ਪ੍ਰਾਈਵੇਟ ਕੰਪਨੀ ਹੱਥੋਂ 62 ਲੱਖ ਦੀ ਠੱਗੀ ਦੇ ਸ਼ਿਕਾਰ ਲੋਕਾਂ ਨੇ ਕੀਤੀ ਮਦਦ ਦੀ ਮੰਗ

Thursday, Aug 24, 2017 - 06:07 AM (IST)

ਪ੍ਰਾਈਵੇਟ ਕੰਪਨੀ ਹੱਥੋਂ 62 ਲੱਖ ਦੀ ਠੱਗੀ ਦੇ ਸ਼ਿਕਾਰ ਲੋਕਾਂ ਨੇ ਕੀਤੀ ਮਦਦ ਦੀ ਮੰਗ

ਭਿੰਡੀ ਸੈਦਾਂ,   (ਗੁਰਜੰਟ)-  ਇਕ ਈਗਲ ਰੀਅਲ ਅਸਟੇਟ ਨਾਂ ਦੀ ਕੰਪਨੀ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਤੋਂ ਕਰੀਬ 62 ਲੱਖ ਦੀ ਠੱਗੀ ਮਾਰ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡਾ. ਨਿਰਵੈਲ ਸਿੰਘ ਵਾਸੀ ਭੱਗੂਪੁਰ ਉਤਾੜ, ਮਾ. ਦਵਿੰਦਰ ਸਿੰਘ ਡੱਗਤੂਤ, ਸੁੱਖਾ ਸਿੰਘ, ਪ੍ਰੀਤਮ ਸਿੰਘ, ਦਵਿੰਦਰ ਕੌਰ ਆਦਿ ਨੇ ਦੱਸਿਆ ਕਿ ਈਗਲ ਰੀਅਲ ਅਸਟੇਟ ਇੰਡੀਆ ਲਿਮਟਿਡ ਕੰਪਨੀ ਹੈੱਡ ਆਫਿਸ ਜਲੰਧਰ ਵੱਲੋਂ 2010 ਦੌਰਾਨ ਆਪਣੀ ਬ੍ਰਾਂਚ ਅਜਨਾਲਾ ਵਿਖੇ ਖੋਲ੍ਹੀ ਗਈ, ਜਿਸ ਦੇ ਮਾਲਕ ਸੁਰਜੀਤ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਜਾਮਾ ਰਾਖਈਆਂ ਨੇੜੇ ਮਮਦੋਟ (ਫਿਰੋਜ਼ਪੁਰ) ਨੇ ਸਾਡੇ ਕੁਝ ਜਾਣ-ਪਛਾਣ ਵਾਲਿਆਂ ਨੂੰ ਨਾਲ ਲੈ ਕੇ ਸਾਡੇ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਈਗਲ ਰੀਅਲ ਅਸਟੇਟ ਕੰਪਨੀ ਭਾਰਤ ਸਰਕਾਰ ਵੱਲੋਂ ਰਜਿਸਟਰਡ ਹੈ ਅਤੇ ਇਸ ਦਾ ਸਾਰਾ ਕੰਮ ਕੰਪਿਊਟਰਾਈਡਜ਼ ਹੋਣ ਕਰ ਕੇ ਇਸ ਕੰਪਨੀ ਵਿਚ ਆਰ. ਡੀ. ਰਾਹੀਂ ਜਾਂ ਫਿਕਸਡ ਡਿਪੋਜ਼ਿਟ ਰਾਹੀਂ ਲਾਏ ਪੈਸੇ ਸਾਢੇ 6 ਸਾਲਾਂ ਵਿਚ ਦੁੱਗਣੇ ਹੋ ਜਾਣਗੇ ਅਤੇ ਕਮੀਸ਼ਨ ਵੱਖਰਾ ਮਿਲੇਗਾ। ਇਸ ਕੰਪਨੀ ਵੱਲੋਂ ਇਕੱਠਾ ਹੋਇਆ ਪੈਸਾ ਰੀਅਲ ਅਸਟੇਟ ਵਿਚ ਇਨਵੈਸਟ ਕਰਨ 'ਤੇ 200 ਫੀਸਦੀ ਤੋਂ ਵੱਧ ਮੁਨਾਫਾ ਆਉਂਦਾ, ਜੋ ਗਾਹਕਾਂ ਵਿਚ ਵੰਡਿਆ ਜਾਂਦਾ ਹੈ।
ਇਨ੍ਹਾਂ ਤੋਂ ਬਾਅਦ ਕਾਗਜ਼ੀ ਕਾਰਵਾਈ ਚੈੱਕ ਕਰਨ 'ਤੇ ਅਸੀਂ ਸਾਰਿਆਂ ਨੇ ਇਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਆਪਣੇ ਰਿਸ਼ਤੇਦਾਰਾਂ ਤੇ ਸੱਜਣਾਂ-ਮਿੱਤਰਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਕਰੀਬ 62 ਲੱਖ ਰੁਪਏ ਇਕੱਠੇ ਕਰ ਕੇ ਕੰਪਨੀ ਮਾਲਕ ਸੁਰਜੀਤ ਸਿੰਘ ਨੂੰ ਦਿੱਤੇ, ਜਿਸ ਦੀਆਂ ਰਸੀਦਾਂ ਸਬੂਤ ਵੱਲੋਂ ਸਾਡੇ ਕੋਲ ਹਨ।  ਸਾਢੇ 6 ਸਾਲ ਦਾ ਸਮਾਂ ਬੀਤ ਜਾਣ 'ਤੇ ਕੰਪਨੀ ਮਾਲਕ ਸੁਰਜੀਤ ਸਿੰਘ ਨਾਲ ਪਿਛਲੇ ਕਈ ਮਹੀਨਿਆਂ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਫੋਨ ਵੀ ਨਹੀਂ ਚੁੱਕਦਾ ਅਤੇ ਪਿੰਡ ਜਾਣ 'ਤੇ ਵੀ ਟਾਲ-ਮਟੋਲ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਐੱਸ. ਐੱਸ. ਪੀ. ਦਿਹਾਤੀ ਨੂੰ ਦਿੱਤੀ ਦਰਖਾਸਤ ਸਬੰਧੀ ਮੀਡੀਆ ਰਾਹੀਂ ਮੰਗ ਕੀਤੀ ਕਿ ਉਕਤ ਦੋਸ਼ੀ ਖਿਲਾਫ਼ ਬਣਦੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਮਾਮਲੇ ਸਬੰਧੀ ਤਫਤੀਸ਼ ਕਰ ਰਹੇ ਈ. ਓ. ਵਿੰਗ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੂੰ ਪਰਵਾਨੇ ਭੇਜ ਕੇ ਬੁਲਇਆ ਗਿਆ ਹੈ, ਜੇਕਰ 3 ਪਰਵਾਨੇ ਭੇਜਣ ਤੋਂ ਬਾਅਦ ਵੀ ਉਹ ਹਾਜ਼ਰ ਨਹੀਂ ਹੁੰਦਾ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


Related News