ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ''ਚ ਵਰਤੀ ਢਿੱਲ ਕਾਰਨ 2 ਥਾਣਾ ਮੁਖੀਆਂ ਸਣੇ 6 ਪੁਲਸ ਮੁਲਾਜ਼ਮ ਸਸਪੈਂਡ

Monday, Jul 09, 2018 - 07:43 AM (IST)

ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ''ਚ ਵਰਤੀ ਢਿੱਲ ਕਾਰਨ 2 ਥਾਣਾ ਮੁਖੀਆਂ ਸਣੇ 6 ਪੁਲਸ ਮੁਲਾਜ਼ਮ ਸਸਪੈਂਡ

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ)– ਸੂਬੇ 'ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਸੂਬਾ ਪੁਲਸ ਨੂੰ ਨਸ਼ਾ ਸਮੱਗਲਰਾਂ ਖਿਲਾਫ ਸਿਕੰਜਾ ਕੱਸਣ ਦੇ ਦਿੱਤੇ ਹੁਕਮਾਂ ਤਹਿਤ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾਂ ਵੱਲੋਂ ਜਾਰੀ ਹਦਾਇਤਾਂ ਅਧੀਨ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਨਾ ਕਰਨ ਵਾਲੇ ਮਾਲੇਰਕੋਟਲਾ ਤੇ ਸ਼ੇਰਪੁਰ ਦੇ 2 ਥਾਣਾ ਮੁੱਖੀਆਂ ਅਤੇ ਚਾਰ ਹੋਰ ਕਰਮਚਾਰੀਆਂ ਨੂੰ ਜ਼ਿਲਾ ਪੁਲਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਸਸਪੈਂਡ ਕਰ ਦਿੱਤਾ ਹੈ।
ਦੇਰ ਸ਼ਾਮ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਸਣੇ ਹੋਰ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਮਾਲੇਰਕੋਟਲਾ ਥਾਣਾ ਸਿਟੀ-2 ਦੇ ਐੱਸ.ਐੱਚ.ਓ. ਨਿਰਮਲ ਸਿੰਘ, ਥਾਣਾ ਮੁਖੀ ਸ਼ੇਰਪੁਰ ਰਾਕੇਸ਼ ਕੁਮਾਰ, ਏ.ਐੱਸ.ਆਈ. ਦਰਸ਼ਨ ਸਿੰਘ ਥਾਣਾ ਸ਼ੇਰਪੁਰ, ਡਰਾਈਵਰ ਹੌਲਦਾਰ ਨਿਰਮਲ ਸਿੰਘ ਥਾਣਾ ਸ਼ੇਰਪੁਰ, ਹੌਲਦਾਰ ਦੀਪਕ ਕੁਮਾਰ ਸ਼ੇਰਪੁਰ ਅਤੇ ਹੌਲਦਾਰ ਕਰਨੈਲ ਸਿੰਘ ਥਾਣਾ ਸ਼ੇਰਪੁਰ ਵੱਲੋਂ ਇਲਾਕੇ 'ਚ ਨਸ਼ਾ ਸਮੱਗਲਰਾਂ ਬਾਰੇ ਸੂਚਨਾ ਮਿਲਣ ਦੇ ਬਾਵਜੂਦ  ਕਾਰਵਾਈ ਕਰਨ 'ਚ ਵਰਤੀ ਢਿੱਲ-ਮੱਠ ਨੂੰ ਗੰਭੀਰਤਾ ਨਾਲ ਲੈਂਦਿਆ ਜ਼ਿਲਾ ਪੁਲਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਸਸਪੈਂਡ ਕਰਦਿਆਂ ਤੁਰੰਤ ਪੁਲਸ ਲਾਈਨ ਸੰਗਰੂਰ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।
ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ 'ਚ ਢਿੱਲ-ਮੱਠ ਵਰਤਣ ਵਾਲੇ ਬਖਸ਼ੇ ਨਹੀਂ ਜਾਣਗੇ : ਐੱਸ.ਐੱਸ.ਪੀ.
ਐੱਸ.ਐੱਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲੇ 'ਚ ਨਸ਼ਾ ਸਮੱਗਲਰਾਂ 'ਤੇ ਸਖਤੀ ਨਾਲ ਸਿਕੰਜਾ ਕਸਿਆ ਹੋਇਆ ਹੈ। ਇਸ ਮੁਹਿੰਮ ਦੌਰਾਨ ਕਈ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਕਰਨ 'ਚ ਢਿੱਲ-ਮੱਠ ਵਰਤਣ ਵਾਲੇ ਕਿਸੇ ਵੀ ਪੁਲਸ ਅਫਸਰ ਜਾਂ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।


Related News