ਗਾਹਕ ਕੇ ਖਾਤੇ 'ਚੋਂ ਗਾਇਬ ਹੋਏ 70 ਹਜ਼ਾਰ ਰੁਪਏ
Saturday, Jan 06, 2018 - 02:43 PM (IST)
ਜਲੰਧਰ (ਮਹੇਸ਼)— ਆਈ. ਸੀ. ਆਈ. ਸੀ. ਆਈ. ਬੈਂਕ ਦੀ ਰਾਮਾ ਮੰਡੀ ਬਰਾਂਚ 'ਚ ਆਪਣੇ ਖਾਤੇ ਵਿਚ 10 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਗਏ ਇਕ ਗਾਹਕ ਦੇ ਸੈੱਲਰੀ ਖਾਤੇ ਤੋਂ 70 ਹਜ਼ਾਰ ਰੁਪਏ ਗਾਇਬ ਹੋ ਗਏ। ਸੌਰਵ ਸ਼ਰਮਾ ਪੁੱਤਰ ਤਰਸੇਮ ਸ਼ਰਮਾ ਵਾਸੀ ਗਲੀ ਨੰ. 2 ਬਾਬਾ ਬੁੱਢਾ ਜੀ ਨਗਰ ਰਾਮਾ ਮੰਡੀ ਜਲੰਧਰ ਨੇ ਇਸ ਸਬੰਧ ਵਿਚ ਪੁਲਸ ਕਮਿਸ਼ਨਰ ਜਲੰਧਰ ਨੂੰ ਲਿਖਤੀ ਰੂਪ ਵਿਚ ਇਕ ਸ਼ਿਕਾਇਤ ਸੌਂਪੀ ਹੈ। ਜਿਸ ਨੂੰ ਲੈ ਕੇ ਡੀ. ਸੀ. ਪੀ. ਇਨਵੈਸਟੀਗੇਸ਼ਨ ਰਾਜੇਸ਼ ਠਾਕੁਰ ਦੀ ਜਾਂਚ ਸੌਂਪ ਦਿੱਤੀ ਹੈ। ਸੌਰਵ ਸ਼ਰਮਾ ਨੇ ਦੱਸਿਆ ਕਿ 2 ਜਨਵਰੀ ਨੂੰ ਦੁਪਹਿਰ 12 ਵਜੇ ਬੈਂਕ ਵਿਚ ਪੀ. ਪੀ. ਐੱਫ. ਖਾਤੇ 'ਚ 10 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਗਿਆ ਸੀ। ਉਸ ਦੇ ਪੈਸੇ ਜਮ੍ਹਾ ਤਾਂ ਕੀ ਹੋਣੇ ਸਨ, ਉਲਟਾ 70 ਹਜ਼ਾਰ ਰੁਪਏ ਦਾ ਚੂਨਾ ਲੱਗ ਗਿਆ। ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋਇਆ। ਬੈਂਕ ਅਧਿਕਾਰੀਆਂ ਨਾਲ ਸੰਪਰਕ ਕਰਨ 'ਤੇ ਉਸ ਨੂੰ ਭਰੋਸਾ ਦਿੱਤਾ ਕਿ 24 ਘੰਟਿਆਂ ਤੱਕ ਉਸ ਦੇ ਪੈਸੇ ਵਾਪਸ ਉਸ ਦੇ ਖਾਤੇ ਵਿਚ ਆ ਜਾਣਗੇ ਪਰ ਨਹੀਂ ਆਏ। ਫਿਰ ਕਿਹਾ ਕਿ 48 ਘੰਟਿਆਂ ਤੋਂ ਬਾਅਦ ਆਉਣਗੇ, ਪਰ ਫਿਰ ਨਹੀਂ ਆਏ। ਕਸਟਮਰ ਕੇਅਰ ਤੋਂ ਜਾਣਕਾਰੀ ਮਿਲੀ ਕਿ ਅਗਲੇ ਤਿੰਨ ਦਿਨਾਂ ਵਿਚ ਪੈਸੇ ਆ ਜਾਣਗੇ।
ਸੌਰਵ ਨੇ ਦੱਸਿਆ ਕਿ ਉਸ ਨੇ ਪੂਰੀ ਜਾਣਕਾਰੀ ਮੇਲ ਦੁਆਰਾ ਕਸਟਮਰ ਕੇਅਰ ਤੱਕ ਪਹੁੰਚਾਈ। 4 ਜਨਵਰੀ ਨੂੰ ਸ਼ਾਮ 7 ਵਜੇ ਉਸ ਨੂੰ ਮੇਲ ਆਈ, ਜਿਸ ਵਿਚ ਕਿਹਾ ਗਿਆ ਸੀ ਕਿ ਇਸ ਸਬੰਧ ਵਿਚ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਜਾਵੇ। ਬੈਂਕ ਆਪਣੇ ਪੱਧਰ 'ਤੇ ਜਾਂਚ ਕਰ ਰਿਹਾ ਹੈ। ਬੈਂਕ ਮੈਨੇਜਰ ਵਿਕਾਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਐੱਫ. ਆਈ. ਆਰ ਦਰਜ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੈਂਕ ਵੱਲੋਂ ਪੁਲਸ ਜਾਂਚ ਵਿਚ ਪੂਰਾ ਸਹਿਯੋਗ ਕੀਤਾ ਜਾਵੇਗਾ। ਮੈਨੇਜਰ ਵਿਕਾਸ ਨੇ ਇਹ ਵੀ ਕਿਹਾ ਕਿ ਸੌਰਵ ਦੇ ਖਾਤੇ ਤੋਂ ਗਾਇਬ ਹੋਏ ਪੈਸੇ ਉਸ ਨੂੰ ਜ਼ਰੂਰ ਮਿਲਣਗੇ, ਅਜਿਹੀ ਸਮੱਸਿਆ ਕਈ ਵਾਰ ਆ ਜਾਂਦੀ ਹੈ ਜਾਂਚ ਵਿਚ ਪੂਰੀ ਸੱਚਾਈ ਸਾਹਮਣੇ ਆ ਜਾਵੇਗੀ। ਸੌਰਵ ਨੇ ਆਪਣੀ ਪੀੜਾ ਸੁਣਾਉਂਦੇ ਹੋਏ ਇਹ ਵੀ ਕਿਹਾ ਕਿ ਘਰ ਦਾ ਖਰਚਾ ਉਸ ਦੀ ਸੱੈਲਰੀ ਨਾਲ ਹੀ ਚਲਦਾ ਹੈ।
