78 ਵਿਧਾਇਕਾਂ ਨੇ ਕਾਂਗਰਸ ਹਾਈਕਮਾਨ ’ਤੇ ਛੱਡਿਆ ਅਗਲੇ ਮੁੱਖ ਮੰਤਰੀ ਬਾਰੇ ਫ਼ੈਸਲਾ

09/19/2021 12:24:10 AM

ਚੰਡੀਗੜ੍ਹ(ਅਸ਼ਵਨੀ)– ਪੰਜਾਬ ਕਾਂਗਰਸ ਭਵਨ ਵਿਚ ਵਿਧਾਇਕ ਦਲ ਦੀ ਬੈਠਕ ਵਿਚ ਕਰੀਬ 78 ਵਿਧਾਇਕਾਂ ਨੇ ਨਵੇਂ ਮੁੱਖ ਮੰਤਰੀ ਦਾ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਛੱਡ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦੇ ਕਰੀਬ ਅੱਧੇ ਘੰਟੇ ਬਾਅਦ ਸ਼ੁਰੂ ਹੋਈ ਵਿਧਾਇਕ ਦਲ ਦੀ ਬੈਠਕ ਵਿਚ ਸਰਵਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ। ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਜਿਸ ਦੇ ਨਾਮ ’ਤੇ ਵੀ ਮੋਹਰ ਲਗਾਏਗੀ, ਉਹ ਮੁੱਖ ਮੰਤਰੀ ਦੇ ਤੌਰ ’ਤੇ ਸਾਰਿਆਂ ਦੇ ਮੰਨਣਯੋਗ ਹੋਵੇਗਾ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕੈਪਟਨ ਤੋਂ ਬਾਅਦ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਦਿੱਤਾ ਅਸਤੀਫ਼ਾ (ਵੀਡੀਓ)
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਨੇ ਸੋਨੀਆ ਗਾਂਧੀ ਨਾਲ ਗੱਲਬਾਤ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਸਵਾਲ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਵਿਧਾਇਕ ਦਲ ਦੀ ਬੈਠਕ ਵਿਚ 2 ਮਤੇ ਪਾਸ ਕੀਤੇ ਗਏ ਹਨ। ਇਸ ਵਿਚ ਇਕ ਮਤੇ ਤਹਿਤ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਅਹੁਦੇ ’ਤੇ ਰਹਿੰਦਿਆਂ ਕੀਤੇ ਗਏ ਕੰਮਾਂ ਲਈ ਧੰਨਵਾਦ ਕੀਤਾ ਗਿਆ। ਇਸ ਮਤੇ ਨੂੰ ਕਾਂਗਰਸ ਹਾਈਕਮਾਨ ਵਲੋਂ ਤਾਇਨਾਤ ਆਬਜਰਵਰ ਅਜੇ ਮਾਕਨ ਨੇ ਅੱਗੇ ਵਧਾਇਆ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੈਕੰਡ ਕੀਤਾ।

ਇਹ ਵੀ ਪੜ੍ਹੋ- ਇਤਫਾਕ: ਬੀਬੀ ਬਾਦਲ ਨੇ ਵੀ ਅੱਜ ਦੇ ਦਿਨ ਹੀ ਦਿੱਤਾ ਸੀ ਅਸਤੀਫਾ

ਉਥੇ ਹੀ, ਦੂਜੇ ਮਤੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦਾ ਨੇਤਾ ਚੁਣਨ ਦੀ ਬੇਨਤੀ ਕੀਤੀ ਗਈ ਹੈ। ਇਸ ਮਤੇ ਨੂੰ ਸੀਨੀਅਰ ਨੇਤਾ ਬ੍ਰਹਮਾ ਮੋਹਿੰਦਰਾ ਨੇ ਅੱਗੇ ਵਧਾਇਆ, ਜਿਸ ਨੂੰ ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਅਮਰੀਕ ਸਿੰਘ ਢਿੱਲੋਂ ਨੇ ਸੈਕੰਡ ਕੀਤਾ। ਇਸ ਤੋਂ ਬਾਅਦ ਸਾਰੇ ਵਿਧਾਇਕਾਂ ਨੇ ਮਤੇ ਨੂੰ ਪਾਸ ਕਰਦਿਆਂ ਕਾਂਗਰਸ ਪ੍ਰਧਾਨ ’ਤੇ ਫ਼ੈਸਲਾ ਛੱਡ ਦਿੱਤਾ ਗਿਆ। ਇਸ ਕੜੀ ਵਿਚ ਕਾਂਗਰਸ ਹਾਈਕਮਾਨ ਵਲੋਂ ਤਾਇਨਾਤ ਕੀਤੇ ਗਏ ਆਬਰਜ਼ਵਰ ਅਜੇ ਮਾਕਨ ਨੇ ਕਿਹਾ ਕਿ ਇਹ ਬੈਠਕ ਕਾਫ਼ੀ ਮਹੱਤਵਪੂਰਣ ਰਹੀ। 80 ਵਿਚੋਂ 78 ਵਿਧਾਇਕਾਂ ਨੇ ਬੈਠਕ ਵਿਚ ਭਾਗ ਲੈ ਕੇ ਦੋਵਾਂ ਮਤਿਆਂ ਨੂੰ ਸਰਵਸੰਮਤੀ ਨਾਲ ਪਾਸ ਕੀਤਾ। ਉੱਧਰ, ਵਿਧਾਇਕ ਰਾਜਕੁਮਾਰ ਵੇਰਕਾ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਦੇਰ ਰਾਤ ਨੂੰ ਹੀ ਕਾਂਗਰਸ ਹਾਈਕਮਾਨ ਫ਼ੈਸਲਾ ਸੁਣਾ ਦੇਵੇਗੀ। ਕੈਪਟਨ ਦੇ ਕਰੀਬੀ ਫ਼ਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਜੋ ਵੀ ਹੋਵੇਗਾ ਠੀਕ ਹੋਵੇਗਾ।


Bharat Thapa

Content Editor

Related News