ਜੇਲ੍ਹ 'ਚੋਂ ਚਲਾਏ ਜਾ ਰਹੇ ਡਰੱਗ ਕਾਰਟਲ ਦਾ ਪਰਦਾਫਾਸ਼, 15 ਕਿਲੋ ਹੈਰੋਇਨ ਤੇ 7 ਲੱਖ ਦੀ ਡਰੱਗ ਮਨੀ ਸਮੇਤ 7 ਕਾਬੂ
Saturday, Sep 02, 2023 - 08:49 PM (IST)
ਚੰਡੀਗੜ੍ਹ/ਅੰਮ੍ਰਿਤਸਰ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਨੂੰ ਇਕ ਹੋਰ ਝਟਕਾ ਦਿੰਦਿਆਂ ਪੰਜਾਬ ਪੁਲਸ ਨੇ 7 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਦੇ ਅੰਦਰੋਂ ਚਲਾਏ ਜਾ ਰਹੇ ਇਕ ਵੱਡੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ 'ਚ 3 ਡਲਿਵਰੀ ਕਰਨ ਵਾਲੇ ਤੇ 4 ਰਿਸੀਵਰ ਹਨ ਅਤੇ ਇਨ੍ਹਾਂ ਕੋਲੋਂ 15 ਕਿਲੋਗ੍ਰਾਮ ਹੈਰੋਇਨ ਅਤੇ 7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਖੇਡ ਮੁਕਾਬਲੇ ਬੱਚਿਆਂ ਤੇ ਨੌਜਵਾਨਾਂ 'ਚ ਨਵਾਂ ਉਤਸ਼ਾਹ ਭਰਨਗੇ : ਕੁਲਦੀਪ ਧਾਲੀਵਾਲ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪਿੰਦਰ ਸਿੰਘ ਉਰਫ ਭਿੰਦਾ, ਨਰਿੰਦਰ ਸਿੰਘ ਅਤੇ ਰਣਜੋਧ ਸਿੰਘ ਉਰਫ ਜੋਧਾ ਸਾਰੇ ਵਾਸੀ ਪਿੰਡ ਹਰੂਵਾਲ ਗੁਰਦਾਸਪੁਰ ਅਤੇ ਰਾਜਦੀਪ ਸਿੰਘ, ਰਾਮ ਸਿੰਘ, ਜਸਪਾਲ ਸਿੰਘ ਤੇ ਰਾਜਵਿੰਦਰ ਕੌਰ ਸਾਰੇ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ। ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ ਪੁਲਸ ਟੀਮਾਂ ਨੇ ਇਨ੍ਹਾਂ ਕੋਲੋਂ 2 ਕਾਰਾਂ ਨੂੰ ਵੀ ਜ਼ਬਤ ਕੀਤਾ ਹੈ, ਜਿਨ੍ਹਾਂ 'ਚ ਇਕ ਸਵਿਫਟ ਡਿਜ਼ਾਇਰ ਕਾਰ (ਪੀਬੀ 01 ਡੀ 0835) ਅਤੇ ਇਕ ਮਾਰੂਤੀ ਐੱਸਐਕਸ-4 (ਪੀਬੀ 47 ਈ 7502) ਸ਼ਾਮਲ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਸੀ ਕਿ ਗੁਰਪਿੰਦਰ ਭਿੰਦਾ, ਨਰਿੰਦਰ ਅਤੇ ਰਣਜੋਧ ਜੋਧਾ ਨੇ ਹਾਲ ਹੀ 'ਚ ਪਿੰਡ ਹਰੂਵਾਲ ਦੇ ਇਲਾਕੇ 'ਚੋਂ ਹੈਰੋਇਨ ਦੀ ਇਕ ਖੇਪ ਬਰਾਮਦ ਕੀਤੀ ਹੈ, ਜੋ ਕਿ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਡਰੋਨ ਦੀ ਵਰਤੋਂ ਕਰਕੇ ਭੇਜੀ ਗਈ ਸੀ ਅਤੇ ਉਨ੍ਹਾਂ ਵੱਲੋਂ ਇਹ ਖੇਪ ਅੰਮ੍ਰਿਤਸਰ ਵਿੱਚ ਕਿਸੇ ਪਾਰਟੀ ਨੂੰ ਡਲਿਵਰ ਕੀਤੀ ਜਾਣੀ ਸੀ।
ਇਹ ਵੀ ਪੜ੍ਹੋ : Auto Sale in August: Toyota ਦੀ ਵਿਕਰੀ 'ਚ 53% ਦਾ ਵਾਧਾ, ਮਾਰੂਤੀ ਸੁਜ਼ੂਕੀ ਸਭ ਤੋਂ ਉੱਚੇ ਪੱਧਰ 'ਤੇ
ਉਨ੍ਹਾਂ ਦੱਸਿਆ ਕਿ ਸੂਚਨਾ ’ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਗੁਰਦਾਸਪੁਰ ਦੇ ਹਰੂਵਾਲ ਇਲਾਕੇ ਤੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 15 ਕਿਲੋ ਹੈਰੋਇਨ ਬਰਾਮਦ ਕੀਤੀ। ਇਹ ਖੇਪ ਡਰੋਨ ਰਾਹੀਂ 6 ਗੇੜਿਆਂ ਵਿੱਚ 2.5–2.5 ਕਿਲੋਗ੍ਰਾਮ ਵਜ਼ਨ ਦੇ ਹੈਰੋਇਨ ਪੈਕੇਟ ਵਿੱਚ ਭਾਰਤ ਪਹੁੰਚਾਈ ਗਈ ਸੀ। ਡੀਜੀਪੀ ਨੇ ਅੱਗੇ ਕਿਹਾ, “ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੋਗਾ ਦਾ ਜਸਪ੍ਰੀਤ ਸਿੰਘ ਉਰਫ਼ ਕਾਲੀ ਮਾਸਟਰ ਮਾਈਂਡ ਹੈ, ਜੋ ਕਿ ਇਸ ਸਮੇਂ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ ਅਤੇ ਵਟਸਐਪ ਰਾਹੀਂ ਪਾਕਿ ਸਥਿਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਹੈ ਤੇ ਜੇਲ੍ਹ 'ਚੋਂ ਇਸ ਡਰੱਗ ਕਾਰਟਲ ਨੂੰ ਚਲਾ ਰਿਹਾ ਸੀ।” ਪੁਲਸ ਦੀਆਂ ਟੀਮਾਂ ਵੱਲੋਂ ਜਲਦ ਹੀ ਉਸ ਨੂੰ ਹੋਰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : ਬਿਜਲੀ ਕੁਨੈਕਸ਼ਨ ਕੱਟਣ ਆਏ ਮੁਲਾਜ਼ਮਾਂ 'ਤੇ ਤਾਣ ਲਈ AK-47, ਪੈ ਗਈਆਂ ਭਾਜੜਾਂ, ਦੇਖੋ ਵੀਡੀਓ
ਹੋਰ ਜਾਣਕਾਰੀ ਦਿੰਦਿਆਂ ਏਆਈਜੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਗੁਰਪਿੰਦਰ ਭਿੰਦਾ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਜਸਪ੍ਰੀਤ ਕਾਲੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਟਾਊਨ ਹਾਲ ਨੇੜੇ ਪਾਰਕਿੰਗ ਲਾਟ ਤੋਂ ਖੇਪ ਹਾਸਲ ਕਰਨ ਲਈ ਪਾਰਟੀ ਭੇਜੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਪਾਰਕਿੰਗ ਨੇੜੇ ਨਾਕਾਬੰਦੀ ਕਰਕੇ ਹੈਰੋਇਨ ਦੀ ਖੇਪ ਲੈਣ ਆਏ ਬਾਕੀ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ ਦੋਸ਼ੀਆਂ ਕੋਲੋਂ 7 ਲੱਖ ਰੁਪਏ ਦੀ ਡਰੱਗ ਮਨੀ ਅਤੇ 2 ਕਾਰਾਂ ਵੀ ਬਰਾਮਦ ਕੀਤੀਆਂ ਹਨ। ਇਸ ਸਬੰਧੀ ਪੁਲਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਮੁਕੱਦਮਾ ਨੰਬਰ 28 ਮਿਤੀ 01-09-2023 ਦਰਜ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8