ਮਲੇਰਕੋਟਲਾ ਵਿਖੇ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ''ਚ ਕਰਵਾਇਆ ਰਾਜ ਪੱਧਰੀ ਸ਼ਹੀਦੀ ਸਮਾਗਮ

Thursday, Jan 18, 2018 - 10:57 AM (IST)

ਮਲੇਰਕੋਟਲਾ ਵਿਖੇ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ''ਚ ਕਰਵਾਇਆ ਰਾਜ ਪੱਧਰੀ ਸ਼ਹੀਦੀ ਸਮਾਗਮ

ਮਲੇਰਕੋਟਲਾ (ਜ਼ਹੂਰ) - ਪੰਜਾਬ ਸਰਕਾਰ ਵੱਲੋਂ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ਦੇ ਸਬੰਧ 'ਚ ਨਾਮਧਾਰੀ ਸ਼ਹੀਦੀ ਸਮਾਗਮ ਮਲੇਰਕੋਟਲਾ ਵਿਖੇ ਕਰਵਾਇਆ ਗਿਆ। ਸਮਾਗਮ 'ਚ ਪੰਜਾਬ ਦੇ ਲੋਕ ਨਿਰਮਾਣ, ਸਮਾਜਿਕ ਸੁਰੱਖਿਆ ਅਤੇ ਮਹਿਲਾ ਵਿਕਾਸ ਰਾਜ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਨਾਮਧਾਰੀ ਸੰਪਰਦਾ ਵੱਲੋਂ ਲੜ੍ਹੇ ਗਏ ਸ਼ਾਂਤਮਈ ਅੰਦੋਲਨ ਵਰਗੀ ਵਿਸ਼ਵ 'ਚ ਕੋਈ ਹੋਰ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੂਕਾ ਅੰਦੋਲਨ ਦੇ ਤਹਿਤ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਵੱਖ-ਵੱਖ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ ਉਥੇ ਹੀ ਸਮੁੱਚੀ ਸੰਗਤ ਨੂੰ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ।

PunjabKesari

ਸ੍ਰੀਮਤੀ ਰਜ਼ੀਆ ਸੁਲਤਾਨਾਂ ਨੇ ਕਿਹਾ ਕਿ ਕੂਕਾ ਅੰਦਲੋਨ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਨੇ ਸਮਾਜ 'ਚ ਲੜਕੀਆਂ ਨੂੰ ਬਰਾਬਰੀ ਦੇ ਅਧਿਕਾਰ ਦਿਵਾਉਣ, ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਨ ਸਮੇਤ ਹੋਰ ਅਹਿਮ ਮੁਹਿੰਮਾਂ ਚਲਾਈਆਂ ਜਿਸਦੇ ਸਮਾਜ 'ਚ ਵੱਡੇ ਪ੍ਰਭਾਵ ਦੇਖਣ ਨੂੰ ਮਿਲੇ। ਉਨ੍ਹਾਂ ਕਿਹਾ ਕਿ ਦੇਸ਼ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਜੀਵਨ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਸਮੁੱਚੀ ਨਾਮਧਾਰੀ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਨਾਮਧਾਰੀ ਸਮਾਰਕ ਲਈ ਪੰਜਾਬ ਸਰਕਾਰ ਵੱਲੋਂ ਲੋੜ ਮੁਤਾਬਿਕ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਨੇ ਕਿਹਾ ਕਿ ਅਜ਼ਾਦੀ ਹਾਸਿਲ ਕਰਨ ਲਈ ਸੂਰਬੀਰਾਂ ਨੇ ਵੱਡਾ ਸੰਘਰਸ਼ ਕੀਤਾ ਅਤੇ ਆਪਣੀ ਜਾਨ ਦਾ ਪਰਵਾਹ ਨਾ ਕਰਦਿਆਂ ਸ਼ਹਾਦਤਾਂ ਦਿੱਤੀਆ। ਉਨ੍ਹਾਂ ਕਿਹਾ ਕਿ ਇਹ ਸ਼ਹੀਦੀ ਸਾਕਾ ਦੁਨੀਆਂ ਦੀ ਵਿਲੱਖਣ ਘਟਨਾ ਹੈ ਜਿਸਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਨਾਮਧਾਰੀ ਦਰਬਾਰ ਦੇ ਪ੍ਰਧਾਨ ਨਾਮਧਾਰੀ ਹਰਿੰਦਰ ਸਿੰਘ ਹੰਸਪਾਲ ਨੇ ਨਾਮਧਾਰੀ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦਿਆਂ ਕੂਕਾ ਅੰਦੋਲਨ ਨਾਲ ਜੁੜੀਆਂ ਅਹਿਮ ਘਟਨਾਵਾ ਬਾਰੇ ਸੰਗਤ ਨੂੰ ਜਾਣੂ ਕਰਵਾਇਆ।

ਇਸ ਮੌਕੇ ਨਾਮਧਾਰੀ ਸਤਿਗੁਰੂ ਊਦੈ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੁੰਦੀ ਹੈ। ਸ਼ਹੀਦਾਂ ਦੀ ਯਾਦ 'ਚ ਦੀਵਾਨ ਸਜਾਏ ਗਏ ਅਤੇ ਕੀਰਤਨ ਪਰਵਾਹ ਚੱਲੇ। ਇਸ ਮੌਕੇ ਸੂਬਾ ਬਲਵਿੰਦਰ ਸਿੰਘ, ਹਰਪਾਲ ਸਿੰਘ ਸੇਵਕ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੱਜ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸਬਸਿਡੀ ਨੂੰ ਖਤਮ ਕਰਕੇ ਮੁਸਲਿਮ ਲੜਕੀਆਂ ਦੀ ਸਿੱਖਿਆ 'ਤੇ ਖਰਚਣ ਦੇ ਫੈਸਲੇ ਦਾ ਉਹ ਸਵਾਗਤ ਕਰਦੇ ਹਨ। ਪੰਜਾਬ ਸਰਕਾਰ ਦੀ ਆਰਥਿਕ ਹਾਲਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇਸ ਮੌਕੇ ਵਿਸ਼ਵ ਨਾਮਧਾਰੀ ਸੰਗਤ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਗੁਰਸੇਵਕ ਸਿੰਘ ਨਾਮਧਾਰੀ, ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ, ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ ਮਲੇਰਕੋਟਲਾ ਪ੍ਰੀਤੀ ਯਾਦਵ ਆਦਿ ਕਈ ਅਧਿਕਾਰੀ ਅਤੇ ਨਾਮਧਾਰੀ ਸੰਪਰਦਾ ਦੇ ਆਗੂ ਤੇ ਸੰਗਤ ਵਿਸ਼ੇਸ਼ ਤੌਰ 'ਤੇ ਮੌਜ਼ੂਦ ਹੋਏ।


Related News