ਜਲੰਧਰ ਦੀ ਮਸ਼ਹੂਰ ਹੋਈ ''ਪਰੌਂਠਿਆਂ ਵਾਲੀ ਬੇਬੇ'' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ
Sunday, Nov 08, 2020 - 12:30 PM (IST)
ਜਲੰਧਰ (ਚੋਪੜਾ)— ਜਲੰਧਰ ਦੀ ਮਸ਼ਹੂਰ ਹੋਈ 70 ਸਾਲਾ 'ਪਰੌਂਠਿਆਂ ਵਾਲੀ ਬੇਬੇ' ਕਮਲੇਸ਼ ਕੁਮਾਰੀ ਲਈ ਸਰਕਾਰ ਵੱਲੋਂ ਹਜ਼ਾਰਾਂ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਦਰਅਸਲ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਫਗਵਾੜਾ ਗੇਟ 'ਚ 30 ਸਾਲਾਂ ਤੋਂ ਰੋਜ਼ਾਨਾ ਸ਼ਾਮ ਤੋਂ ਦੇਰ ਰਾਤ ਤੱਕ ਪਰੌਂਠਿਆਂ ਦੀ ਵਿਕਰੀ ਦਾ ਕੰਮ ਕਰਨ ਵਾਲੀ 70 ਸਾਲਾ ਬਜ਼ੁਰਗ ਔਰਤ ਕਮਲੇਸ਼ ਕੁਮਾਰੀ ਨਾਲ ਮੁਲਾਕਾਤ ਕਰਨ ਦੇ ਅਗਲੇ ਦਿਨ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਉਸ ਦੀ ਵਿੱਤੀ ਸਹਾਇਤਾ ਸਬੰਧੀ 50 ਹਜ਼ਾਰ ਦਾ ਚੈੱਕ ਜਾਰੀ ਕੀਤਾ।
ਇਹ ਵੀ ਪੜ੍ਹੋ: ਢਾਬੇ 'ਚ ਮਜ਼ਦੂਰ ਦੀ ਲਾਸ਼ ਲਟਕਦੀ ਵੇਖ ਲੋਕਾਂ ਦੇ ਉੱਡੇ ਹੋਸ਼, ਡੇਢ ਮਹੀਨਾ ਪਹਿਲਾਂ ਹੀ ਛੱਡਿਆ ਸੀ ਕੰਮ
ਇਹ ਚੈੱਕ ਐੱਸ. ਡੀ. ਐੱਮ. ਡਾ. ਜੈਇੰਦਰ ਸਿੰਘ ਨੇ ਕਮਲੇਸ਼ ਕੁਮਾਰੀ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਨੂੰ ਸੌਂਪਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਵਰਿੰਦਰ ਬੈਂਸ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਇਹ ਵਿੱਤੀ ਸਹਾਇਤਾ ਸੀ. ਐੱਸ. ਆਰ. ਫੰਡਜ਼ 'ਚੋਂ ਬਜ਼ੁਰਗ ਔਰਤ ਦੀ ਹੌਸਲਾ-ਅਫਜ਼ਾਈ ਲਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਮਲੇਸ਼ ਕੁਮਾਰੀ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ
ਘਨਸ਼ਾਮ ਥੋਰੀ ਨੇ ਦੱਸਿਆ ਕਿ ਇਹ ਸਹਾਇਤਾ ਜਲਦ ਬਜ਼ੁਰਗ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਕਮਲੇਸ਼ ਕੁਮਾਰੀ ਦੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ 'ਚ ਸਹਾਇਤਾ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਮਲੇਸ਼ ਕੁਮਾਰੀ ਨੂੰ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਐੱਸ. ਡੀ. ਐੱਮ. ਵੱਲੋਂ ਸ਼ਨੀਵਾਰ ਬਜ਼ੁਰਗ ਔਰਤ ਦੀ ਰਿਹਾਇਸ਼ ਦਾ ਦੌਰਾ ਕਰਕੇ ਉਸ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂਕਿ ਉਸ ਨੂੰ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।