ਜਲੰਧਰ ''ਚ 7 ਸਾਲਾ ਬੱਚੇ ਨੂੰ 100 ਮੀਟਰ ਤੱਕ ਘੜੀਸਦੀ ਲੈ ਗਈ ''ਥਾਰ'', ਪਿਓ ਸਾਹਮਣੇ ਤੜਫ਼-ਤੜਫ਼ ਕੇ ਨਿਕਲੀ ਜਾਨ
Monday, Sep 04, 2023 - 07:04 PM (IST)
ਜਲੰਧਰ (ਮਹੇਸ਼)-ਹੁਸ਼ਿਆਰਪੁਰ ਰੋਡ ’ਤੇ ਪਿੰਡ ਹਜ਼ਾਰਾ ਤੋਂ ਥੋੜ੍ਹਾ ਅੱਗੇ ਜੰਡੂਸਿੰਘਾ ਨੂੰ ਜਾਂਦੇ ਰਸਤੇ ’ਤੇ ਰਵੀ ਰਿਜ਼ਾਰਟਸ ਦੇ ਸਾਹਮਣੇ ਬੀਤੇ ਦਿਨ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ 7 ਸਾਲਾ ਬੱਚੇ ਦੀ ਮੌਤ ਹੋ ਗਈ। ਉਕਤ ਬੱਚਾ ਆਪਣੇ ਪਿਤਾ ਨਾਲ ਮੋਟਰ ’ਤੇ ਨਹਾਉਣ ਲਈ ਜਾ ਰਿਹਾ ਸੀ। ਐੱਸ. ਐੱਚ. ਓ. ਪਤਾਰਾ ਅਮਨਪ੍ਰੀਤ ਕੌਰ ਮੁਲਤਾਨੀ ਨੇ ਦੱਸਿਆ ਕਿ ਉਕਤ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਤਾਰਾ ਥਾਣੇ ਦੇ ਐੱਸ. ਆਈ. ਜਸਪਾਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਬੱਚੇ ਬਾਦਲ ਕੁਮਾਰ ਪੁੱਤਰ ਦੀਸ਼ੂ ਮਾਥੁਰ ਵਾਸੀ ਜ਼ਿਲ੍ਹਾ ਕਟਿਹਾਰ (ਬਿਹਾਰ) ਹਾਲ ਵਾਸੀ ਪਿੰਡ ਹਜ਼ਾਰਾ, ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਦੀ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਦੀਸ਼ੂ ਮਾਥੁਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਪੁੱਤਰ ਬਾਦਲ ਨਾਲ ਸਹੀ ਰਸਤੇ ’ਤੇ ਪੈਦਲ ਚੱਲਦੇ ਹੋਏ ਮੋਟਰ ’ਤੇ ਨਹਾਉਣ ਜਾ ਰਿਹਾ ਸੀ।
ਜਦੋਂ ਉਹ ਰਵੀ ਰਿਜ਼ਾਰਟਸ ਨੇੜੇ ਪਹੁੰਚਿਆ ਤਾਂ ਜੰਡੂਸਿੰਘਾ ਵਾਲੇ ਪਾਸਿਓਂ ਆ ਰਹੀ ਮਹਿੰਦਰਾ ਥਾਰ ਜੀਪ ਦੇ ਚਾਲਕ ਨੇ ਉਸ ਦੇ ਪੁੱਤ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਥਾਰ ਜੀਪ ਦਾ ਡਰਾਈਵਰ ਤੇਜ਼ ਰਫ਼ਤਾਰ ਨਾਲ ਉਥੋਂ ਫਰਾਰ ਹੋਣ ’ਚ ਸਫ਼ਲ ਹੋ ਗਿਆ। ਥਾਰ ਜੀਪ ਦਾ ਡਰਾਈਵਰ ਬੱਚੇ ਨੂੰ ਘੜੀਸਦਾ ਹੋਇਆ 100 ਮੀਟਰ ਦੀ ਦੂਰੀ ਤੱਕ ਲੈ ਗਿਆ।
ਇਹ ਵੀ ਪੜ੍ਹੋ- ਦੋ ਭਰਾਵਾਂ ਵੱਲੋਂ ਬਿਆਸ ਦਰਿਆ 'ਚ ਛਾਲ ਮਾਰਨ ਦੇ ਮਾਮਲੇ 'ਚ ਘਿਰੇ SHO ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ
ਥਾਣਾ ਮੁਖੀ ਪਤਾਰਾ ਅਮਨਪ੍ਰੀਤ ਕੌਰ ਮੁਲਤਾਨੀ ਨੇ ਦੱਸਿਆ ਕਿ ਫਰਾਰ ਹੋਏ ਜੀਪ ਦੇ ਡਰਾਈਵਰ ਖ਼ਿਲਾਫ਼ ਥਾਣਾ ਪਤਾਰਾ ਵਿਚ ਆਈ. ਪੀ. ਸੀ. ਦੀ ਧਾਰਾ 279 ਅਤੇ 304-ਏ ਤਹਿਤ ਐੱਫ਼. ਆਈ. ਆਰ. ਨੰਬਰ 48 ਦਰਜ ਕੀਤੀ ਗਈ ਹੈ। ਉਸ ਨੂੰ ਕਾਬੂ ਕਰਨ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਹਾਦਸੇ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਬਾਦਲ ਕੁਮਾਰ ਦੀ ਲਾਸ਼ ਸੋਮਵਾਰ ਸਵੇਰੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਦੀ ਵੱਡੀ ਕਾਰਵਾਈ, ਸੰਭਲਣ ਦਾ ਵੀ ਨਾ ਦਿੱਤਾ ਮੌਕਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ