੇ ਅਗਸਤ 2023 ਵਿਚ ਉਨ੍ਹਾਂ ਨੂੰ ਵੱਖ-ਵੱਖ ਯੋਜਨਾਵਾਂ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ। 3 ਅਗਸਤ ਨੂੰ ਸੰਸਦ ਮੈਂਬਰ ਨੇ ਜੁਹੂ ਬ੍ਰਾਂਚ ਰਾਹੀਂ 8 ਕਰੋੜ ਰੁਪਏ ਚੈਤੰਨਿਆ ਦੇ ਪੰਚਕੂਲਾ ਦੇ ਸੈਕਟਰ-11 ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਵਿਚ ਆਰ. ਟੀ. ਜੀ. ਐੱਸ. ਕੀਤੇ ਸਨ।

ਉਸ ਨੇ ਇਕ ਮਹੀਨੇ ਦੇ ਅੰਦਰ 18 ਫ਼ੀਸਦੀ ਵਿਆਜ ਸਮੇਤ ਵਾਪਸ ਕਰਨ ਦੀ ਗੱਲ ਕਹੀ ਸੀ। ਇਸ ਦੌਰਾਨ ਪਤਾ ਲੱਗਾ ਕਿ ਚੈਤੰਨਿਆ ਲੋਕਾਂ ਦੇ ਪੈਸੇ ਨੂੰ ਨਿਵੇਸ਼ ਕਰਨ ਦੀ ਥਾਂ ਨਿੱਜੀ ਵਰਤੋਂ ਲਈ ਵਰਤ ਰਿਹਾ ਹੈ। ਜਦੋਂ ਉਨ੍ਹਾਂ ਨੇ ਪੈਸੇ ਵਾਪਸ ਮੰਗੇ ਤਾਂ ਉਹ ਬਹਾਨੇ ਬਣਾਉਣ ਲੱਗਾ। ਇਸ ਦੇ ਬਦਲੇ ਵਿਚ ਚੈਤੰਨਿਆ ਨੇ ਸੰਸਦ ਮੈਂਬਰ ਨੂੰ 7,44,00,000 ਅਤੇ 6,56,00,000 ਰੁਪਏ ਦੇ ਦੋ ਚੈੱਕ ਵੀ ਦਿੱਤੇ ਸਨ, ਜੋ ਖਾਤੇ ਵਿਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਏ ਸੀ। ਸੰਸਦ ਮੈਂਬਰ ਨੇ ਕਿਹਾ ਕਿ ਚੈਤੰਨਿਆ ਨੇ ਨਿਵੇਸ਼ ਦੇ ਨਾਂ ’ਤੇ ਉਸ ਨਾਲ ਧੋਖਾ ਕੀਤਾ ਹੈ।
ਸੰਸਦ ਮੈਂਬਰ ਨੇ 11 ਨੂੰ ਦਿੱਤੀ ਸੀ ਸ਼ਿਕਾਇਤ, 16 ਨੂੰ ਦਰਜ ਹੋਈ ਐੱਫ. ਆਈ. ਆਰ.
ਸੰਸਦ ਮੈਂਬਰ ਕਿਰਨ ਖੇਰ ਨੇ ਚੈਤੰਨਿਆ ਖ਼ਿਲਾਫ਼ 8 ਕਰੋੜ ਰੁਪਏ ਠੱਗੀ ਦੀ ਸ਼ਿਕਾਇਤ 11 ਦਸੰਬਰ ਨੂੰ ਐੱਸ. ਐੱਸ. ਪੀ. ਕੰਵਰਦੀਪ ਨੂੰ ਦਿੱਤੀ ਸੀ। ਅਗਲੇ ਦਿਨ 12 ਦਸੰਬਰ ਨੂੰ ਸ਼ਿਕਾਇਤ ਸੈਕਟਰ-26 ਥਾਣੇ ਨੂੰ ਜਾਂਚ ਲਈ ਮਾਰਕ ਕੀਤੀ ਗਈ। ਚਾਰ ਦਿਨਾਂ ਦੀ ਜਾਂਚ ਤੋਂ ਬਾਅਦ 16 ਦਸੰਬਰ ਨੂੰ ਸੈਕਟਰ-26 ਥਾਣਾ ਪੁਲਸ ਨੇ ਮਾਮਲੇ ਦੀ ਐੱਫ. ਆਈ. ਆਰ. ਦਰਜ ਕੀਤੀ ਹੈ।
 


Babita

Content Editor

Related News