ਪਠਾਨਕੋਟ ''ਚ ਦਿਖਾਈ ਦਿੱਤੇ 7 ਸ਼ੱਕੀ, ਔਰਤ ਤੋਂ ਮੰਗਿਆ ਪਾਣੀ ਤੇ ਜੰਗਲ ''ਚ ਹੋਏ ਗਾਇਬ, ਸਕੈੱਚ ਜਾਰੀ

Wednesday, Jul 24, 2024 - 07:06 PM (IST)

ਪਠਾਨਕੋਟ ''ਚ ਦਿਖਾਈ ਦਿੱਤੇ 7 ਸ਼ੱਕੀ, ਔਰਤ ਤੋਂ ਮੰਗਿਆ ਪਾਣੀ ਤੇ ਜੰਗਲ ''ਚ ਹੋਏ ਗਾਇਬ, ਸਕੈੱਚ ਜਾਰੀ

ਪਠਾਨਕੋਟ : ਜੰਮੂ ਖੇਤਰ 'ਚ ਅੱਤਵਾਦੀ ਘਟਨਾਵਾਂ ਵਧਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ। ਅੱਤਵਾਦੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪਰ ਇਸੇ ਦੌਰਾਨ ਪਠਾਨਕੋਟ ਤੋਂ ਇੱਕ ਮਹਿਲਾ ਨੇ 7 ਸ਼ੱਕੀ ਵਿਅਕਤੀਆਂ ਨੂੰ ਦੇਖਿਆ ਹੈ। ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਿੰਡ ਵਾਸੀਆਂ ਨੇ ਇਲਾਕੇ ਵਿੱਚ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਹੋਵੇ। ਇਸ ਤੋਂ ਪਹਿਲਾਂ ਜੰਮੂ ਅਤੇ ਪਠਾਨਕੋਟ ਦੇ ਕਈ ਇਲਾਕਿਆਂ 'ਚ ਵੀ ਸ਼ੱਕੀਆਂ ਦੀ ਹਲਚਲ ਦੇਖਣ ਨੂੰ ਮਿਲੀ ਸੀ।

ਸ਼ੱਕੀਆਂ ਨੇ ਔਰਤ ਤੋਂ ਪਾਣੀ ਮੰਗਿਆ ਅਤੇ ਫਿਰ...
ਤਾਜ਼ਾ ਮਾਮਲਾ ਪਠਾਨਕੋਟ ਦੇ ਪਿੰਡ ਫੰਗਤੋਲੀ ਦਾ ਹੈ, ਜਿੱਥੇ 7 ਸ਼ੱਕੀ ਵਿਅਕਤੀ ਇੱਕ ਘਰ ਪਹੁੰਚੇ ਅਤੇ ਇੱਕ ਔਰਤ ਤੋਂ ਪੀਣ ਲਈ ਪਾਣੀ ਮੰਗਿਆ। ਇਸ ਤੋਂ ਬਾਅਦ ਉਹ ਸਾਰੇ ਜੰਗਲ ਵੱਲ ਚਲੇ ਗਏ। ਔਰਤ ਨੇ ਸਭ ਤੋਂ ਪਹਿਲਾਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਤੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਅਤੇ ਫੌਜ ਦੇ ਜਵਾਨ ਪਿੰਡ ਪਹੁੰਚੇ ਅਤੇ ਔਰਤ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ।

ਸ਼ੱਕੀ ਵਿਅਕਤੀਆਂ ਨੇ ਔਰਤ ਨੂੰ ਕੀ ਕਿਹਾ?
ਔਰਤ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਮੰਗਲਵਾਰ ਰਾਤ ਨੂੰ ਉਹ ਆਪਣੇ ਘਰ ਦੇ ਬਾਹਰ ਖੜ੍ਹੀ ਸੀ ਜਦੋਂ ਜੰਗਲਾਂ 'ਚੋਂ ਸੱਤ ਸ਼ੱਕੀ ਵਿਅਕਤੀ ਉਸ ਕੋਲ ਆਏ। ਉਨ੍ਹਾਂ ਨੇ ਉਸ ਤੋਂ ਪਾਣੀ ਮੰਗਿਆ ਅਤੇ ਫਿਰ ਪੁੱਛਣ ਲੱਗੇ ਕਿ ਤੁਹਾਡਾ ਪਤੀ ਕੀ ਕੰਮ ਕਰਦਾ ਹੈ ਅਤੇ ਕੀ ਤੁਸੀਂ ਘਰ ਵਿਚ ਇਕੱਲੀ ਰਹਿੰਦੀ ਹੋ। ਔਰਤ ਨੇ ਦੱਸਿਆ ਕਿ ਇਨ੍ਹਾਂ ਸੱਤਾਂ ਦੇ ਮੋਢਿਆਂ 'ਤੇ ਭਾਰੀ ਬੈਗ ਲਟਕ ਰਹੇ ਸਨ। ਔਰਤ ਨੇ ਦੱਸਿਆ ਕਿ ਜੰਗਲ ਵੱਲ ਜਾਂਦੇ ਸਮੇਂ ਉਹ ਵਾਰ-ਵਾਰ ਪਿੱਛੇ ਮੁੜ ਕੇ ਦੇਖ ਰਹੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜੰਗਲੀ ਰਸਤਾ ਜੰਮੂ-ਕਸ਼ਮੀਰ ਸਰਹੱਦ ਤੱਕ ਜਾਂਦਾ ਹੈ।

ਸ਼ੱਕੀ ਦਾ ਸਕੈੱਚ ਕੀਤਾ ਜਾਰੀ
ਮੌਕੇ 'ਤੇ ਪਹੁੰਚੀ ਪੁਲਸ ਅਤੇ ਫੌਜ ਨੇ ਔਰਤ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਕ ਸ਼ੱਕੀ ਦਾ ਸਕੈਚ ਜਾਰੀ ਕੀਤਾ ਹੈ ਅਤੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਸ਼ੱਕੀ ਵਿਅਕਤੀ ਨੂੰ ਕਿਤੇ ਵੀ ਦੇਖਦਾ ਹੈ ਤਾਂ ਉਹ ਤੁਰੰਤ ਉਸ ਦੀ ਸੂਚਨਾ ਦੇਵੇ। ਪੁਲਸ ਦਾ ਕਹਿਣਾ ਹੈ ਕਿ ਔਰਤ ਦੀ ਸੂਚਨਾ ਦੇ ਆਧਾਰ 'ਤੇ ਤਲਾਸ਼ੀ ਲਈ ਜਾ ਰਹੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪਠਾਨਕੋਟ ਜ਼ਿਲ੍ਹੇ ਦੇ ਮਾਮਨੂੰ ਵਿਚ ਵੀ 4 ਸ਼ੱਕੀ ਵਿਅਕਤੀ ਦੇਖੇ ਗਏ ਸਨ। ਇਸ ਤੋਂ ਬਾਅਦ ਵੀ ਪੁਲਸ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਇਕ ਪਿੰਡ ਵਾਸੀ ਨੇ ਦੱਸਿਆ ਕਿ ਸ਼ੱਕੀ ਫੌਜੀ ਪਹਿਰਾਵੇ ਵਿਚ ਸਨ ਅਤੇ ਜੰਗਲ ਵੱਲ ਜਾ ਰਹੇ ਸਨ। ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਲੋਲਾਬ 'ਚ ਬੁੱਧਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਇਸ 'ਚ ਇਕ ਅੱਤਵਾਦੀ ਮਾਰਿਆ ਗਿਆ, ਜਦਕਿ ਇਕ ਜਵਾਨ ਜ਼ਖਮੀ ਹੋ ਗਿਆ। ਇਹ ਮੁਕਾਬਲਾ ਕੰਟਰੋਲ ਲਾਈਨ ਨੇੜੇ ਹੋਇਆ। ਫੌਜ ਨੂੰ ਸੂਚਨਾ ਮਿਲੀ ਸੀ ਕਿ ਕੁਝ ਅੱਤਵਾਦੀ ਜੰਗਲ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਫ਼ੌਜ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਮਾਰ ਦਿੱਤਾ।


author

Baljit Singh

Content Editor

Related News