ਪੰਜਾਬ ’ਚ ਹਿੰਸਕ ਘਟਨਾਵਾਂ ਵਿਚਾਲੇ 61.5 ਫ਼ੀਸਦੀ ਪੋਲਿੰਗ, ਕਈ ਥਾਵਾਂ ''ਤੇ ਪੱਥਰਬਾਜ਼ੀ ਤਾਂ ਕਿਤੇ...

Wednesday, May 27, 2026 - 03:18 PM (IST)

ਪੰਜਾਬ ’ਚ ਹਿੰਸਕ ਘਟਨਾਵਾਂ ਵਿਚਾਲੇ 61.5 ਫ਼ੀਸਦੀ ਪੋਲਿੰਗ, ਕਈ ਥਾਵਾਂ ''ਤੇ ਪੱਥਰਬਾਜ਼ੀ ਤਾਂ ਕਿਤੇ...

ਚੰਡੀਗੜ੍ਹ/ਸਮਾਣਾ/ਬਠਿੰਡਾ (ਵਿਨੈ, ਸ਼ਸ਼ੀਪਾਲ, ਅਸ਼ੋਕ, ਦਰਦ, ਅਨੇਜਾ, ਵਿਜੇ) : ਪੰਜਾਬ ’ਚ ਮੰਗਲਵਾਰ ਨੂੰ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ’ਚ ਵੋਟਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਰਾਜ ਚੋਣ ਕਮਿਸ਼ਨ ਅਨੁਸਾਰ ਕਈ ਜ਼ਿਲ੍ਹਿਆਂ ’ਚ ਸ਼ਾਮ ਤੱਕ ਰਿਕਾਰਡ ਪੋਲਿੰਗ ਦਰਜ ਕੀਤੀ ਗਈ। ਸ਼ਾਮ 5 ਵਜੇ ਤੱਕ 61.5 ਫ਼ੀਸਦੀ ਪੋਲਿੰਗ ਹੋਈ। ਸਖ਼ਤ ਸੁਰੱਖਿਆ ਦੇ ਬਾਵਜੂਦ ਕਈ ਥਾਵਾਂ ’ਚ ਛੋਟੀਆਂ-ਮੋਟੀਆਂ ਹਿੰਸਕ ਘਟਨਾਵਾਂ ਦੇ ਨਾਲ ਚੋਣਾਂ ਸੰਪੰਨ ਹੋਈਆਂ। ਸੂਬੇ ਭਰ ’ਚ ਸਵੇਰੇ 7 ਵਜੇ ਤੋਂ ਪੋਲਿੰਗ ਸ਼ੁਰੂ ਹੋਈ ਅਤੇ ਸ਼ਾਮ ਤੱਕ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਅਧਿਕਾਰਤ ਤੌਰ ’ਤੇ ਜਾਰੀ ਹੋਏ ਮੁੱਢਲੇ ਅੰਕੜਿਆਂ ਅਨੁਸਾਰ ਬਠਿੰਡਾ, ਮੋਗਾ ਅਤੇ ਫਰੀਦਕੋਟ ਵਰਗੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ ’ਚ ਵੋਟਰਾਂ ’ਚ ਖ਼ਾਸਾ ਉਤਸ਼ਾਹ ਦਿਖਾਈ ਦਿੱਤਾ। ਚੋਣ ਮੈਦਾਨ ’ਚ ‘ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਸੂਬੇ ਭਰ ’ਚ ਕੁੱਲ 7555 ਉਮੀਦਵਾਰਾਂ ਨੇ ਚੋਣਾਂ ’ਚ ਆਪਣੀ ਕਿਸਮਤ ਅਜ਼ਮਾਈ। ਚੋਣ ਕਮਿਸ਼ਨ ਨੇ ਦੱਸਿਆ ਕਿ ਜ਼ਿਆਦਾਤਰ ਥਾਵਾਂ ’ਚ ਪੋਲਿੰਗ ਸ਼ਾਂਤੀਪੂਰਨ ਰਹੀ। ਹੁਣ ਸਭ ਦੀਆਂ ਨਜ਼ਰਾਂ 29 ਮਈ ਨੂੰ ਆਉਣ ਵਾਲੇ ਨਤੀਜਿਆਂ ’ਤੇ ਟਿਕੀਆਂ ਹਨ। ਉਧਰ ਸਮਾਣਾ ’ਚ ਨਗਰ ਕੌਂਸਲ ਚੋਣਾਂ ਦੌਰਾਨ 21 ਵਾਰਡਾਂ ਵਿਚੋਂ ਜ਼ਿਆਦਾਤਰ ’ਚ ਬੂਥ ਕੈਪਚਰਿੰਗ ਦੌਰਾਨ ਹਿੰਸਕ ਝੜਪਾਂ ਹੋਈਆਂ ਅਤੇ ਸਵੇਰੇ ਤੋਂ ਸ਼ਾਮ ਤੱਕ ਸਥਿਤੀ ਤਣਾਅਪੂਰਨ ਬਣੀ ਰਹੀ। ਸ਼ਹਿਰ ਦੇ ਵਾਰਡ ਨੰਬਰ 19 ’ਚ ਬੂਥ ਕੈਪਚਰਿੰਗ ਦੀ ਰਿਪੋਰਟ ’ਤੇ ਪੁਲਸ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ।

ਇਸ ਕਾਰਨ ਭੈਅ ਦਾ ਮਾਹੌਲ ਰਿਹਾ ਅਤੇ ਭਾਰੀ ਗਿਣਤੀ ’ਚ ਵੋਟਰ ਵੋਟ ਪਾਉਣ ਤੋਂ ਵਾਂਝੇ ਰਹੇ। ਸਮਾਣਾ ਦੇ ਵਾਰਡ ਨੰਬਰ-10 ਦੇ ਬੂਥ ਨੰਬਰ 24, 25 ’ਤੇ ਸਵੇਰੇ ਪੋਲਿੰਗ ਸ਼ੁਰੂ ਹੋਣ ਦੇ ਕੁੱਝ ਸਮੇਂ ਬਾਅਦ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਧੱਕਾ-ਮੁੱਕੀ ਕਰਨ ਅਤੇ ਦਰਵਾਜ਼ੇ ਬੰਦ ਕਰ ਕੇ ਇਕ ਬੂਥ ਦੇ ਕੈਮਰੇ ਤੋੜ ਦਿੱਤੇ। ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਸਮਾਣਾ ਦੀ ਅਗਵਾਈ ’ਚ ਅਧਿਕਾਰੀ ਅਤੇ ਭਾਰੀ ਪੁਲਸ ਫੋਰਸ ਨੇ ਹੁੱਲੜਬਾਜ਼ਾਂ ਨੂੰ ਉੱਥੋਂ ਹਟਾਇਆ। ਪੁਲਸ ਦੇ ਪਹੁੰਚਣ ’ਤੇ ਕੁੱਝ ਸ਼ਰਾਰਤੀ ਅਨਸਰਾਂ ਨੇ ਕਾਂਗਰਸੀ ਉਮੀਦਵਾਰ ਲਲਿਤ ਜੈਨ ਨਾਲ ਮਾਰਕੁੱਟ ਕੀਤੀ ਜਦਕਿ ਚੋਣਾਂ ਦੀ ਕਵਰੇਜ ਕਰ ਰਹੇ ਇਕ ਚੈਨਲ ਦੇ ਪੱਤਰਕਾਰ ਦਾ ਮੋਬਾਇਲ ਫ਼ੋਨ ਖੋਹ ਕੇ ਲੈ ਗਏ। ਸਮਾਣਾ ਦੇ ਵਾਰਡ ਨੰਬਰ-19 ’ਚ ਜਾਅਲੀ ਵੋਟਿੰਗ ਦੀ ਰਿਪੋਰਟ ਮਿਲਣ ਉਪਰੰਤ ਪਹੁੰਚੀ ਪੁਲਸ ਟੀਮ ਨੇ ਜਦੋਂ ਜਾਅਲੀ ਵੋਟਿੰਗ ਕਰਨ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਘਰਾਂ ਦੀਆਂ ਛੱਤਾਂ ਉੱਪਰ ਚੜ੍ਹੇ ਕੁੱਝ ਲੋਕਾਂ ਨੇ ਪੁਲਸ ਪਾਰਟੀ ’ਤੇ ਇੱਟਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਚਿਤਾਵਨੀ ਦੇ ਬਾਵਜੂਦ ਨਾ ਰੁਕਣ ’ਤੇ ਪੁਲਸ ਵੱਲੋਂ ਹਵਾਈ ਫਾਇਰ ਕੀਤੇ ਗਏ।

ਇਸ ਨਾਲ ਛੱਤ ’ਤੇ ਖੜ੍ਹੇ ਨੌਜਵਾਨਾਂ ’ਚ ਮਚੀ ਹਫੜਾ-ਦਫੜੀ ਦੌਰਾਨ 23 ਸਾਲਾ ਜਾਖੂਕ ਪੁੱਤਰ ਚਿੜੀ ਰਾਮ ਨਿਵਾਸੀ ਰਾਮ ਬਸਤੀ ਸਮਾਣਾ ਛੱਤ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆ ਕੇ ਝੁਲਸ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 3 ਅਤੇ 15 ’ਚ ਕੁਝ ਲੋਕਾਂ ਨੇ ਕਾਂਗਰਸੀ ਅਤੇ ਭਾਜਪਾ ਉਮੀਦਵਾਰਾਂ ਦੇ ਬੂਥ ਤੋੜ ਦਿੱਤੇ, ਜਿਸ ਨਾਲ ਬੂਥ ਨੰਬਰ 15 ਦੇ ਕਾਂਗਰਸੀ ਉਮੀਦਵਾਰ ਨੇ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ। ਪੰਜਾਬ ਕਾਂਗਰਸ ਦੀ ਸਾਬਕਾ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਸ਼ਰਾਰਤੀ ਅਨਸਰਾਂ ’ਤੇ ਵਾਰਡ ਨੰਬਰ 3 ਤੋਂ 97 ਬੈਲਟ ਪੇਪਰ ਖੋਹ ਕੇ ਫ਼ਰਾਰ ਹੋਣ ਦਾ ਦੋਸ਼ ਲਾਇਆ। ਉਧਰ ਬਠਿੰਡਾ ਦੇ ਵਾਰਡ ਨੰਬਰ 3 ’ਚ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਹੌਲ ਤਣਾਅਪੂਰਨ ਹੋ ਗਿਆ। ਸਵੇਰੇ ਕਰੀਬ 5 ਵਜੇ ਫਾਇਰਿੰਗ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਆਜ਼ਾਦ ਉਮੀਦਵਾਰ ਨੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਲੋਕਾਂ ’ਤੇ ਪੈਸੇ ਵੰਡਣ ਅਤੇ ਵਿਰੋਧ ਕਰਨ ’ਤੇ ਜਾਨਲੇਵਾ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਫਾਇਰਿੰਗ ਦੀ ਘਟਨਾ ਦੇ ਰੋਸ ਵਜੋਂ ਆਜ਼ਾਦ ਉਮੀਦਵਾਰ, ਉਨ੍ਹਾਂ ਦੇ ਸਮਰਥਕਾਂ ਅਤੇ ਇਲਾਕਾ ਵਾਸੀਆਂ ਨੇ ਧਰਨਾ ਦੇ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।
ਜ਼ਿਲ੍ਹਾਵਾਰ ਵੋਟ ਫ਼ੀਸਦੀ
ਮੋਹਾਲੀ 'ਚ 62. ਪਟਿਆਲਾ 'ਚ 58, ਲੁਧਿਆਣਾ 'ਚ 55, ਅੰਮ੍ਰਿਤਸਰ 'ਚ 57, ਜਲੰਧਰ 'ਚ 59, ਫ਼ਤਹਿਗੜ੍ਹ ਸਾਹਿਬ 'ਚ 55, ਸੰਗਰੂਰ 'ਚ 48 ਫ਼ੀਸਦੀ
 


author

Babita

Content Editor

Related News