ਬਿਜਲੀ ਦੇ ਸ਼ਾਰਟ ਸਰਕਟ ਨੇ ਫੂਕੇ ਗ਼ਰੀਬਾਂ ਦੇ ਆਸ਼ਿਆਨੇ, 7 ਝੁੱਗੀਆਂ ਸੜ ਕੇ ਹੋਈਆਂ ਸੁਆਹ

Friday, Nov 11, 2022 - 09:13 PM (IST)

ਬਿਜਲੀ ਦੇ ਸ਼ਾਰਟ ਸਰਕਟ ਨੇ ਫੂਕੇ ਗ਼ਰੀਬਾਂ ਦੇ ਆਸ਼ਿਆਨੇ, 7 ਝੁੱਗੀਆਂ ਸੜ ਕੇ ਹੋਈਆਂ ਸੁਆਹ

ਮਾਛੀਵਾੜਾ ਸਾਹਿਬ (ਟੱਕਰ) : ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਮੰਡ ਝੜੋਦੀ ਦੌਲਤਪੁਰ ਵਿਖੇ ਅੱਜ ਬਾਅਦ ਦੁਪਹਿਰ ਬਿਜਲੀ ਦੇ ਸ਼ਾਰਟ ਸ਼ਰਕਟ ਕਾਰਨ ਅੱਗ ਲੱਗਣ ਨਾਲ ਗ਼ਰੀਬ ਪਰਵਾਸੀ ਮਜ਼ਦੂਰਾਂ ਦੀਆਂ 7 ਝੁੱਗੀਆਂ ਸੜਕੇ ਸੁਆਹ ਹੋ ਗਈਆਂ। ਇਸ ਦੌਰਾਨ 7 ਬੱਕਰੀਆਂ ਜਿਉਂਦੀਆਂ ਸੜਣ ਤੋਂ ਇਲਾਵਾ ਲੱਖਾਂ ਰੁਪਏ ਦੀ ਨਕਦੀ ਤੇ ਘਰੇਲੂ ਕੀਮਤੀ ਸਾਮਾਨ ਵੀ ਸੜ ਗਿਆ। ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

PunjabKesari

ਜਾਣਕਾਰੀ ਅਨੁਸਾਰ ਇਨ੍ਹਾਂ ਝੁੱਗੀਆਂ ’ਚ ਗਰੀਬ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ। ਇਨ੍ਹਾਂ ’ਚੋਂ ਪੁਰਸ਼ ਮਜ਼ਦੂਰੀ ਅਤੇ ਔਰਤਾਂ ਪਸ਼ੂਆਂ ਲਈ ਹਰਾ ਚਾਰਾ ਲੈਣ ਬਾਹਰ ਗਏ ਹੋਏ ਸਨ। ਅਚਾਨਕ ਬਿਜਲੀ ਦੇ ਲੱਗੇ ਖੰਭੇ ’ਚੋਂ ਸ਼ਾਰਟ ਸ਼ਰਕਟ ਹੋਣ ਨਾਲ ਇਕ ਝੁੱਗੀ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਅਤੇ ਕੁਝ ਹੀ ਪਲਾਂ ’ਚ ਬਾਕੀ  ਝੁੱਗੀਆਂ ਨੂੰ ਵੀ ਅੱਗ ਨੇ ਆਪਣੀ ਲਪੇਟ ’ਚ ਲੈ ਲਿਆ। ਝੁੱਗੀਆਂ ਖਾਲੀ ਹੋਣ ਕਾਰਣ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਵਿਚ ਪਿਆ ਗ਼ਰੀਬਾਂ ਦਾ ਘਰੇਲੂ ਕੀਮਤੀ ਸਮਾਨ ਜਿਸ ’ਚ ਨਕਦੀ ਵੀ ਸ਼ਾਮਲ ਹੈ ਉਹ ਅੱਗ ਦੀ ਭੇਟ ਚੜ੍ਹ ਗਈ।

ਇਹ ਖ਼ਬਰ ਵੀ ਪੜ੍ਹੋ - ਮਕਾਨ ਮਾਲਕ ਦੀ ਹੈਵਾਨੀਅਤ, ਔਰਤ ਨੂੰ ਕੰਮ ਲਈ ਕੋਠੀ 'ਚ ਬੁਲਾ ਕੇ ਟੱਪੀਆਂ ਹੱਦਾਂ

ਇਸ ਅੱਗ ਕਾਰਨ ਅਰਜੁਨ ਮੁਖੀਆ ਦਾ ਤਕਰੀਬਨ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਵਿਚ ਉਸ ਦਾ ਨਵਾਂ ਮੋਟਰਸਾਈਕਲ, 10 ਹਜ਼ਾਰ ਰੁਪਏ ਨਕਦੀ ਤੇ ਇਕ ਬੱਕਰੀ, ਕਲਾਵਤੀ ਦੇਵੀ ਦੀਆਂ 7 ਬੱਕਰੀਆਂ, 1.50 ਲੱਖ ਰੁਪਏ ਨਕਦੀ ਜੋ ਉਸ ਨੇ ਦੋ ਮੱਝਾਂ ਵੇਚ ਕੇ ਜੋੜੀ ਸੀ, ਸਮੇਤ ਘਰ ਦਾ ਘਰੇਲੂ ਸਾਮਾਨ, ਸੁਰਿੰਦਰ ਮੁਖੀਆ ਦੀਆਂ 2 ਝੁੱਗੀਆਂ, 15 ਹਜ਼ਾਰ ਰੁਪਏ ਨਕਦੀ ਸਮੇਤ 2 ਲੱਖ ਰੁਪਏ ਦੇ ਨੁਕਸਾਨ ਤੋਂ ਇਲਾਵਾ ਸ੍ਰੀ ਲਾਲ ਮੁਖੀਆ ਦੀਆਂ 4 ਝੁੱਗੀਆਂ, ਇਕ ਮੋਬਾਈਲ ਸੜ ਕੇ ਸੁਆਹ ਹੋ ਗਿਆ। ਸ੍ਰੀ ਲਾਲ ਮੁਖੀਆ ਵੱਲੋਂ ਮੰਦਰ ਦੇ ਨਿਰਮਾਣ ਲਈ ਕਰੀਬ 1.50 ਲੱਖ ਰੁਪਏ ਅਲੱਗ ਤੋਂ ਨਕਦੀ ਵੀ ਜੋੜੀ ਹੋਈ ਸੀ ਜੋ ਕਿ ਇਸ ਅੱਗ ਭੇਟ ਚੜ੍ਹ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮਾਛੀਵਾੜਾ ਪੁਲਸ ਮੌਕੇ ’ਤੇ ਪੁੱਜ ਗਈ ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੌਲਤਪੁਰ ਦੇ ਸਰਪੰਚ ਕਰਨੈਲ ਸਿੰਘ, ਮਹਿੰਦਰ ਸਿੰਘ ਈਸਾਪੁਰ, ਮੋਹਣ ਸਿੰਘ ਈਸਾਪੁਰ, ਦਿਲਾਵਰ ਸਿੰਘ ਈਸਾਪੁਰ, ਗੌਰਵ ਈਸਾਪੁਰ, ਅੰਗਰੇਜ਼ ਈਸਾਪੁਰ ਤੇ ਵਿੱਕੀ ਈਸਾਪੁਰ ਆਦਿ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਆਪਣੇ ਆਸ਼ਿਆਨੇ ਤਿਆਰ ਕਰ ਸਕਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News