ਚੱਕੀ ਨਦੀ ’ਚ ਨਾਜਾਇਜ਼ ਮਾਈਨਿੰਗ ਕਰਨ ਵਾਲੇ 7 ਕਾਬੂ: ਜੇ.ਸੀ.ਬੀ. ਮਸ਼ੀਨ ਸਮੇਤ 3 ਟਿੱਪਰ ਬਰਾਮਦ

Friday, Mar 14, 2025 - 04:47 PM (IST)

ਚੱਕੀ ਨਦੀ ’ਚ ਨਾਜਾਇਜ਼ ਮਾਈਨਿੰਗ ਕਰਨ ਵਾਲੇ 7 ਕਾਬੂ: ਜੇ.ਸੀ.ਬੀ. ਮਸ਼ੀਨ ਸਮੇਤ 3 ਟਿੱਪਰ ਬਰਾਮਦ

ਪਠਾਨਕੋਟ (ਕੰਵਲ)- ਪੰਜਾਬ ਅਤੇ ਹਿਮਾਚਲ ਦੇ ਵਿਚਕਾਰ ਵਹਿਣ ਵਾਲੇ ਚੱਕੀ ਦਰਿਆ ਵਿਚ ਮਾਈਨਿੰਗ ਮਾਫੀਆ ਵੱਲੋਂ ਅੰਨ੍ਹੇਵਾਹ ਮਾਈਨਿੰਗ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਦੂਜੇ ਪਾਸੇ ਮਾਈਨਿੰਗ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦਿਨ-ਰਾਤ ਇਸ ਗੈਰ-ਕਾਨੂੰਨੀ ਮਾਈਨਿੰਗ 'ਤੇ ਸ਼ਿਕੰਜਾ ਕੱਸਣ ਦੀ ਕਾਰਵਾਈ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਦਾ ਸਿਲਸਿਲਾ ਨਹੀਂ ਰੁਕ ਰਿਹਾ। ਇਸ ਕਾਰਨ ਦੋਵਾਂ ਰਾਜਾਂ ਦੇ ਪੁਲਸ ਪ੍ਰਸ਼ਾਸਨ ਨੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਦਿਆਂ ਜ਼ਿਲਾ ਪੁਲਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ’ਤੇ ਅਮਲ ਕਰਦਿਆਂ ਜ਼ਿਲਾ ਪਠਾਨਕੋਟ ਪੁਲਸ ਨੇ ਨਾਜਾਇਜ਼ ਮਾਈਨਿੰਗ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਨਾਜਾਇਜ਼ ਮਾਈਨਿੰਗ ਕਰਦੇ ਹੋਏ 7 ਮੁਲਜ਼ਮਾਂ ਨੂੰ 1 ਜੇ.ਸੀ.ਬੀ ਮਸ਼ੀਨ ਅਤੇ 3 ਟਿੱਪਰਾਂ ਸਮੇਤ ਗਿ੍ਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਭੂਆ ਘਰ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੀ ਸ਼ਾਮ 4 ਵਜੇ ਦੇ ਕਰੀਬ ਪਿੰਡ ਹਾੜਾ ਦੇ ਨਜ਼ਦੀਕ ਚੱਕੀ ਦਰਿਆ ਦੇ ਵਿਚ ਨਜਾਇਜ਼ ਮਾਈਨਿੰਗ ਹੋਣ ਸਬੰਧੀ ਖੁਫੀਆ ਸੂਤਰਾਂ ਤੋਂ ਸੂਚਨਾ ਮਿਲਣ 'ਤੇ ਥਾਣਾ ਧਾਰਕਲਾਂ ਦੇ ਮੁੱਖ ਅਫਸਰ ਨੇ ਪੁਲਸ ਪਾਰਟੀ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਸਮੇਤ ਵਿਸ਼ੇਸ਼ ਅਭਿਆਨ ਚਲਾਇਆ ਅਤੇ ਲੋਕਾਂ ਨੂੰ ਨਜਾਇਜ਼ ਮਾਈਨਿੰਗ ਕਰਦੇ ਦੇਖਿਆ ਗਿਆ ਤਾਂ ਮੌਕੇ 'ਤੇ ਕੱਚੇ ਮਾਲ ਨਾਲ ਭਰੇ ਤਿੰਨ ਟਿੱਪਰ ਜਿਸ ਵਿਚ 300-300 ਫੁੱਟ ਦਾ ਕੱਚਾ ਮਾਲ ਭਰਿਆ ਹੋਇਆ ਸੀ, ਨੂੰ ਕਾਬੂ ਕੀਤਾ।

ਇਹ ਵੀ ਪੜ੍ਹੋ-  ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ

ਜਿਸ 'ਤੇ ਮਾਈਨ ਐਂਡ ਮਿਨਰਲ ਐਕਟ-1957 ਦੀ ਧਾਰਾ 21(1) ਤਹਿਤ ਮੁਕੱਦਮਾ ਨੰਬਰ 03 ਮਿਤੀ 12-03-2025 ਨੂੰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਉਕਤ 07 ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਸੁਭਾਸ਼ ਸਿੰਘ ਵਾਸੀ ਪਿੰਡ ਤਰਗਣਾ ਤਹਿ ਨੂਰਪੁਰ ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼, ਬੋਧ ਰਾਜ ਪੁੱਤਰ ਧਰਮ ਸਿੰਘ ਵਾਸੀ ਪਿੰਡ ਬਿਆਣਾ ਤਹਿ ਨੂਰਪੁਰ ਜ਼ਿਲ੍ਹਾ ਕਾਂਗੜਾ, ਹਿਮਾਚਲ, ਸੁਭਾਸ਼ ਪੁੱਤਰ ਗੋਰਖੂ ਰਾਮ ਵਾਸੀ ਪਿੰਡ ਕੁਠੇੜ ਥਾਣਾ ਸ਼ਾਹਪੁਰਕੰਡੀ ਜ਼ਿਲ੍ਹਾ ਪਠਾਨਕੋਟ, ਵਿਸ਼ਾਲ ਸਿੰਘ ਪੁੱਤਰ ਓਂਕਾਰ ਸਿੰਘ ਵਾਸੀ ਪਿੰਡ ਬਧਾਨੀ, ਪੁਲਸ ਥਾਣਾ ਮਾਮੂਨ ਜ਼ਿਲ੍ਹਾ ਪਠਾਨਕੋਟ, ਅਨਿਲ ਗੁਲੇਰੀਆ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਰੋਡ ਤਹਿ ਨੂਰਪੁਰ, ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼, ਅਲੀ ਪੁੱਤਰ ਗੁਲਜ਼ਾਰਦੀਨ ਵਾਸੀ ਪਿੰਡ ਸੁਖਨਿਆਲ ਥਾਣਾ ਧਾਰਕਲਾਂ ਜ਼ਿਲ੍ਹਾ ਪਠਾਨਕੋਟ ਅਤੇ ਸਹਿਲ ਪੁੱਤਰ ਵਿਦਿਆ ਚੰਦ ਵਾਸੀ ਪਿੰਡ ਮਹਿਰਾ, ਤਹਿਸੀਲ ਨੂਰਪੁਰ ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਸ਼ਾਮਲ ਹਨ। ਉਕਤ ਕਾਰਵਾਈ ਦੌਰਾਨ ਨਾਜਾਇਜ਼ ਮਾਈਨਿੰਗ ਕਰਨ ਵਾਲੀ 01 ਜੇਸੀਬੀ ਮਸ਼ੀਨ ਅਤੇ 03 ਟਿੱਪਰ ਜ਼ਬਤ ਕੀਤੇ ਗਏ।

ਇਹ ਵੀ ਪੜ੍ਹੋ- ਰੇਡ ਕਰਨ ਆਈ ਪੰਜਾਬ ਪੁਲਸ ਨੂੰ ਵੇਖ ਮੁੰਡੇ ਨੇ ਜੋ ਕੀਤਾ ਉੱਡ ਜਾਣਗੇ ਹੋਸ਼, ਵੇਖੋ ਮੌਕੇ ਦੀ ਵੀਡੀਓ

ਐੱਸ.ਐੱਸ.ਪੀ. ਨੇ ਦੱਸਿਆ ਕਿ ਉਕਤ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਪੁਲਸ ਰਿਮਾਂਡ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੁੱਛਗਿੱਛ ਦੇ ਆਧਾਰ 'ਤੇ ਹੋਰ ਸਬੰਧਤ ਮੁਲਜ਼ਮਾਂ ਨੂੰ ਵੀ ਕਾਨੂੰਨ ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜ਼ਿਲਾ ਪੁਲਸ ਪਠਾਨਕੋਟ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਦੋਸ਼ੀਆਂ ਖਿਲਾਫ ਵੱਡੇ ਪੱਧਰ 'ਤੇ ਕਾਰਵਾਈ ਕਰ ਰਹੀ ਹੈ। ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕੀਤੀ ਗਈ ਕਾਰਵਾਈ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਪਠਾਨਕੋਟ ਪੁਲਸ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News