70 ਸਾਲਾ ਬਜ਼ੁਰਗ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
Tuesday, Aug 04, 2020 - 02:02 AM (IST)

ਮਲੋਟ,(ਜੁਨੇਜਾ)- ਅੱਜ ਸਵੇਰੇ ਮਲੋਟ ਦੇ ਪ੍ਰੀਤ ਨਗਰ ਵਿਚ ਇਕ 70 ਸਾਲਾ ਬਜ਼ੁਰਗ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਸ ਵੱਲੋਂ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਐੱਸ. ਆਈ. ਹਰਵਿੰਦਰਪਾਲ ਸਿੰਘ ਰਵੀ ਨੇ ਦੱਸਿਆ ਕਿ ਬਲਜਿੰਦਰ ਸਿੰਘ ਪੁੱਤਰ ਹਰਚੰਦ ਸਿੰਘ (ਉਮਰ 70 ਸਾਲ) ਵਾਸੀ ਪਿੰਡ ਚੰਨੂੰ ਆਪਣੇ ਪਰਿਵਾਰ ਨਾਲ ਮਲੋਟ ਦੇ ਪ੍ਰੀਤ ਨਗਰ ਵਿਚ ਰਹਿੰਦਾ ਸੀ। ਅੱਜ ਸਵੇਰੇ 5 ਵਜੇ ਦੇ ਆਸ-ਪਾਸ ਉਸ ਨੇ ਆਪਣੇ ਘਰ ਦੇ ਸਾਹਮਣੇ ਬਣੇ ਨੌਹਰੇ ਵਿਚ ਜਾ ਕੇ ਆਪਣੀ ਬਾਰਾਂ ਬੋਰ ਬੰਦੂਕ ਨਾਲ ਸਿਰ ਦੇ ਖੱਬੇ ਪਾਸੇ ਗੋਲੀ ਮਾਰ ਲਈ, ਜਿਸ ਕਾਰਣ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ 20 ਸਾਲਾਂ ਤੋਂ ਹੈਪੇਟਾਈਟਸ-ਸੀ ਦਾ ਮਰੀਜ਼ ਸੀ, ਜਿਸ ਕਰ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸ ਘਟਨਾ ਦਾ ਉਸ ਦੀ ਪਤਨੀ ਨੂੰ ਸਵੇਰੇ 5 ਵਜੇ ਪਤਾ ਲੱਗਾ। ਮ੍ਰਿਤਕ ਦੀ ਪਤਨੀ ਨੇ ਆਪਣੇ ਪੁੱਤਰ ਨੂੰ ਮੌਕੇ ’ਤੇ ਬੁਲਾਇਆ ਜਿਸ ਨੇ ਪੁਲਸ ਨੂੰ ਸੂਚਨਾ ਦਿੱਤੀ। ਸਿਟੀ ਮਲੋਟ ਪੁਲਸ ਦੇ ਐੱਸ. ਐੱਚ. ਓ. ਕਰਨਦੀਪ ਸਿੰਘ ਸੰਧੂ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਬਾਰਾਂ ਬੋਰ ਦੀ ਬੰਦੂਕ, ਇਕ ਚਲਿਆ ਕਾਰਤੂਸ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕਰ ਲਿਆ ਹੈ। ਮ੍ਰਿਤਕ ਦੇ ਪੁੱਤਰ ਜਤਿੰਦਰ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੀ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ।