ਦੀਵਾਲੀ ਵਾਲੀ ਰਾਤ ਅੱਗ ਲੱਗਣ ਦੀਆਂ ਵਾਪਰੀਆਂ 7 ਘਟਨਾਵਾਂ
Saturday, Oct 21, 2017 - 02:45 AM (IST)
ਹੁਸ਼ਿਆਰਪੁਰ, (ਘੁੰਮਣ)- ਦੀਵਾਲੀ ਵਾਲੀ ਰਾਤ ਨੂੰ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਅੱਧਾ ਦਰਜਨ ਤੋਂ ਵੱਧ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਨਾਲ ਕਾਫੀ ਨੁਕਸਾਨ ਹੋਇਆ। ਸ਼ਹਿਰ ਦੇ ਨਵੀਂ ਆਬਾਦੀ ਇਲਾਕੇ 'ਚ ਫਾਇਰ ਬ੍ਰਿਗੇਡ ਦੇ ਸਾਬਕਾ ਕਰਮਚਾਰੀ ਰਣਵੀਰ ਸ਼ਰਮਾ ਦੇ ਘਰ 'ਚ ਰਾਤੀਂ ਕਰੀਬ 9.45 ਵਜੇ ਅੱਗ ਭੜਕ ਉੱਠੀ। ਉਨ੍ਹਾਂ ਦੇ ਗੁਆਂਢੀ ਕੌਂਸਲਰ ਸੁਦਰਸ਼ਨ ਧੀਰ ਨੇ ਫੌਰੀ ਤੌਰ 'ਤੇ ਬਚਾਅ ਕਾਰਜ ਸ਼ੁਰੂ ਕਰਵਾਏ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਭਾਵੇਂ ਫਾਇਰ ਬ੍ਰਿਗੇਡ ਕਰਮਚਾਰੀ ਜਲਦ ਘਟਨਾ ਸਥਾਨ 'ਤੇ ਪਹੁੰਚ ਗਏ ਪਰ ਉਦੋਂ ਤੱਕ ਕਮਰੇ ਵਿਚ ਪਿਆ ਫਰਿੱਜ, ਇਨਵਰਟਰ, ਫਰਨੀਚਰ, ਗੱਦੇ, ਜ਼ਰੂਰੀ ਕਾਗਜ਼ਾਤ ਤੇ ਹੋਰ ਕੀਮਤੀ ਸਾਮਾਨ ਅਗਨਭੇਟ ਹੋ ਗਿਆ ਸੀ। ਵਿਸ਼ੇਸ਼ ਗੱਲ ਇਹ ਹੈ ਕਿ ਇਸ ਕਮਰੇ 'ਚ ਬਣੇ ਮੰਦਰ 'ਚ ਪਈ ਭਗਵਦ ਗੀਤਾ ਅਤੇ ਗੰਗਾ ਜਲ ਦੀ ਬੋਤਲ ਅੱਗ ਦੀਆਂ ਲਪਟਾਂ ਤੋਂ ਬਿਲਕੁਲ ਸੁਰੱਖਿਅਤ ਪਏ ਰਹੇ। ਪਤਾ ਲੱਗਾ ਹੈ ਕਿ ਅੱਗ ਇਨਵਰਟਰ ਦੇ ਸ਼ਾਰਟ ਸਰਕਟ ਨਾਲ ਲੱਗੀ।
ਦਰਵਾਜ਼ੇ ਤੋੜ ਕੇ ਬਚਾਈ ਘਰ ਦੇ ਮੈਂਬਰਾਂ ਦੀ ਜਾਨ
ਰਣਵੀਰ ਸ਼ਰਮਾ ਦੇ ਘਰ 'ਚ ਜਦੋਂ ਅੱਗ ਦੀਆਂ ਲਪਟਾਂ ਫੈਲਣ ਲੱਗੀਆਂ ਤਾਂ ਉਨ੍ਹਾਂ ਦਾ ਰੌਲਾ ਸੁਣ ਕੇ ਸਭ ਤੋਂ ਪਹਿਲਾਂ ਕੌਂਸਲਰ ਸੁਦਰਸ਼ਨ ਧੀਰ ਦਾ ਲੜਕਾ ਸ਼ਾਮ ਧੀਰ ਮੌਕੇ 'ਤੇ ਪਹੁੰਚਿਆ ਅਤੇ ਉਸ ਨੇ ਘਰ ਦੇ ਤਿੰਨ ਮੈਂਬਰਾਂ ਨੂੰ ਦਰਵਾਜ਼ਾ ਤੋੜ ਕੇ ਸੁਰੱਖਿਅਤ ਬਾਹਰ ਨਿਕਲਣ 'ਚ ਸਹਾਇਤਾ ਕੀਤੀ।
ਲੱਖਾਂ ਰੁਪਏ ਦਾ ਕਬਾੜ ਸੜ ਕੇ ਸੁਆਹ
ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਪਿੰਡ ਬੋੜਾ ਕੋਲ ਇਕ ਕਬਾੜ ਦੀ ਦੁਕਾਨ 'ਚ ਅਚਾਨਕ ਅੱਗ ਭੜਕ ਜਾਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਬੁਝਾਉਣ ਲਈ ਹੁਸ਼ਿਆਰਪੁਰ ਤੋਂ ਇਲਾਵਾ ਪੇਪਰ ਮਿੱਲ ਸੈਲਾ ਖੁਰਦ ਤੇ ਨਵਾਂਸ਼ਹਿਰ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ।
ਇਸ ਤੋਂ ਇਲਾਵਾ ਸ਼ਹਿਰ ਦੇ ਰੇਲਵੇ ਰੋਡ ਇਲਾਕੇ 'ਚ ਇਕ ਥੋਕ ਕੈਮਿਸਟ ਦੀ ਦੁਕਾਨ ਦੀ ਛੱਤ 'ਤੇ, ਚੱਬੇਵਾਲ ਦੇ ਕੋਲ ਪਿੰਡ ਮੈਨਾ 'ਚ ਇਕ ਮਕਾਨ ਵਿਚ, ਚਿੰਤਪੂਰਨੀ ਰੋਡ 'ਤੇ ਪਿੰਡ ਚੌਹਾਲ ਵਿਖੇ ਇਕ ਛੱਪਰ ਅਤੇ ਸ਼ਹਿਰ ਦੇ ਸ਼ਾਲੀਮਾਰ ਨਗਰ 'ਚ ਇਕ ਮਕਾਨ 'ਚ ਮਾਮੂਲੀ ਅੱਗ ਲੱਗਣ ਦੀ ਘਟਨਾ ਵਾਪਰੀ। ਇਸ ਦੌਰਾਨ ਅੱਜ ਸਵੇਰੇ ਪਿੰਡ ਬੁੱਲ੍ਹੋਵਾਲ 'ਚ ਇਕ ਹਲਵਾਈ ਦੀ ਦੁਕਾਨ 'ਚ ਅੱਗ ਲੱਗ ਗਈ, ਜਿਸ 'ਤੇ ਜਲਦ ਕਾਬੂ ਪਾ ਲਿਆ ਗਿਆ।
ਖੁੱਲ੍ਹੀਆਂ ਥਾਵਾਂ 'ਤੇ ਖੜ੍ਹੇ ਕੀਤੇ ਗਏ ਸਨ ਫਾਇਰ ਟੈਂਡਰ
ਐਡੀਸ਼ਨਲ ਡਵੀਜ਼ਨਲ ਫਾਇਰ ਅਫ਼ਸਰ ਅਵਤਾਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਰੇਲਵੇ ਰੋਡ 'ਤੇ ਸਥਿਤ ਫਾਇਰ ਬ੍ਰਿਗੇਡ ਦਫ਼ਤਰ ਬਾਜ਼ਾਰ ਦੇ ਵਿਚਕਾਰ ਹੋਣ ਕਾਰਨ ਦੀਵਾਲੀ ਮੌਕੇ ਬਾਜ਼ਾਰ ਵਿਚ ਕਾਫੀ ਭੀੜ ਸੀ। ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਐਮਰਜੈਂਸੀ ਵਾਲੀ ਸਥਿਤੀ ਨਾਲ ਨਿਪਟਣ ਲਈ ਫਾਇਰ ਟੈਂਡਰ (ਫਾਇਰ ਬ੍ਰਿਗੇਡ ਦੀਆਂ ਗੱਡੀਆਂ) ਪਹਿਲਾਂ ਹੀ ਅੱਡਾ ਮਾਹਿਲਪੁਰ ਤੇ ਰਾਮਲੀਲਾ ਗਰਾਊਂਡ ਕੋਲ ਖੜ੍ਹੀਆਂ ਕੀਤੀਆਂ ਗਈਆਂ ਸਨ ਤਾਂ ਜੋ ਭੀੜ ਭਰੇ ਬਾਜ਼ਾਰਾਂ 'ਚੋਂ ਨਿਕਲਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ। ਏ. ਡੀ. ਐੱਫ. ਓ. ਅਵਤਾਰ ਸਿੰਘ ਦੀ ਅਗਵਾਈ 'ਚ ਫਾਇਰ ਬ੍ਰਿਗੇਡ ਦੇ ਅਧਿਕਾਰੀ ਤੇ ਕਰਮਚਾਰੀ ਰਾਤ ਭਰ ਅੱਗ ਬੁਝਾਉਣ ਲਈ ਇਧਰ-ਉਧਰ ਦੌੜਦੇ ਰਹੇ।
