AAP ਵਿਧਾਇਕ ਵੱਲੋਂ 60 ਲੱਖ ਰੁਪਏ ਦੇ ਘਪਲੇ ਦਾ ਪਰਦਾਫਾਸ਼, ਜਾਣੋ ਕੀ ਹੈ ਪੂਰਾ ਮਾਮਲਾ
Saturday, Dec 02, 2023 - 11:03 AM (IST)
ਖੰਨਾ (ਵਿਪਨ) : ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ 60 ਲੱਖ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਕਾਂਗਰਸ ਨਾਲ ਸਬੰਧਿਤ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਵੀ ਇਸ ਘਪਲੇ ਦਾ ਪਰਦਾਫਾਸ਼ ਕਰਨ 'ਚ 'ਆਪ' ਵਿਧਾਇਕ ਦੀ ਮਦਦ ਕੀਤੀ। ਦੋਵੇਂ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭ੍ਰਿਸ਼ਟਾਚਾਰ ਖ਼ਿਲਾਫ਼ ਜਾਲ ਵਿਛਾਇਆ, ਜਿਸ 'ਚ ਉਹ ਸਫ਼ਲ ਰਹੇ। ਵਿਧਾਇਕ ਨੇ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਤੱਕ ਪਹੁੰਚਾਇਆ।
ਮਾਮਲੇ ਨਾਲ ਸਬੰਧਿਤ ਬੀ. ਡੀ. ਪੀ. ਓ. ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ, ਜਿਸਦੇ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਗਈ ਹੈ। ਵਿਧਾਇਕ ਸੌਂਧ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੰਚਾਇਤੀ ਵਿਭਾਗ 'ਚ ਸਰਕਾਰੀ ਫੰਡਾਂ ਦੀ ਦੁਰਵਰਤੋਂ ਹੋ ਰਹੀ ਹੈ। ਇਸ ਲਈ ਉਹ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੂੰ ਮਿਲੇ ਅਤੇ ਯੋਜਨਾ ਬਣਾਈ। ਵਿਧਾਇਕ ਨੇ ਦੱਸਿਆ ਕਿ ਪੰਚਾਇਤੀ ਜ਼ਮੀਨਾਂ ਲਈ ਸਲਾਨਾ ਠੇਕੇ ਦੀ ਰਕਮ ਦਾ 30 ਫ਼ੀਸਦੀ ਬੀ. ਡੀ. ਪੀ. ਓ. ਦਫ਼ਤਰ ਦੇ ਪੋਰਟਲ ਖ਼ਾਤੇ 'ਚ ਜਮ੍ਹਾਂ ਹੁੰਦਾ ਹੈ।
ਇਹ ਵੀ ਪੜ੍ਹੋ : ਧੁੰਦ ਕਾਰਨ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਇਹ ਟਰੇਨਾਂ ਰੱਦ, ਪੜ੍ਹੋ ਪੂਰੀ ਸੂਚੀ
ਇਸ ਰਕਮ ਨਾਲ ਪੰਚਾਇਤ ਸਕੱਤਰਾਂ ਦੀਆਂ ਤਨਖ਼ਾਹਾਂ ਅਤੇ ਬੀ. ਡੀ. ਪੀ. ਓ. ਦੀ ਸਰਕਾਰੀ ਗੱਡੀ ਦਾ ਖ਼ਰਚਾ ਚੱਲਦਾ ਹੈ। ਹੋਇਆ ਇਹ ਕਿ ਬੀ. ਡੀ. ਪੀ. ਓ. ਨੇ ਅਜਿਹੇ ਤਿੰਨ ਹੋਰ ਖ਼ਾਤੇ ਖੁੱਲ੍ਹਵਾ ਲਏ। ਉਸ ਨੇ ਇਹ ਖ਼ਾਤੇ ਇੱਕ ਅਮਲੋਹ ਅਤੇ ਦੋ ਖੰਨਾ 'ਚ ਖੁੱਲ੍ਹਵਾਏ। ਪਿੰਡ ਨਸਰਾਲੀ ਦੀ ਜ਼ਮੀਨ ਦੀ ਰਕਮ 40 ਲੱਖ ਰੁਪਏ ਅਤੇ ਬੁੱਲੇਪੁਰ ਪਿੰਡ ਦੀ 20 ਲੱਖ ਰੁਪਏ ਸੀ, ਕੁੱਲ 60 ਲੱਖ ਰੁਪਏ ਇਨ੍ਹਾਂ ਖ਼ਾਤਿਆਂ 'ਚ ਟਰਾਂਸਫਰ ਹੋਈ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਰਕਾਰੀ ਫੰਡਾਂ ਦੁਰਵਰਤੋਂ ਕੀਤੀ ਗਈ ਹੈ। ਵਿਧਾਇਕ ਨੇ ਕਿਹਾ ਕਿ ਇਸ ਮਾਮਲੇ ਦੀ ਕਾਰਵਾਈ ਮਗਰੋਂ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬੀ. ਡੀ. ਪੀ. ਓ. ਤੋਂ ਇਕ-ਇਕ ਪੈਸਾ ਵਸੂਲਿਆ ਜਾਵੇਗਾ ਅਤੇ ਸਾਰੀਆਂ ਪੇਮੈਂਟਾਂ ਵਾਪਸ ਲਈਆਂ ਜਾਣਗੀਆਂ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8